ਤਰਸੇਮ ਚਾਨਣਾ, ਫ਼ਰੀਦਕੋਟ : ਸਾਲ 2015 ਦੇ ਬਹੁ ਚਰਚਿਤ ਬਰਗਾੜੀ ਬੇਅਦਬੀ ਮਾਮਲੇ ਵਿੱਚ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਹੇਠਲੀ ਸਿਟ ਟੀਮ ਵੱਲੋਂ ਅੱਜ ਸਵੇਰਸਾਰ ਬਰਗਾੜੀ ਬੇਅਦਬੀ ਕਾਂਡ ਨਾਲ ਸਬੰਧਤ ਦਰਜ ਐੱਫ਼ਆਈਆਰ ਨੰਬਰ 63 ਥਾਣਾ ਬਾਜਾਖਾਨਾ ਵਿੱਚ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੋਰੀ ਕਰਨ, ਪੋਸਟਰ ਲਾਉਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕਰਨ ਦੇ ਦੋਸ਼ ਹਨ, ਵਿੱਚ ਕਥਿਤ ਫਰੀਦਕੋਟ ਅਤੇ ਕੋਟਕਪੂਰਾ ਨਿਵਾਸੀ ਸੱਤ ਵਿਅਕਤੀਆਂ ਸੁਖਜਿੰਦਰ ਸਿੰਘ ਉਰਫ਼ ਸਨੀ, ਸ਼ਕਤੀ ਸਿੰਘ, ਰਣਜੀਤ ਸਿੰਘ ਭੋਲਾ, ਬਲਜੀਤ ਸਿੰਘ, ਨਰਿੰਦਰ ਸ਼ਰਮਾ, ਰਣਦੀਪ ਅਤੇ ਨਿਸ਼ਾਨ ਸਿੰਘ ਸ਼ਾਮਲ ਹਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਉਕਤ ਸਾਰਿਆਂ ਦੀ ਗ੍ਰਿਫ਼ਤਾਰੀ ਉਪਰੰਤ ਅੱਜ ਸਥਾਨਕ ਮਾਨਯੋਗ ਸ਼ੈਸ਼ਨ ਜੱਜ ਦੀ ਅਦਾਲਤ ਵਿੱਚ ਡੀ.ਆਈ.ਜੀ ਰਣਜੀਤ ਸਿੰਘ ਖੱਟੜਾ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵੱਲੋਂ ਇਹਨਾਂ ਤੋਂ ਵਧੇਰੇ ਪੁੱਛਗਿੱਛ ਕਰਨ ਲਈ ਪੁਲਿਸ ਰਿਮਾਂਡ ਹਾਸਲ ਕਰਨ ਦੇ ਮਨੋਰਥ ਨਾਲ ਪੇਸ਼ ਕੀਤਾ ਗਿਆ।

ਬੇਸ਼ੱਕ ਖ਼ਬਰ ਲਿਖੇ ਜਾਣ ਤੱਕ ਮਾਨਯੋਗ ਅਦਾਲਤ ਵਿੱਚ ਕਾਰਵਾਈ ਜਾਰੀ ਸੀ ਪ੍ਰੰਤੂ ਇਸੇ ਦੌਰਾਨ ਦੂਜੀ ਧਿਰ ਦੇ ਐਡਵੋਕੇਟ ਵਿਨੋਦ ਮੌਂਗਾ ਨੇ ਦੱਸਿਆ ਕਿ ਮਾਨਯੋਗ ਸ਼ੈਸ਼ਨ ਕੋਰਟ ਵੱਲੋਂ ਸੁਖਜਿੰਦਰ ਸਿੰਘ ਸਨੀ ਅਤੇ ਸ਼ਕਤੀ ਸਿੰਘ ਨੂੰ ਮੌਕੇ 'ਤੇ ਹੀ ਰਿਹਾਅ ਕਰ ਦਿੱਤਾ ਹੈ ਕਿਉਂਕਿ ਇਹਨਾਂ ਨੂੰ ਪਹਿਲਾਂ ਹੀ ਸੀਬੀਆਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ ਅਤੇ ਜਦੋਂ ਇਹ ਤੱਥ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਗਏ ਤਾਂ ਪੁਲਿਸ ਪਾਰਟੀ ਵੱਲੋਂ ਇਹ ਤੱਥ ਪੇਸ਼ ਕੀਤੇ ਗਏ ਕਿ ਉਹਨਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਜਦਕਿ ਇਸੇ ਕੇਸ ਵਿੱਚ ਉਕਤ ਦੋਵਾਂ ਦੀ ਜ਼ਮਾਨਤ ਪਹਿਲਾਂ ਹੋਣ ਦੀ ਸੂਰਤ ਵਿੱਚ ਪੁਲਿਸ ਵੱਲੋਂ ਇਹਨਾਂ ਦੋਵਾਂ ਦੀ ਗ੍ਰਿਫ਼ਤਾਰੀ ਗ਼ੈਰ ਕਾਨੂੰਨੀ ਕੀਤੀ ਗਈ। ਉਹਨਾਂ ਕਿਹਾ ਕਿ ਕਾਨੂੰਨ ਅਨੁਸਾਰ ਜੇਕਰ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫ਼ਤਾਰ ਕਰਨਾ ਸੀ ਤਾਂ ਸਬੰਧਤ ਅਦਾਲਤ ਪਾਸੋਂ ਪ੍ਰਵਾਨਗੀ ਲੈਣੀ ਜ਼ਰੂਰੀ ਬਣਦੀ ਸੀ। ਇਸ ਪ੍ਰਤੀਨਿਧੀ ਵੱਲੋਂ ਜਦ ਇਹਨਾਂ ਦੇ ਕਿਸੇ ਡੇਰੇ ਨਾਲ ਜੁੜੇ ਹੋਣ ਅਤੇ ਡੇਰਾ ਪ੍ਰੇਮੀ ਹੋਣ ਦੀ ਪੁਸ਼ਟੀ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਅਦਾਲਤੀ ਕਾਰਵਾਈ ਹੈ ਅਤੇ ਉਹ ਇਸ ਸਬੰਧੀ ਕੁਝ ਨਹੀਂ ਕਹਿ ਸਕਦੇ।

Posted By: Jagjit Singh