ਲਖਵੀਰ ਸਿੰਘ, ਮੋਗਾ : ਐੱਨਆਰਆਈ ਵਿਅਕਤੀ ਦੀ ਜਮੀਨ, ਕੋਠੀ ਤੇ ਪੈਨਸ਼ਨ ਹੜੱਪਣ ਦੀ ਨੀਯਤ ਨਾਲ ਜਾਅਲੀ ਕਾਗਜਾਤ ਤਿਆਰ ਕਰਨ ਅਤੇ ਉਸ ਦੇ ਦਸਤਾਵੇਜ ਚੋਰੀ ਕਰਨ ਦੇ ਦੋਸ਼ 'ਚ ਪੁਲਿਸ ਵੱਲੋਂ ਸਰਪੰਚ ਸਮੇਤ ਸੱਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਫਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਸਵਰਨ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਮਾਹੀਮਾਛੀਵਾਲਾ ਹਾਲ ਅਬਾਦ ਅਮਰੀਕਾ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਕਿਹਾ ਕਿ ਉਹ ਪਹਿਲਾਂ ਫੌਜ 'ਚ ਨੌਕਰੀ ਕਰਦਾ ਸੀ ਅਤੇ ਪੈਨਸ਼ਨ ਆ ਜਾਣ ਤੋਂ ਪਿੱਛੋਂ ਉਹ ਵਿਦੇਸ਼ ਅਮਰੀਕਾ ਚਲਾ ਗਿਆ। ਮਿਤੀ 1 ਅਗਸਤ 2000 ਨੂੰ ਉਸ ਨੇ ਆਪਣੀ ਪਤਨੀ ਸੁਖਵੰਤ ਕੌਰ ਨੂੰ ਤਲਾਕ ਦੇ ਦਿੱਤਾ ਅਤੇ ਆਪਣੇ ਭਰਾ ਗੁਰਚਰਨ ਸਿੰਘ ਦਾ ਲੜਕਾ ਰੇਸ਼ਮ ਸਿੰਘ ਗੋਦ ਲੈ ਲਿਆ। ਜਿਸ ਸਬੰਧੀ ਉਸ ਨੇ ਕੋਈ ਲਿਖ ਲਿਖਾਈ ਨਹੀਂ ਕਰਵਾਈ। ਰੇਸ਼ਮ ਸਿੰਘ ਦਾ ਜਨਮ 1 ਦਸੰਬਰ 1986 ਨੂੰ ਮਾਤਾ ਪਰਮਜੀਤ ਕੌਰ ਦੇ ਕੁੱਖੋਂ ਹੋਇਆ ਸੀ। ਪਰ ਗੁਰਚਰਨ ਸਿੰਘ, ਰੇਸ਼ਮ ਸਿੰਘ ਵਾਸੀਆਨ ਮਾਹੀਮਾਛੀਵਾਲਾ, ਸੁਰਜੀਤ ਸਿੰਘ ਵਾਸੀ ਲੋਪੋਂ ਜ਼ਿਲ੍ਹਾ ਫਿਰੋਜਪੁਰ, ਪਿਆਰਾ ਸਿੰਘ ਵਾਸੀ ਕੜਮਾ ਜ਼ਿਲ੍ਹਾ ਫਿਰੋਜਪੁਰ, ਗੁਰਦੇਵ ਸਿੰਘ ਵਾਸੀ ਬੱਲੋਕੇ ਜ਼ਿਲ੍ਹਾ ਫਿਰੋਜਪੁਰ, ਜੰਗੀਰ ਕੌਰ ਵਾਸੀ ਬੱਲੋਕੇ ਜ਼ਿਲ੍ਹਾ ਫਿਰੋਜਪੁਰ ਅਤੇ ਸਰਪੰਚ ਦਲਜੀਤ ਸਿੰਘ ਵਾਸੀ ਮਾਹੀਮਾਛੀਵਾਲਾ ਨੇ ਸਾਜਬਾਜ ਹੋਕੇ ਰੇਸ਼ਮ ਸਿੰਘ ਦਾ ਜਨਮ ਮਾਤਾ ਸੁਖਵੰਤ ਕੌਰ ਦੀ ਕੁੱਖੋ ਮਿਤੀ 1 ਅਗਸਤ 1985 ਬਣਾ ਕੇ ਜਾਅਲੀ ਕਾਗਜਾਤ ਤਿਆਰ ਕਰ ਲਏ। ਉਸ ਦੀ ਪਤਨੀ ਸੁਖਵੰਤ ਕੌਰ ਦੀ ਮੌਤ ਮਿਤੀ 30 ਜੁਲਾਈ 2014 ਨੂੰ ਹੋ ਗਈ ਸੀ। ਉਕਤ ਵਿਅਕਤੀਆਂ ਨੇ ਉਸ ਦੀ ਜਗਾ 'ਤੇ ਹੋਰ ਕੋਈ ਵਿਅਕਤੀ ਖੜਾ ਕਰਕੇ, ਉਸ ਨੂੰ ਸਵਰਨ ਸਿੰਘ ਦੱਸ ਕੇ, ਉਸ ਦੀ ਜਮੀਨ, ਕੋਠੀ ਅਤੇ ਪੈਨਸ਼ਨ ਹੜੱਪਣ ਦੀ ਨੀਯਤ ਨਾਲ ਜਾਅਲੀ ਕਾਗਜਾਤ ਤਿਆਰ ਕਰ ਲਏ ਅਤੇ ਉਸ ਦੀ ਜਮੀਨ ਦੇ, ਪੈਨਸ਼ਨ ਦੇ ਅਤੇ ਹੋਰ ਜਰੂਰੀ ਕਾਗਜਾਤ ਚੋਰੀ ਕਰ ਲਏ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਡੀਐੱਸਪੀ ਧਰਮਕੋਟ ਪਾਸੋਂ ਕਰਵਾਉਣ ਉਪਰੰਤ ਉਕਤ ਵਿਅਕਤੀਆਂ ਖਿਲਾਫ ਥਾਣਾ ਫਤਿਗੜ੍ਹ ਪੰਜਤੂਰ 'ਚ ਮਾਮਲਾ ਦਰਜ ਕਰ ਲਿਆ ਹੈ।