ਪ੍ਰਦੀਪ ਕੁਮਾਰ ਸਿੰਘ, ਫਰੀਦਕੋਟ : ਸੂਬੇ ਦੀ ਧਾਰਮਿਕ ਤੇ ਸਿਆਸੀ ਸਿਆਸਤ 'ਚ ਭੂਚਾਲ ਲਿਆਉਣ ਵਾਲੇ ਬਰਗਾੜੀ ਬੇਅਦਬੀ ਕਾਂਡ ਨੂੰ ਪੰਜ ਸਾਲ ਪੂਰੇ ਹੋਣ ਵਾਲੇ ਹਨ। ਸੀਬੀਆਈ, ਦੋ ਜਸਟਿਸ ਕਮਿਸ਼ਨਰ, ਐੱਸਆਈਟੀ ਦੀ ਜਾਂਚ ਦੇ ਬਾਵਜੂਦ ਹਾਲੇ ਤਕ ਬਰਗਾੜੀ ਕਾਂਡ ਦੇ ਮੁੱਖ ਦੋਸ਼ੀਆਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਬਰਗਾੜੀ ਬੇਅਦਬੀ ਕਾਂਡ ਦੀ ਜਾਂਚ 'ਚ ਡੇਢ ਸਾਲ ਦਾ ਸ਼੍ਰੋਅਦ-ਭਾਜਪਾ ਗਠਜੋੜ ਕੇ ਸਵਾ ਤਿੰਨ ਸਾਲ ਤੋਂ ਵੱਧ ਵਰਤਮਾਨ ਕਾਂਗਰਸ ਸਰਕਾਰ ਦਾ ਕਾਰਜਕਾਲ ਸ਼ਾਮਲ ਹੈ। ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਦੀ ਸਰਗਰਮੀ ਨਾਲ ਲੋਕਾਂ 'ਚ ਆਸ ਬੱਝੀ ਦਿਸ ਰਹੀ ਹੈ ਕਿ ਸ਼ਾਦ ਹੁਣ ਮੁੱਖ ਦੋਸ਼ੀਆਂ ਦਾ ਪਰਦਾਫਾਸ਼ ਹੋ ਸਕੇ।

ਗੋਲੀਕਾਂਡ ਦੀ ਜਾਂਚ ਲਈ ਗਠਿਤ ਐੱਸਆਈਟੀ ਤੇ ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਵੱਲੋਂ 17 ਜੂਨ ਤੋਂ ਲੈ ਕੇ 4 ਜਲਾਈ ਦੌਰਾਨ ਦੱਸ ਲੋਕਾਂ ਦੀ ਗਿ੍ਫ਼ਤਾਰੀ ਕੀਤੀ ਜਾ ਚੁੱਕੀ ਹੈ, ਜਿਨਾਂ 'ਚ ਦੋ ਬਹਿਬਲ ਕਲਾਂ ਗੋਲੀ ਕਾਂਡ, ਇਕ ਕੋਟਕਪੂਰਾ ਗੋਲੀਕਾਂਡ ਜਦਕਿ ਸੱਤ ਡੇਰਾ ਪ੍ਰੇਮੀਆਂ ਨੂੰ ਬੇਅਦਬੀ ਕਾਂਡ 'ਚ 4 ਜੁਲਾਈ ਦੀ ਸਵੇਰੇ ਗਿ੍ਫਤਾਰ ਕੀਤਾ ਸੀ।

ਗੋਲੀਕਾਂਡ ਦੀ ਜਾਂਚ ਆਈਜੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਅੱਗੇ ਵਧਾਈ ਜਾ ਰਹੀ ਹੈ ਤਾਂ ਬੇਅਦਬੀ ਮਾਮਲੇ 'ਚ ਸਬੰਧਤ ਤਿੰਨ ਘਟਨਾਵਾਂ (ਪਾਵਨ ਸਰੂਪ ਚੋਰੀ ਕਰਨ, ਪੋਸਟਰ ਲਗਾਉਣ ਤੇ ਬੇਅਦਬੀ ਕਰਨ) ਦੀ ਜਾਂਚ ਡੀਆਈਜੀ ਰਣਬੀਰ ਸਿੰਘ ਖਟੜਾ ਵੱਲੋਂ ਕੀਤੀ ਜਾ ਰਹੀ ਹੈ। 4 ਜੁਲਾਈ ਨੂੰ ਸੱਤ ਡੇਰਾ ਪ੍ਰੇਮੀਆਂ ਦੀ ਗਿ੍ਫਤਾਰੀ ਤੋਂ ਪਹਿਲਾਂ ਇਸ ਮਾਮਲੇ 'ਚ ਕੋਟਕਪੂਰਾ ਦੇ ਮਹਿੰਦਰਪਾਲ ਬਿੱਟੂ ਸਮੇਤ ਦਸ ਡੇਰਾ ਪ੍ਰੇਮੀਆਂ ਨੂੰ ਗਿ੍ਫਤਾਰ ਕੀਤਾ ਜਾ ਚੁੱਕਿਆ ਹੈ।

