ਹਰਪ੍ਰੀਤ ਸਿੰਘ ਚਾਨਾ, ਫਰੀਦਕੋਟ : ਬਹਿਬਲ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ’ ਦੀ ਅਗਵਾਈ ਵਿੱਚ ਅੱਜ ਅੰਮ੍ਰਿਤਸਰ-ਬਠਿੰਡਾ ਰਾਸ਼ਟਰੀ ਰਾਜ ਮਾਰਗ ’ਤੇ ਸਥਿੱਤ ਜੀਦਾ ਟੋਲ ਪਲਾਜ਼ਾ ਫੀਸ ਮੁਕਤ ਕਰਦਿਆਂ ਟੀਮ ਨੇ ਬੇਅਦਬੀ ਕਾਂਡ ਦੇ ਇਨਸਾਫ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਵਾਲਾ ਫਲੈਕਸ ਲਾਉਂਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਸਿੱਖ ਸੰਗਤਾਂ ਨੂੰ ਇਨਸਾਫ ਨਹੀਂ ਮਿਲੇਗਾ, ਉਦੋਂ ਤੱਕ ਟੋਲ ਪਲਾਜ਼ਾ ਦੇ ਪ੍ਰਬੰਧਕ ਕਿਸੇ ਵੀ ਵਾਹਨ ਚਾਲਕ ਦੀ ਪਰਚੀ ਨਹੀਂ ਕੱਟਣਗੇ, ਕਿਉਂਕਿ ਇਹ ਰਸਤਾ ਬੰਦ ਹੋਣ ਦੇ ਬਾਵਜੂਦ ਬਠਿੰਡਾ,ਅੰਮ੍ਰਿਤਸਰ ਸ਼ਹਿਰਾਂ ਵਿੱਚ ਜਾਣ ਵਾਲੇ ਅਨੇਕਾਂ ਵਾਹਨ ਚਾਲਕਾਂ ਨੂੰ ਇਕ ਤੋਂ ਵੱਧ ਵਾਰ ਟੋਲ ਟੈਕਸ ਕਟਾਉਣਾ ਪੈ ਰਿਹਾ ਹੈ।

ਇਸ ਮੌਕੇ ਉਹਨਾਂ ਨਾਲ ਬੀਕੇਯੂ ਏਕਤਾ ਫਤਹਿ ਯੂਨੀਅਨ ਦੇ ਪ੍ਰਧਾਨ ਮਾ ਹਰਜਿੰਦਰ ਸਿੰਘ ਹਰੀਨੌਂ ਅਤੇ ਬਲਦੇਵ ਸਿੰਘ ਸਿਰਸਾ,ਗੁਰਪ੍ਰਤਾਪ ਸਿੰਘ ਖਾਲਸਾ,ਗੁਰਪ੍ਰੀਤ ਸਿੰਘ ਹਰੀਨੌ ਸਮੇਤ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ। ਸੁਖਰਾਜ ਸਿੰਘ ਨਿਆਮੀਵਾਲਾ ਨੇ ਦੱਸਿਆ ਕਿ ਉਹਨਾਂ ਦੀ ਮਨਸ਼ਾ ਕਿਸੇ ਵੀ ਵਾਹਨ ਚਾਲਕ, ਰਾਹਗੀਰ, ਦੁਕਾਨਦਾਰ ਜਾਂ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਨਹੀਂ, ਬਲਕਿ ਉਹ ਬੇਅਦਬੀ ਕਾਂਡ ਦੇ ਇਨਸਾਫ ਲਈ ਸਮੂਹ ਸੰਗਤਾਂ ਦੇ ਸਹਿਯੋਗ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਬੇਅਦਬੀ ਮਾਮਲਿਆਂ ਦਾ ਇਨਸਾਫ ਦਿਵਾਉਣ ਲਈ ਸੁਹਿਰਦ ਹੁੰਦੀ ਤਾਂ ਹੁਣ ਤੱਕ ਗੋਲੀਕਾਂਡ ਮਾਮਲਿਆਂ ਦੀਆਂ ਚਲਾਨ ਰਿਪੋਰਟਾਂ ਅਦਾਲਤ ਵਿੱਚ ਪੇਸ਼ ਹੋ ਜਾਣੀਆਂ ਸਨ ਪਰ ਜੇਕਰ ਅਜੇ ਤੱਕ ਚਲਾਨ ਰਿਪੋਰਟਾਂ ਹੀ ਪੇਸ਼ ਨਹੀਂ ਕੀਤੀਆਂ ਗਈਆਂ ਤਾਂ ਇਨਸਾਫ ਦੀ ਕਿਵੇਂ ਆਸ ਰੱਖੀ ਜਾ ਸਕਦੀ ਹੈ?।

Posted By: Jagjit Singh