ਹਰਪ੍ਰੀਤ ਸਿੰਘ ਚਾਨਾ, ਫਰੀਦਕੋਟ : ਬੇਅਦਬੀ ਤੇ ਗੋਲ਼ੀਕਾਂਡ ਦੇ ਇਨਸਾਫ਼ ਲਈ ਕੀਤੇ ਗਏ ਸਿੱਖ ਜਥੇਬੰਦੀਆਂ ਦੇ ਵੱਡੇ ਇਕੱਠ ’ਚ ਬਹਿਬਲ ਗੋਲ਼ੀਕਾਂਡ ’ਚ ਸ਼ਹੀਦ ਹੋਏ ਕਿ੍ਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਤੇ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਤੋਂ ਇਲਾਵਾ ਬਹਿਬਲ ਮੋਰਚੇ ਦੇ ਆਗੂਆਂ ਨੇ ਐਲਾਨ ਕਰ ਦਿੱਤਾ ਕਿ ਅੱਜ ਸਹਿਜ ਪਾਠ ਆਰੰਭ ਹੋ ਗਏ ਹਨ, ਜਿਨ੍ਹਾਂ ਦੇ ਭੋਗ 1 ਸਤੰਬਰ ਨੂੰ ਪਾਏ ਜਾਣਗੇ। ਉਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ। ਉਸ ਦਿਨ ਅਗਲੇ ਸੰਘਰਸ਼ ਦੀ ਰੂਪ ਰੇਖਾ ਦਾ ਫੈਸਲਾ ਹੋਵੇਗਾ। ਸਾਰਾ ਸੰਘਰਸ਼ ਅਨੁਸ਼ਾਸ਼ਨਮਈ ਤੇ ਸ਼ਾਂਤਮਈ ਰੱਖਣ ਦਾ ਫੈਸਲਾ ਵੀ ਕੀਤਾ ਗਿਆ।

ਇਸ ਮੌਕੇ ਪੀੜਤ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਇਸ ਮੰਚ ਤੋਂ ਕਿਸੇ ਖ਼ਿਲਾਫ਼ ਦੂਸ਼ਣਬਾਜੀ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਸਰਕਾਰ ਨਾਲ ਗੱਲਬਾਤ ਸੰਗਤ ਦੀ ਹਾਜ਼ਰੀ ਵਿੱਚ ਹੋਵੇਗੀ। ਮੋਰਚੇ ਦਾ ਲੁਕਵਾਂ ਏਜੰਡਾ ਕੋਈ ਨਹੀਂ, ਸਭ ਕੁਝ ਪਾਰਦਰਸ਼ੀ ਅਤੇ ਸੰਗਤ ਦੇ ਸਾਹਮਣੇ ਰੱਖਿਆ ਜਾਵੇਗਾ। ਉਹਨਾਂ ਆਖਿਆ ਕਿ ਹਿੰਦ-ਪਾਕਿ ਵੰਡ ਦੇ ਦੁਖਾਂਤ ਲਈ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਵਲੋਂ 16 ਅਗਸਤ ਦਾ ਦਿਨ ਚੁਣਨਾ, ਅੱਜ ਵਾਲੇ ਬਹਿਬਲ ਮੋਰਚੇ ਵਾਲੇ ਇਕੱਠ ਨੂੰ ਪ੍ਰਭਾਵਿਤ ਕਰਨ ਦੀ ਇਕ ਸਾਜਿਸ਼ ਸੀ, ਕਿਉਂਕਿ ਉਕਤ ਦੁਖਾਂਤ ਸਬੰਧੀ ਕਿਸੇ ਹੋਰ ਦਿਨ ਜਾਂ 15 ਅਗਸਤ ਵਾਲੇ ਦਿਨ ਦੀ ਵੀ ਚੋਣ ਕੀਤੀ ਜਾ ਸਕਦੀ ਸੀ। ਅਕਾਲੀ-ਭਾਜਪਾ ਸਰਕਾਰ, ਕੈਪਟਨ ਸਰਕਾਰ, ਚੰਨੀ ਸਰਕਾਰ, ਮੌਜੂਦਾ ਸੱਤਾਧਾਰੀ ਧਿਰ ਨੂੰ ਵੀ ਤਿੱਖੇ ਨਿਸ਼ਾਨੇ ’ਤੇ ਰੱਖਿਆ ਗਿਆ। ਬਹਿਬਲ ਮੋਰਚੇ ਵਿੱਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵੀ ਪੁੱਜੇ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਸੰਬੋਧਨ ਕੀਤੇ ਬਿਨਾਂ ਹੀ ਉੱਥੋਂ ਚਲੇ ਗਏ। ਸੁਖਪਾਲ ਸਿੰਘ ਖਹਿਰਾ ਵਿਧਾਇਕ ਕਾਂਗਰਸ ਨੇ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਵਾਪਰੇ ਗੋਲ਼ੀਕਾਂਡ ਲਈ ਬਾਦਲਾਂ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਬਾਕਾਇਦਾ ਨਾਮ ਲੈ ਕੇ ਦੋਸ਼ ਲਾਇਆ ਕਿ ਉਕਤ ਕਾਂਡਾਂ ਲਈ ਚਾਰ ਵਿਅਕਤੀ ਹੀ ਮੁੱਖ ਤੌਰ ’ਤੇ ਕਸੂਰਵਾਰ ਹਨ।

ਬਲਜਿੰਦਰ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਜਿਊਣ ਵਾਲਾ, ਹਰਤੇਜ ਕੌਰ, ਬਲਵਿੰਦਰ ਸਿੰਘ ਰੋਡੇ,ਚਰਨਜੀਤ ਸਿੰਘ ਚੰਨੀ ਰੋਡੇ,ਨੋਬਲਜੀਤ ਸਿੰਘ ਪ੍ਰਧਾਨ,ਗੁਰਸੇਵਕ ਸਿੰਘ ਜਵਾਹਰ ਕੇ,ਬਾਬਾ ਰਾਜਾ ਰਾਜ ਸਿੰਘ ਅਰਬਾਂ-ਖਰਬਾਂ, ਗੁਰਪ੍ਰੀਤ ਸਿੰਘ, ਬਾਬਾ ਬਖਸ਼ਸ਼ੀ ਸਿੰਘ, ਐਡਵੋਕੇਟ ਹਰਪਾਲ ਸਿੰਘ ਖਾਰਾ, ਸਤਨਾਮ ਸਿੰਘ ਖੰਡਾ,ਪਰਮਿੰਦਰ ਸਿੰਘ, ਗੁਰਚਰਨ ਸਿੰਘ, ਗਿਆਨੀ ਕੇਵਲ ਸਿੰਘ,ਭੁਪਿੰਦਰ ਸਿੰਘ ਸਾਹੋਕੇ,ਨਿਰਮਲ ਸਿੰਘ ਖਾਲਸਾ,ਗਮ੍ਦੂਰ ਸਿੰਘ,ਬਲਦੇਵ ਸਿੰਘ ਖਾਲਸਾ ਆਦਿ ਬੁਲਾਰਿਆਂ ਨੇ ਕਿਹਾ ਕਿ ਸਿੱਖ ਨੌਜਵਾਨਾਂ 'ਤੇ ਅੱਤਿਆਚਾਰ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਸਰਕਾਰਾਂ ਨੇ ਤਰੱਕੀਆਂ ਦਿੱਤੀਆਂ।

Posted By: Jagjit Singh