ਪੰਜ ਸਾਲ ਪਹਿਲਾਂ 12 ਅਕਤੂਬਰ 2015 ਨੂੰ ਪਿੰਡ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਸਾਹਮਣੇ ਆਇਆ ਸੀ। ਇਸ ਘਟਨਾ ਨਾਲ ਸਿੱਖ ਸਿੱਖ ਸੰਗਤ 'ਚ ਵੱਡੇ ਪੱਧਰ 'ਤੇ ਸੋਗ ਦੀ ਲਹਿਰ ਦੌੜ ਗਈ ਸੀ। ਇਸ ਖ਼ਿਲਾਫ਼ ਪੂਰੇ ਸੂਬੇ 'ਚ ਥਾਂ-ਥਾਂ ਰੋਸ ਪ੍ਰਦਰਸ਼ਨ ਹੋਏ ਤੇ ਸੂਬੇ ਦੀਆਂ ਸਾਰੀਆਂ ਮੁੱਖ ਸੜਕਾਂ 'ਤੇ ਚੱਕਾ ਜਾਮ ਕੀਤਾ ਗਿਆ।

ਲੋਕਾਂ 'ਚ ਗੱਲ ਨੂੰ ਲੈ ਕੇ ਰੋਸ ਸੀ ਕਿ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੇ ਘਟਨਾ ਤੋਂ ਲਗਪਗ ਸਾਢੇ ਤਿੰਨ ਮਹੀਨੇ ਪਹਿਲਾਂ ਪਹਿਲੀ ਜੂਨ 2015 ਨੂੰ ਬਰਗਾੜੀ ਨਾਲ ਲੱਗਦੇ ਪਿੰਡ ਬੁਰਜ ਜਵਾਹਰ ਸਿੰਘ ਵਾਲੇ ਦੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਗ੍ੰਥ ਦਾ ਸਵਰੂਪ ਚੋਰੀ ਕੀਤਾ ਤੇ ਇਸ ਤੋਂ ਬਾਅਦ 24-25 ਸਤੰਬਰ 2015 ਦੀ ਰਾਤ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ 'ਚ ਹੀ ਗੁਰਦੁਆਰਾ ਸਾਹਿਬ ਦੇ ਬਾਹਰ ਅਸ਼ਲੀਲ ਸ਼ਬਦਾਵਲੀ ਵਾਲਾ ਪੋਸਟਰ ਲਾ ਕੇ ਪੁਲਿਸ ਪ੍ਰਸ਼ਾਸਨ ਤੇ ਸਿੱਖ ਸੰਗਤ ਨੂੰ ਚੁਣੌਤੀ ਦਿੱਤੀ ਸੀ।

ਪੁਲਿਸ ਪਵਿੱਤਰ ਗ੍ੰਥ ਸਾਹਿਬ ਦੇ ਚੋਰੀ ਤੇ ਪੋਸਟਰ ਮਾਮਲੇ 'ਚ ਕੋਈ ਸੁਰਾਗ ਨਹੀਂ ਲੱਭ ਪਾਈ ਤੇ ਪੋਸਟਰ ਲਗਾਉਣ ਦੀ ਘਟਨਾ ਦੇ 18 ਦਿਨ ਬਾਅਦ ਹੀ ਬਰਗਾੜੀ 'ਚ ਪਵਿੱਤਰ ਗ੍ੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ। ਇਸ ਮਾਮਲੇ ਨੇ ਉਸ ਵੇਲੇ ਹੋਰ ਤੂਲ ਫੜ ਲਿਆ ਜਦੋਂ 14 ਅਕਤੂਬਰ 2015 ਨੂੰ ਬਰਗਾੜੀ ਨਾਲ ਹੀ ਲੱਗੇ ਪਿੰਡ ਬਹਿਬਲ ਕਲਾਂ 'ਚ ਬੇਅਦਬੀ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਸ਼ਾਂਤੀਪੂਰਨ ਧਰਨੇ ਨੂੰ ਚੁਕਵਾਉਣ ਲਈ ਪੁਲਿਸ ਨੇ ਸਿੱਧੀ ਫਾਇਰਿੰਗ ਕਰ ਦਿੱਤੀ, ਜਿਸ 'ਚ ਦੋ ਸਿੱਖ ਨੌਜਵਾਨਾਂ ਪਿੰਡ ਨਿਆਮੀਵਾਲਾ ਦੇ ਕਿਸ਼ਨ ਭਗਵਾਨ ਸਿੰਘ ਤੇ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਦੀ ਮੌਤ ਹੋ ਗਈ। ਹਾਲਾਂਕਿ ਇਸ ਘਟਨਾ ਤੋਂ ਪਹਿਲਾਂ ਇਸੇ ਦਿਨ ਕੋਟਕਪੁਰਾ ਦੇ ਮੁੱਖ ਚੌਕ 'ਚ ਵੀ ਚੱਲ ਰਹੇ ਰੋਸ ਧਰਨੇ ਨੂੰ ਪੁਲਿਸ ਨੇ ਜ਼ਬਰੀ ਚੁੱਕਵਾਇਆ ਤੇ ਪੁਲਿਸ ਦੇ ਲਾਠੀਚਾਰਜ ਤੇ ਫਾਇਰਿੰਗ 'ਚ ਲਗਪਗ 100 ਲੋਕ ਜ਼ਖ਼ਮੀ ਹੋਏ।

