ਫ਼ਰੀਦਕੋਟ ਦੇ ਸਾਲ 2015 ਨਾਲ ਸੰਬੰਧਤ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐੱਸਆਈਟੀ ਦੀ ਅਰਜ਼ੀ 'ਤੇ ਜੇਐੱਮਆਈਸੀ ਦੀ ਅਦਾਲਤ ਨੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਤੇ ਵਿਵਾਦਤ ਪੋਸਟਰ ਲਗਾਉਣ ਦੀਆਂ ਘਟਨਾਵਾਂ 'ਚ ਡੇਰਾ ਸੱਚਾ ਸੌਦਾ ਸਿਰਸਾ ਦੀ ਨੈਸ਼ਨਲ ਕਮੇਟੀ ਦੇ ਤਿੰਨ ਮੈਂਬਰਾਂ ਹਰਸ਼ ਧੁਰੀ, ਪ੍ਰਦੀਪਕ ਲੇਰ ਤੇ ਸੰਦੀਪ ਬਰੇਟਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ ਤੇ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ 30 ਜੁਲਾਈ ਤਕ ਅਦਾਲਤ 'ਚ ਪੇਸ਼ਕ ਰਨ ਲਈ ਹੁਕਮ ਦਿੱਤੇ ਹਨ। ਬੇਅਦਬੀ ਮਾਮਲੇ ਨਾਲ ਸੰਬੰਧਤ ਪਾਵਨ ਸਰੂਪ ਚੋਰੀ ਕਰਨ ਦੀ ਘਟਨਾ 'ਚ ਅਦਾਲਤ ਵੱਲੋਂ ਇਸੇ ਸਾਲ 21 ਜਨਵਰੀ ਨੂੰ ਹੀ ਇਨ੍ਹਾਂ ਤਿੰਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ ਤੇ ਭਗੌੜਾ ਹੋਣ ਕਾਰਨ ਮਾਰਚ ਮਹੀਨੇ ਦੌਰਾਨ ਉਨ੍ਹਾਂ ਖਿਲਾਫ਼ ਥਾਣਾ ਬਾਜਾਖਾਨਾ 'ਚ ਇਕ ਅਲੱਗ ਕੇਸ ਵੀ ਦਰਜ ਕੀਤਾ ਗਿਆ ਸੀ।

ਹਾਲ ਹੀ 'ਚ ਐੱਸਆਈਟੀ ਨੇ ਪਾਵਨ ਸਰੂਪ ਬੇਅਦਬੀ ਤੇ ਵਿਵਾਦਤ ਪੋਸਟਰ ਲਗਾਉਣ ਦੀਆਂ ਘਟਨਾਵਾਂ 'ਚ ਡੇਰਾ ਕਮੇਟੀ ਦੀ ਭੂਮਿਕਾ ਸਾਹਮਣੇ ਆਉਣ ਕਾਰਨ ਐੱਸਆਈਟੀ ਨੇ ਨੈਸ਼ਨਲ ਕਮੇਟੀ ਦੇ ਤਿੰਨ ਮੈਂਬਰਾਂ ਨੂੰ ਉਕਤ ਕੇਸਾਂ 'ਚ ਨਾਮਜ਼ਦ ਕੀਤਾ ਤੇ ਉਨ੍ਹਾਂ ਦੇ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾਏ ਹਨ। ਜ਼ਿਕਰਯੋਗ ਹੈ ਕਿ ਪਾਵਨ ਸਰੂਪ ਚੋਰੀ ਹੋਣ ਦੇ ਮਾਮਲੇ 'ਚ ਵੀ ਉਕਤ ਤਿੰਨੋਂ ਕਮੇਟੀ ਮੈਂਬਰ ਮੁਲਜ਼ਮ ਹਨ ਤੇ ਉਨ੍ਹਾਂ ਦੇ ਨਾਂ ਚਾਰਜਸ਼ੀਟ ਵਿਚ ਵੀ ਸ਼ਾਮਲ ਹਨ। ਇਸ ਕੇਸ ਦੀ ਚਾਰਜਸ਼ੀਟ 'ਚ ਵੀ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਂ ਸ਼ਾਮਲ ਕੀਤਾ ਗਿਆ ਸੀ।

Posted By: Seema Anand