ਹਰਪ੍ਰਰੀਤ ਸਿੰਘ ਚਾਨਾ, ਫਰੀਦਕੋਟ : ਬਾਬਾ ਫਰੀਦ ਆਗਮਨ ਪੁਰਬ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਏ ਗਏ ਬੋਰਡਾਂ ਅਤੇ ਸੂਚਨਾਵਾਂ ਵਿਚ ਮਾਂ ਬੋਲੀ ਪੰਜਾਬੀ ਨੂੰ ਵਿਸਾਰ ਕੇ ਅੰਗਰੇਜ਼ੀ ਭਾਸ਼ਾ ਨੂੰ ਦਿੱਤੀ ਗਈ ਪ੍ਰਮੁੱਖਤਾ ਦਾ ਜਿੱਥੇ ਪੰਜਾਬੀ ਪਿਆਰੇ ਵਿਰੋਧ ਕਰ ਰਹੇ ਹਨ, ਉੱਥੇ ਕੁਝ ਸੁਹਿਰਦ ਪੰਜਾਬੀਆਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਚਿਤਾਵਨੀ ਵੀ ਦੇ ਦਿੱਤੀ ਹੈ। ਇਸ ਸਬੰਧੀ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰਰੀਤ ਸਿੰਘ ਚੰਦਬਾਜਾ, ਗੁਰਸੇਵਕ ਸਿੰਘ ਭਾਣਾ, ਦਵਿੰਦਰ ਸਿੰਘ ਸੇਖੋਂ, ਜਗਤਾਰ ਸਿੰਘ ਗਿੱਲ, ਦਲੇਰ ਸਿੰਘ ਡੋਡ ਆਦਿ ਨੇ ਕਿਹਾ ਕਿ ਲਗਾਤਾਰ 10 ਸਾਲ ਅਕਾਲੀ-ਭਾਜਪਾ ਗਠਜੋੜ ਸਰਕਾਰ ਅਤੇ ਫਿਰ ਕਾਂਗਰਸ ਸਰਕਾਰ ਨੇ ਮਾਂ ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਪਰ ਆਮ ਆਦਮੀ ਪਾਰਟੀ ਨੇ ਉਕਤ ਸਰਕਾਰਾਂ ਦੀ ਮਾਂ ਬੋਲੀ ਪ੍ਰਤੀ ਬੇਰੁਖੀ ਕਾਰਨ ਬਹੁਤ ਆਲੋਚਨਾ ਕੀਤੀ ਕਿਉਂਕਿ ਪੰਜਾਬੀ ਬੋਲੀ ਦੇ ਪਹਿਲੇ ਮਹਾਕਵੀ ਬਾਬਾ ਫਰੀਦ ਜੀ ਪ੍ਰਤੀ ਕੀਤਾ ਗਿਆ ਅੰਗਰੇਜ਼ੀ ਵਿਚ ਪ੍ਰਚਾਰ ਇਲਾਕਾ ਵਾਸੀਆਂ ਨੂੰ ਬਹੁਤ ਚੁੱਭ ਰਿਹਾ ਹੈ, ਉਕਤ ਮਾਮਲੇ ਦਾ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ 'ਚੋਂ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਇੰਨੀ ਹੋਸ਼ ਨਾ ਰਹੀ ਕਿ ਸ੍ਰੀ ਗੁਰੂ ਗੰ੍ਥ ਸਾਹਿਬ ਵਿਚਲੇ ਸਭ ਤੋਂ ਪੁਰਾਤਨ ਕਵੀ ਦੀਆਂ ਸਿੱਖਿਆਵਾਂ ਅਤੇ ਬਾਣੀ ਦਾ ਸਤਿਕਾਰ ਕਰਦੇ ਮਿੱਠੀ ਮਾਂ ਬੋਲੀ ਪੰਜਾਬੀ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਲੱਗ ਰਹੇ ਇਸ ਮੇਲੇ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਨੂੰ ਉਨ੍ਹਾਂ ਬਾਰੇ ਜਾਣਕਾਰੀ ਦੇਣ ਲਈ ਪੰਜਾਬੀ ਦੀ ਥਾਂ ਅੰਗਰੇਜ਼ੀ ਵਿਚ ਬੋਰਡ ਲਟਕਾਏ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਾ ਤਾਂ ਭਾਸ਼ਾ ਵਿਭਾਗ ਨੇ ਕੋਈ ਨੋਟਿਸ ਲਿਆ ਹੈ ਅਤੇ ਨਾ ਹੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਇਸ ਪਾਸੇ ਧਿਆਨ ਦਿੱਤਾ ਹੈ, ਜਦੋਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਸਾਰੇ ਪ੍ਰਸ਼ਾਸਨਿਕ ਕੰਮ ਅਤੇ ਪੋ੍ਗਰਾਮ ਪੰਜਾਬੀ ਭਾਸ਼ਾ 'ਚ ਹੋਣਗੇ। ਸ਼ਾਇਦ ਲੱਗਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦਾ ਕੋਈ ਫਿਕਰ ਨਹੀਂ ਰਿਹਾ। ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਲਟਕਾਏ ਗਏ ਜਾਣਕਾਰੀ ਬੋਰਡਾਂ 'ਚ ਪੰਜਾਬੀ ਦੀ ਥਾਂ ਅੰਗਰੇਜ਼ੀ 'ਚ ਲੋਕ ਨਾਚ ਨੂੰ ਫੋਕ ਡਾਂਸ, ਡਰਾਮਾ ਫੈਸਟੀਵਲ, ਸੂਫੀਆਨਾ ਸ਼ਾਮ ਅਤੇ ਕਰਾਫਟ ਮੇਲੇ ਨੂੰ ਹੂਨਰ ਹਾਟ ਦਾ ਨਾਂ ਦਿੱਤਾ ਗਿਆ ਹੈ। ਪ੍ਰਧਾਨ ਗੁਰਪ੍ਰਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਪਟਿਆਲੇ ਤੋਂ ਵਿਸ਼ੇਸ਼ ਤੌਰ 'ਤੇ ਕਵੀ ਦਰਬਾਰ 'ਚ ਸ਼ਾਮਿਲ ਹੋਣ ਲਈ ਆਏ ਸਨ, ਉਨ੍ਹਾਂ ਨੇ ਵੀ ਪੰਜਾਬੀ ਦੀ ਥਾਂ ਅੰਗਰੇਜ਼ੀ ਵਾਲੇ ਬੋਰਡਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਇਸ ਗਲਤੀ ਲਈ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰ ਅਤੇ ਭਾਸ਼ਾ ਵਿਭਾਗ ਦੀ ਡਾਇਰੈਕਟਰ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਉਕਤ ਕਾਰਵਾਈ ਨੂੰ ਰਾਜ ਭਾਸ਼ਾ ਐਕਟ ਦੀ ਉਲੰਘਣਾ ਕਰਾਰ ਦਿੰਦਿਆਂ ਆਖਿਆ ਕਿ ਉਹ ਮਾਂ ਬੋਲੀ ਪੰਜਾਬੀ ਦੇ ਮਾਣ ਸਤਿਕਾਰ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਵੀ ਗੁਰੇਜ ਨਹੀਂ ਕਰਨਗੇ।