ਘਟਨਾਵਾਂ ਦੇ ਪਹਿਲੇ ਦੌਰ 'ਚ ਜਾਂਚ ਦਾ ਕੰਮ ਪੰਜਾਬ ਪੁਲਿਸ ਨੇ ਸੰਭਾਲਿਆ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਘਟਨਾ ਸਾਹਮਣੇ ਆਉਣ 'ਤੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 15 ਅਕਤੂਬਰ ਨੂੰ ਕੇਸ ਦੀ ਜਾਂਚ ਲਈ ਪੰਜਾਬ ਪੁਲਿਸ ਦੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਪ੍ਰਧਾਨਗੀ 'ਚ ਐੱਸਆਈਟੀ ਬਣਾਉਣ ਤੇ ਪੂਰੇ ਮਾਮਲੇ ਦੀ ਨਿਆਂਇਕ ਜਾਂਚ ਲਈ ਪੰਜਾਬ-ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਜ਼ੋਰਾ ਸਿੰਘ ਦੀ ਪ੍ਰਧਾਨਗੀ 'ਚ ਨਿਆਇਕ ਕਮਿਸ਼ਨ ਦਾ ਗਠਨ ਕਰਵਾਇਆ। ਅਗਲੇ ਦਿਨ 16 ਅਕਤੂਬਰ ਨੂੰ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 14 ਅਕਤੂਬਰ ਦੀਆਂ ਘਟਨਾਵਾਂ ਬਾਰੇ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਦਾ ਐਲਾਨ ਕੀਤਾ। ਐੱਸਆਈਟੀ ਵੱਲੋਂ ਕਿਸੇ ਨਤੀਜੇ 'ਤੇ ਨਾ ਪੁੱਜਣ ਕਾਰਨ ਸੂਬਾ ਸਰਕਾਰ ਵੱਲੋਂ ਨਵੰਬਰ 2015 ਨੂੰ ਇਹ ਮਾਮਲਾ ਕੇਂਦਰੀ ਜਾਂਚ ਏਜੰਸੀ ਸੀਬੀਆਈ ਹਵਾਲੇ ਕਰ ਦਿੱਤਾ। ਲੰਬੀ ਛਾਣਬੀਣ ਤੋਂ ਬਾਅਦ ਸੀਬੀਆਈ ਵੀ ਇਸ ਮਾਮਲੇ 'ਚ ਕੋਈ ਸੁਰਾਗ ਨਾ ਲੱਭ ਸਕੀ। ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਵੀ ਜਾਂਚ ਤੋਂ ਬਾਅਦ 30 ਜੂਨ 2016 ਨੂੰ ਆਪਣੀ ਰਿਪੋਰਟ ਸੂਬਾ ਸਰਕਾਰ ਨੂੰ ਸੌਂਪ ਦਿੱਤੀ।

ਨਿਆਇਕ ਕਮਿਸ਼ਨ ਦਾ ਵੀ ਗਠਨ ਕੀਤਾ ਗਿਆ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਗਏ ਵਾਅਦੇ ਅਨੁਸਾਰ ਆਪਣੀ ਸਰਕਾਰ ਬਣਨ ਦੇ ਕੁਝ ਦਿਨਾਂ ਬਾਅਦ 14 ਅਪ੍ਰਰੈਲ 2017 'ਚ ਹਾਈਕੋਰਟ ਦੇ ਸਾਬਕਾ ਜਸਟਿਸ ਰਣਜੀਤ ਸਿੰਘ ਦੀ ਪ੍ਰਧਾਨਗੀ 'ਚ ਬੇਅਦਬੀ ਮਾਮਲੇ ਦੀ ਜਾਂਚ ਲਈ ਨਿਆਇਕ ਕਮਿਸ਼ਨ ਦਾ ਗਠਨ ਕੀਤਾ, ਕਮਿਸ਼ਨ ਨੇ ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਘਟਨਾਵਾਂ ਸਮੇਤ ਸੂਬੇ 'ਚ ਹੋਈਆਂ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਦੀ ਜਾਂਚ ਕਰਨ ਤੋਂ ਬਾਅਦ 16 ਅਗਸਤ 2018 ਨੂੰ ਆਪਣੀ ਵਿਸਥਾਰਪੂਰਵਕ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ। ਇਸ ਰਿਪੋਰਟ ਨੂੰ ਪੰਜਾਬ ਸਰਕਾਰ ਨੇ 27 ਅਗਸਤ 2018 ਨੂੰ ਪੰਜਾਬ ਵਿਧਾਨ ਸਬਾ 'ਚ ਪੇਸ਼ ਕਰ ਦਿੱਤਾ ਸੀ।

