ਭੋਲਾ ਸ਼ਰਮਾ, ਜੈਤੋ : ਕੁੱਲ ਹਿੰਦ ਕਾਂਗਰਸ ਹਾਈਕਮਾਨ ਦੀ ਸਲਾਹ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ 'ਰਾਜਾ ਵੜਿੰਗ' ਵਲੋਂ ਜਾਰੀ ਕੀਤੀ ਗਈ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ 'ਚ ਸੀਨੀਅਰ ਕਾਂਗਰਸੀ ਆਗੂ ਤੇ ਪੀਆਰਟੀਸੀ ਪੰਜਾਬ ਦੇ ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ ਪੁੱਤਰ ਸਾਬਕਾ ਸਿੱਖਿਆ ਮੰਤਰੀ ਸਵ. ਅਵਤਾਰ ਸਿੰਘ ਬਰਾੜ ਫ਼ਰੀਦਕੋਟ ਦੀਆਂ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨੂੰ ਮੁੱਖ ਰਖਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ। ਇਸ ਐਲਾਨ ਨਾਲ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੇ ਹੌਸਲੇ ਬੁਲੰਦ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਮਨਬੀਰ ਸਿੰਘ ਬੱਬੂ ਬਰਾੜ ਮੱਤਾ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਦਵਿੰਦਰਬੀਰ ਸਿੰਘ ਬਰਾੜ ਮੱਤਾ ਅਤੇ ਦੀ ਫ਼ਰੀਦਕੋਟ ਕੇਂਦਰੀ ਸਹਿਕਾਰੀ ਬੈਂਕ ਲਿਮ. ਫ਼ਰੀਦਕੋਟ ਦੇ ਡਾਇਰੈਕਟਰ ਤੇ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਮੱਤਾ ਨੇ ਕੀਤਾ।

ਇਸ ਮੌਕੇ ਕਾਂਗਰਸੀ ਆਗੂਆਂ ਨੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਨਵਦੀਪ ਸਿੰਘ ਬੱਬੂ ਬਰਾੜ ਨੂੰ ਵਧਾਈ ਦਿੰਦਿਆਂ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ, ਸਾਬਕਾ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਬੱਬੂ ਬਰਾੜ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ।

ਉਨ੍ਹਾਂ ਕਿਹਾ ਕਿ ਬੱਬੂ ਬਰਾੜ ਦੇ ਪਿਤਾ ਮਰਹੂਮ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਨੇ ਵੱਖ-ਵੱਖ ਸਨਮਾਨਯੋਗ ਅਹੁਦਿਆਂ 'ਤੇ ਰਹਿ ਕੇ ਪਾਰਟੀ ਦੀ ਲੰਬਾ ਸਮਾਂ ਸੇਵਾ ਕੀਤੀ ਹੈ, ਜਿਸ ਕਰ ਕੇ ਇਲਾਕੇ ਭਰ ਦੇ ਲੋਕ ਇਸ ਪਰਿਵਾਰ ਦੀ ਅਗਵਾਈ 'ਚ ਅੰਤਾਂ ਦਾ ਭਰੋਸਾ ਰੱਖਦੇ ਹਨ। ਮਨਬੀਰ ਸਿੰਘ ਬੱਬੂ ਬਰਾੜ ਮੱਤਾ, ਦਵਿੰਦਰਬੀਰ ਸਿੰਘ ਬਰਾੜ ਮੱਤਾ ਅਤੇ ਜਸਵਿੰਦਰ ਸਿੰਘ ਮੱਤਾ ਨੇ ਕਿਹਾ ਕਿ ਬੱਬੂ ਬਰਾੜ ਪਿਛਲੇ ਕਈ ਸਾਲ ਤੋਂ ਪੂਰੇ ਫ਼ਰੀਦਕੋਟ ਜ਼ਿਲ੍ਹੇ ਵਿਚ ਵਿਚਰ ਰਹੇ ਹਨ ਅਤੇ ਉਹ ਜ਼ਿਲ੍ਹੇ ਦੇ ਹਰ ਪਿੰਡ ਤੇ ਤਿੰਨੇ ਸ਼ਹਿਰਾਂ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਤੋਂ ਭਲੀਭਾਂਤ ਵਾਕਫ਼ ਹਨ। ਬੱਬੂ ਬਰਾੜ ਹੀ ਅਜਿਹੇ ਆਗੂ ਹਨ, ਜੋ ਜ਼ਿਲ੍ਹੇ ਵਿਚ ਹੋ ਰਹੀਆਂ ਆਮ ਆਦਮੀ ਪਾਰਟੀ ਦੀਆਂ ਧੱਕੇਸ਼ਾਹੀਆਂ ਦਾ ਮੂੰਹ ਤੋੜ ਜਵਾਬ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਬੂ ਬਰਾੜ ਦੀ ਯੋਗ ਅਗਵਾਈ ਹੇਠ ਨਜ਼ਦੀਕ ਆ ਰਹੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਫ਼ਰੀਦਕੋਟ ਲੋਕ ਸਭ ਹਲਕੇ 'ਚੋਂ ਇਤਿਹਾਸਕ ਜਿੱਤ ਹੋਵੇਗੀ ਅਤੇ ਪਾਰਟੀ ਹੋਰ ਮਜ਼ਬੂਤ ਹੋ ਕੇ ਨਿਕਲੇਗੀ।