ਸੀਬੀਆਈ ਦੀ ਕਲੋਜ਼ਰ ਰਿਪੋਰਟ

ਸਿੱਖ ਜੱਥੇਬੰਦੀਆਂ ਨੇ ਬੇਅਦਬੀ ਮਾਮਲੇ 'ਚ ਇਨਸਾਫ ਲਈ ਪਹਿਲੀ ਜੂਨ 2018 ਤੋਂ ਲੈ ਕੇ 9 ਦਸੰਬਰ 2018 ਤਕ ਬਰਗਾੜੀ ਦੀ ਦਾਣਾ ਮੰਡੀ 'ਚ ਬਰਗਾੜੀ ਮੋਰਚਾ ਲਗਾਇਆ ਗਿਆ ਸੀ। ਇਹ ਮੋਰਚਾ ਸ਼ੁਰੂ ਹੰੁਦੇ ਹੀ ਡੀਜੀਪੀ ਪੰਜਾਬ ਵੱਲੋਂ 30 ਨਵੰਬਰ 2015 ਨੂੰ ਉਸੇ ਸਾਲ 20 ਅਕਤੂਬਰ ਤੇ 2 ਨਵੰਬਰ ਨੂੰ ਪਿੰਡ ਮੱਲਕੇ (ਮੋਗਾ) ਤੇ ਗੁਰੂਸਰ (ਬਠਿੰਡਾ) 'ਚ ਪੇਸ਼ ਆਈ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਗਠਿਤ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਐੱਸਆਈਟੀ ਅਚਾਨਕ ਹਰਕਤ 'ਚ ਆਈ। ਉਸ ਨੇ ਇਨ੍ਹਾਂ ਦੋਵਾਂ ਮਾਮਲਿਆਂ ਸਮੇਤ ਮਾਰਚ 2011 'ਚ ਅੱਗਜ਼ਨੀ ਤੇ ਸਰਕਾਰ ਜਾਇਦਾਦ ਦੀ ਭੰਨਤੋੜ ਨਾਲ ਸਬੰਧ ਮੋਗਾ ਦੇ ਇਕ ਕੇਸ 'ਚ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਦੀਆਂ ਗਿ੍ਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਐੱਸਆਈਟੀ ਨੇ ਸਭ ਤਂ ਪਹਿਲਾਂ 9 ਜੂਨ 2018 ਨੂੰ ਡੇਰੇ ਦੀ 45 ਮੈਂਬਰੀ ਸੂਬਾਈ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਫੜਿਆ ਤੇ ਉਸ ਤੋਂ ਬਾਅਦ ਕੁਝ ਹੋਰ ਡੇਰਾ ਪ੍ਰੇਮੀ ਗਿ੍ਫਤਾਰ ਕੀਤੇ ਗਏ। ਇਨ੍ਹਾਂ ਘਟਨਾਵਾਂ ਦੀ ਜਾਂਚ ਦੌਰਾਨ ਐੱਸਆਈਟੀ ਨੇ ਕੁਲਾਸਾ ਕੀਤਾ ਕਿ ਮੋਗਾ ਦੀ ਘਟਨਾ 'ਚ ਗਿ੍ਫਤਾਰ ਮਹਿੰਦਰਪਾਲ ਬਿੱਟੂ ਸਮੇਤ 10 ਡੇਰਾ ਪੈਰੋਕਾਰਾਂ ਦੀ ਬਰਗਾੜੀ ਬੇਅਦਬੀ ਕੇਸ ਨਾਲ ਸਬੰਧਤ ਤਿੰਨ ਘਟਨਾਵਾਂ 'ਚ ਸ਼ਮੂਲੀਅਤ ਪਾਈ ਗਈ ਕਿਉਂਕਿ ਇਨ੍ਹਾਂ ਘਟਨਾਵਾਂ ਦੀ ਜਾਂਚ ਸੀਬੀਆਈ ਕੋਲ ਸੀ, ਅਜਿਹੇ 'ਚ ਐੱਸਆਈਟੀ ਨੇ ਆਪਣੀ ਰਿਪੋਰਟ ਸੀਬੀਆਈ ਹਵਾਲੇ ਕਰ ਦਿੱਤੀ। ਨਾਲ ਹੀ ਐੱਸਆਈਟੀ ਦੀ ਰਿਪੋਰਟ 'ਚ ਦੋਸ਼ੀ ਠਹਿਰਾਏ ਗਏ ਬਾਕੀ 7 ਡੇਰਾ ਪੈਰੋਕਾਰਾਂ ਕੋਲੋਂ ਵੀ ਫਰੀਦਕੋਟ ਜੇਲ੍ਹ 'ਚ ਪੁੱਛਗਿੱਛ ਹੋਈ ਪਰ ਇਸ ਤੋਂ ਬਾਅਦ ਸੀਬੀਆਈ ਵੱਲੋਂ ਇਸ ਮਾਮਲੇ 'ਚ ਕੋਈ ਚਾਰਜਸ਼ੀਟ ਦਾਖਲ ਨਹੀਂ ਕੀਤੀ ਗਈ ਜਿਸ ਕਾਰਨ ਤਿੰਨਾਂ ਨੂੰ ਮੋਹਾਲੀ ਦੀ ਸੀਬੀਆਈ ਕੋਰਟ 'ਚੋਂ 7 ਸਤੰਬਰ 2018 ਨੂੰ ਜ਼ਮਾਨਤ ਮਿਲ ਗਈ ਸੀ।

ਇਸ ਤੋਂ ਬਾਅਦ ਤੋਂ ਹੀ ਇਹ ਕੇਸ ਠੰਢੇ ਬਸਤੇ 'ਚ ਪਿਆ ਸੀ ਪਰ ਚਾਰ ਜੁਲਾਈ 2019 ਨੂੰ ਸੀਬੀਆਈ ਨੇ ਉਕਤ ਕੇਸ 'ਚ ਕਲੋਜ਼ਰ ਰਿਪੋਰਟ ਪੇਸ਼ ਕਰ ਕੇ ਪੰਜਾਬ ਪੁਲਿਸ ਦੀ ਐੱਸਆਈਟੀ ਦੀ ਜਾਂਚ ਰਿਪੋਰਟ ਨੂੰ ਹੀ ਸਿਰੇ ਤੋਂ ਖਾਰਜ ਕਰਦੇ ਹੋ ਇਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ।

ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ, ਸੁਖਜਿੰਦਰ ਸਿੰਘ ਸੰਨੀ ਤੇ ਸ਼ਕਤੀ ਸਿੰਘ ਦੇ ਲਾਈ ਡਿਟੈਕਟਿਵ ਟੈਸਟ ਸਮੇਤ ਹੋਰ ਫੌਰੈਂਸਿਕ ਤੇ ਮਨੋਵਿਗਿਆਨਕ ਟੈਸਟਾਂ ਨਾਲ-ਨਾਲ ਲੇਅਰਡ ਵਾਇਸ ਐਲੀਸਿਸ ਟੈਸਟ, ਨਵੀਂ ਦਿੱਲੀ ਸਥਿਤ ਸੀਐੱਫਐੱਸਐੱਲ ਤੋਂ ਕਰਵਾਏ ਗਏ, ਪਰ ਕੁਝ ਵੀ ਸੁਰਾਗ ਨਹੀਂ ਮਿਲਿਆ। ਕੇਸ ਦੀ ਤਹਿ ਤਕ ਪੁੱਜਣ ਲਈ ਸੀਬੀਆਈ ਨੇ ਕੇਸ ਦੇ ਸ਼ਿਕਾਇਤਕਰਤਾ ਗ੍ੰਥੀ ਗੋਰਾ ਸਿੰਘ, ਉਸ ਦੀ ਪਤਨੀ ਸਵਰਨਜੀਤ ਕੌਰ ਤੋਂ ਇਲਾਵਾ ਗੁਰਮੁੱਖ ਸਿੰਘ, ਜਸਵੰਤ ਸਿੰਘ ਲੱਕੀ, ਅਮਨਦੀਪ ਸਿੰਘ ਸਮੇਤ ਕੁੱਲ 18 ਲੋਕਾਂ ਦੇ ਪੋਲੀਗ੍ਰਾਫ ਟੈਸਟ 'ਚ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਪੰਜਾਬ ਪੁਲਿਸ ਦੇ ਉਸ ਦਾਅਵੇ 'ਚ ਵੀ ਕੋਈ ਸੱਚਾਈ ਨਹੀਂ ਮਿਲੀ, ਜਿਸ 'ਚ ਉਨ੍ਹਾਂ ਨੇ ਕਥਿਤ ਦੋਸ਼ੀ ਡੇਰਾ ਪ੍ਰੇਮੀਆਂ ਦੇ ਘਟਨਾ 'ਚ ਦੋ ਗੱਡੀਆਂ ਦੀ ਵਰਤੋਂ ਦਾ ਖੁਲਾਸਾ ਕੀਤਾ ਗਿਆ ਸੀ।

ਪੰਜਾਬ ਪੁਲਿਸ ਅਨੁਸਾਰ ਬੁਰਜ ਜਵਾਹਰ ਸਿੰਘ ਤੋਂ ਪਾਵਨ ਗ੍ੰਥ ਚੋਰੀ ਕਰਨ ਲਈ ਸ਼ਕਤੀ ਸਿੰਘ ਨੇ ਆਪਣੀ ਆਲਟੋ ਕਾਰ ਪੀਬੀ-30-ਆਰ-6480 ਦੀ ਵਰਤੋਂ ਕੀਤੀ ਪਰ ਸੀਬੀਆਈ ਨੇ ਆਪਣੀ ਜਾਂਚ 'ਚ ਪਾਇਆ ਕਿ ਇਹ ਗੱਡੀ ਸ਼ਕਤੀ ਸਿੰਘ ਦੇ ਭਰਾ ਰਵਿੰਦਰ ਸਿੰਘ ਨੇ 28 ਅਗਸਤ 2016 ਨੂੰ ਮਲੋਟ ਦੀ ਇਕ ਫਰਮ ਤੋਂ ਖਰੀਦੀ ਸੀ, ਜਿਸ 'ਤੇ ਪਹਿਲਾਂ ਦਿੱਲੀ ਦਾ ਨੰਬਰ ਸੀ ਜਦਕਿ ਇਹ ਘਟਨਾ ਜੂਨ 2015 ਦੀ ਹੈ।

ਸ਼ਹੀਦ ਦੋਵਾਂ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਸਮੇਤ ਜ਼ਖ਼ਮੀਆਂ ਨੂੰ ਹਾਲੇ ਤਕ ਇਨਸਾਫ ਨਹੀਂ ਮਿਲਿਆ ਹੈ, ਹਾਲਾਂਕਿ ਬਹਿਬਲ ਗੋਲੀਕਾਂਡ ਮਾਮਲੇ 'ਚ ਤਾਂ 21 ਅਕਤੂਬਰ 2015 ਨੂੰ ਥਾਣਾ ਬਾਜਾਖਾਨਾ 'ਚ ਅਣਪਛਾਤੇ ਪੁਲਿਸ ਪਾਰਟੀ 'ਤੇ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਸੀ, ਪਰ ਕਾਰਵਾਈ ਕੋਈ ਨਹੀਂ ਹੋਈ ਸੀ। ਦੋ ਸਾਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ 12 ਅਗਸਤ 2018 ਨੂੰ ਬਹਿਬਲ ਗੋਲੀਕਾਂਡ ਵਾਲੇ ਕੇਸ 'ਚ ਇਸ ਵੇਲੇ ਦੇ ਐੱਸਐੱਸਪੀ ਮੋਗਾ ਚਰਨਜੀਤ ਸਿੰਘ ਸ਼ਰਮਾ, ਐੱਸਪੀ ਫਾਜ਼ਿਲਕਾ ਬਿਕਰਮਜੀਤ ਸਿੰਘ, ਐੱਸਐੱਸਸਪੀ ਮੋਗਾ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ ਤੇ ਉਸ ਵੇਲੇ ਦੇ ਥਾਣਾ ਬਾਜਾਖਾਨਾ ਦੇ ਇੰਚਾਰਜ ਐੱਸਆਈ ਅਮਰਜੀਤ ਸਿੰਘ ਕੁਲਾਰ ਨੂੰ ਨਾਮਜ਼ਦ ਕੀਤਾ ਸੀ, ਹੁਣ ਜੂਨ ਮਹੀਨੇ 'ਚ ਇਸ ਮਾਮਲੇ 'ਚ ਸੁਹੇਲ ਬਰਾੜ ਤੇ ਪੰਕਜ ਬਾਂਸਲ ਨੂੰ ਨਾਮਜ਼ਦ ਕਰ ਕੇ ਗਿ੍ਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੋਟਕਪੂਰਾ ਦੇ ਮੁੱਖ ਚੌਕ 'ਚ ਜੱਥੇਬੰਦੀਆਂ ਦੇ ਧਰਨੇ 'ਤੇ ਫਾਇਰਿੰਗ ਮਾਮਲੇ 'ਚ ਵੀ ਕਮਿਸ਼ਨ ਦੀ ਸਿਫਾਰਿਸ਼ 'ਤੇ 7 ਅਗਸਤ 2018 ਨੂੰ ਅਣਪਛਾਤੇ ਪੁਲਿਸ ਅਧਿਕਾਰੀਆਂ 'ਤੇ ਇਰਾਦਾ-ਏ-ਕਤਲ ਦੀ ਐੱਫਆਈਆਰ ਦਰਜ ਕੀਤੀ ਗਈ। ਕਮਿਸ਼ਨ ਦੀ ਹਿਦਾਇਤ 'ਤੇ ਪੰਜਾਬ ਸਰਕਾਰ ਨੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਲਈ ਏਡੀਜੀਪੀ ਪ੍ਰਮੋਦ ਕੁਮਾਰ ਦੀ ਪ੍ਰਧਾਨਗੀ 'ਚ ਐੱਸਆਈਟੀ ਦੀ ਗਠਨ ਕੀਤਾ, ਜਿਸ ਨੇ ਹਾਲੇ ਤਕ ਜਾਂਚ ਦੇ ਆਧਾਰ 'ਤੇ ਬਹਿਬਲ ਗੋਲੀਕਾਂਡ ਮਾਮਲੇ 'ਚ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਤੇ ਕੋਟਕਪੁਰਾ ਗੋਲੀਕਾਂਡ 'ਚ ਸਾਬਕਾ ਐੱਸਐੱਸਪੀ ਚਰਨਜੀਤ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐੱਸਪੀ ਬਲਜੀਤ ਸਿੰਘ, ਐੱਸਪੀ ਪਰਮਜੀਤ ਸਿੰਘ ਪੰਨੂੰ, ਐੱਸਆਈ ਗੁਰਦੀਪ ਸਿੰਘ ਪੰਧੇਰ ਖ਼ਿਲਾਫ਼ ਜ਼ਿਲ੍ਹਾ ਅਦਾਲਤ 'ਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ਤੇ ਉਨ੍ਹਾਂ 'ਤੇ ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਦੀ ਅਦਾਲਤ 'ਚ ਅਗਲੀ ਤਰੀਕ 7 ਅਗਸਤ ਤੈਅ ਹੈ। ਇਸੇ ਮਾਮਲੇ 'ਚ ਉਸ ਵੇਲੇ ਦੇ ਕੋਟਕਪੂਰਾ ਥਾਣੇ ਦੇ ਇੰਚਾਰਜ ਪੰਧੇਰ 5 ਜੁਲਾਈ ਤਕ ਐੱਸਆਈਟੀ ਕੋਲ ਰਿਮਾਂਡ 'ਤੇ ਹੈ।

ਬਰਗਾੜੀ ਬੇਅਦਬੀ ਕਾਂਡ ਦੀ ਟਾਈਮ

- 1 ਜੂਨ 2015 : ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚੋਂ ਪਵਿੱਤਰ ਗ੍ੰਥ ਸਾਹਿਬ ਦੀ ਚੋਰੀ

- 25 ਸਤੰਬਰ 2015 : ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪੋਸਟਰ ਲਗਾਉਣ ਦੀ ਘਟਨਾ

- 12 ਅਕਤੂਬਰ 2015 : ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪਵਿੱਤਰ ਗ੍ੰਥ ਦੀ ਬੇਅਦਬੀ

- 14 ਅਕਤੂਬਰ 2015 : ਬਹਿਬਲ ਕਲਾਂ 'ਚ ਪੁਲਿਸ ਫਾਇਰਿੰਗ 'ਚ ਦੋ ਨੌਜਵਾਨਾਂ ਦੀ ਮੌਤ

- 14 ਅਕਤੂਬਰ 2015 : ਕੋਟਕਪੁਰਾ ਦੇ ਮੁੱਖ ਚੌਕ 'ਚ ਪੁਲਿਸ ਕਾਰਵਾਈ ਕਾਰਨ 100 ਲੋਕ ਜ਼ਖ਼ਮੀ

- 15 ਅਕਤੂਬਰ 2015 : ਮੁੱਖ ਮੰਤਰੀ ਨੇ ਐੱਸਆਈਟੀ ਤੇ ਨਿਆਇਕ ਕਮਿਸ਼ਨ ਦਾ ਗਠਨ ਕਰਵਾਇਆ

- 20 ਅਕਤੂਬਰ 2015 : ਐੱਸਆਈਟੀ ਨੇ ਦੋ ਭਰਾਵਾਂ ਨੂੰ ਗਿ੍ਫ਼ਤਾਰ ਕੀਤਾ ਜਿਨਾਂ ਨੂੰ ਬਾਅਦ 'ਚ ਛੱਡ ਦਿੱਤਾ ਗਿਆ

- 21 ਅਕਤੂਬਰ 2015 : ਬਹਿਬਲ ਗੋਲੀਕਾਂਡ ਮਾਮਲੇ 'ਚ ਅਣਪਛਾਤੀ ਪੁਲਿਸ ਪਾਰਟੀ 'ਤੇ ਮਾਮਲਾ ਦਰਜ

- 15 ਨਵੰਬਰ 2015 : ਸੂਬਾ ਸਰਕਾਰ ਨੇ ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ

- 30 ਜੂਨ 2016 : ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ

- 14 ਅਪ੍ਰੈਲ 2017 : ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ।

- 7 ਅਗਸਤ 2018 : ਕੋਟਕਪੂਰਾ ਮੁੱਖ ਚੌਕ 'ਤੇ ਫਾਇਰਿੰਗ ਕਰਨ 'ਤੇ ਅਣਪਛਾਤੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਇਰਾਦਾ-ਏ-ਕਤਲ ਦਾ ਮਾਮਲਾ ਦਰਜ

- 16 ਅਗਸਤ 2018 : ਜਸਟਿਸ ਰਣਜੀਤ ਸਿੰਘ ਨੇ ਮੁੱਖ ਮੰਤਰੀ ਨੂੰ ਆਪਣੀ ਜਾਂਚ ਰਿਪੋਰਟ ਸੌਂਪੀ

- 27 ਅਗਸਤ 2018 : ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ 'ਚ ਪੇਸ਼ ਹੋਈ

- 10 ਸਤੰਬਰ 2018 : ਏਡੀਜੀਪੀ ਪ੍ਰਬੋਧ ਕੁਮਾਰ ਦੀ ਪ੍ਰਧਾਨਗੀ 'ਚ ਐੱਸਆਈਟੀ ਦਾ ਗਠਨ

- 22 ਜੂਨ 2019 : ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੱਤਿਆ।

7 ਜੂਨ ਨੂੰ ਹਿਮਾਚਲ ਤੋਂ ਗਿ੍ਫ਼ਤਾਰ ਹੋਇਆ ਸੀ ਬਿੱਟੂ

ਮਹਿੰਦਰਪਾਲ ਬਿੱਟੂ 'ਤੇ ਤਿੰਨ ਮਾਮਲੇ ਦਰਜ ਸਨ, ਇਸ 'ਚ ਬੁਰਜ ਜਵਾਹਰ ਸਿੰਘ ਵਾਲਾ 'ਚ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਪਾਵਨ ਸਵਰੂਪ ਚੋਰੀ ਕਰਨ, ਮੋਗਾ 'ਚ ਪ੍ਰਦਰਸ਼ਨ ਦੌਰਾਨ ਬੱਸ ਨੂੰ ਅੱਗ ਲਗਾਉਣ ਤੋਂ ਇਲਾਵਾ 2015 'ਚ ਬਰਗਾੜੀ 'ਚ ਹੋਏ ਸ੍ਰੀ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਦਰਜ ਸੀ। ਅਗਸਤ 2017 ਤੋਂ ਬਿੱਟੂ ਫਰਾਰ ਚੱਲ ਰਿਹਾ ਸੀ ਜਿਸ ਨੂੰ 7 ਜੂਨ 2018 ਨੂੰ ਬਰਗਾੜੀ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਹਿਮਾਚਲ ਦੇ ਪਾਲਮਪੁਰ ਤੋਂ ਗਿ੍ਫ਼ਤਾਰ ਕੀਤਾ ਸੀ। ਬਿੱਟੂ ਦੀ ਸ਼ਨਾਖਤ 'ਤੇ ਉਸ ਦੇ ਨਾਲ ਨਾਮਜ਼ਦ ਮੁਲਜ਼ਮ ਸੰਨੀ ਕੁਮਾਰ ਵਾਸੀ ਕੋਟਕਪੂਰਾ ਤੇ ਸ਼ਕਤੀ ਸਿੰਘ ਵਾਸੀ ਪਿੰਡ ਢਗੋਰਪੁਰਾ ਫਰੀਦਕੋਟ ਨੂੰ ਵੀ ਗਿ੍ਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬੀਤੇ ਦਿਨ ਜ਼ਮਾਨਤ ਮਿਲ ਗਈ ਸੀ। ਬਿੱਟੂ ਨੂੰ ਜ਼ਮਾਨਤ ਨਹੀਂ ਮਿਲੀ ਸੀ। ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਦਾਅਵਾ ਕੀਤਾ ਕਿ ਐੱਸਆਈਟੀ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਬਰਗਾੜੀ ਬੇਅਦਬੀ ਮਾਮਲੇ ਦੀਆਂ ਘਟਨਾਵਾਂ ਦਾ ਮੁੱਖ ਸੂਤਰਧਾਰ ਮਹਿੰਦਰਪਾਲ ਬਿੱਟੂ ਹੈ ਜਿਸ ਨੇ ਡੇਰੇ ਨਾਲ ਜੁੜੇ ਆਪਣੇ ਵਿਸ਼ਵਾਸਪਾਤਰਾਂ ਨਾਲ ਮਿਲ ਕੇ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੱਤਾ। ਹੁਣ ਤਕ ਮਹਿੰਦਰਪਾਲ ਬਿੱਟੂ ਸਮੇਤ ਕੁੱਲ 9 ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਹੈ ਤੇ ਉਨ੍ਹਾਂ ਨੂੰ ਗਿ੍ਫਤਾਰ ਵੀ ਕਰ ਲਿਆ ਹੈ।