ਚਾਨਾ, ਕੋਟਕਪੂਰਾ

ਜੈ ਮਿਲਾਪ ਬਲਾਕ ਕੋਟਕਪੂਰਾ ਵਲੋਂ ਬਲਾਕ ਪ੍ਰਧਾਨ ਸੁਨੀਲ ਛਾਬੜਾ ਦੀ ਅਗਵਾਈ ਹੇਠ ਵਫਦ ਨੇ ਕੇਂਦਰ ਸਰਕਾਰ ਵਲੋਂ ਥੋਪੇ ਗਏ ਏਐੱਚਪੀ ਕੌਂਸਲ ਐਕਟ ਦੇ ਵਿਰੋਧ 'ਚ ਇੱਕ ਮੰਗ ਪੱਤਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਸੌਂਪ ਕੇ ਆਪਣੀਆਂ ਸਾਇਨਿੰਗ ਆਥਾਰਟੀ ਦੀਆਂ ਮੰਗਾਂ ਨੂੰ ਆਉਣ ਵਾਲੀ ਸਰਕਾਰ 'ਚ ਮਨਜੂਰ ਕਰਨ ਦੀ ਅਪੀਲ ਕੀਤੀ ਗਈ। ਮੀਤ ਪ੍ਰਧਾਨ ਰਵਿੰਦਰਪਾਲ ਕੋਛੜ ਅਤੇ ਜਿਲਾ ਸਕੱਤਰ ਹਨੀ ਬਰਾੜ ਨੇ ਹਲਕਾ ਵਿਧਾਇਕ ਨੂੰ ਸੌਂਪੇ ਮੰਗ ਪੱਤਰ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਮੌਜੂਦਾ ਡਿਪਲੋਮਾ ਇਨ ਮੈਡੀਕਲ ਲੈਬਾਰਟਰੀ ਟੈਕਨਾਲੋਜੀ ਹੋਲਡਰ ਅਤੇ ਇਸ ਤੋਂ ਉਚੇਰੀ ਡਿਗਰੀ ਰੱਖਣ ਵਾਲੇ, ਜੋ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪ੍ਰਵਾਨਿਤ ਹੈ, ਨੂੰ ਸੀਈਏ ਐਕਟ ਪੰਜਾਬ ਅਧੀਨ ਆਪਣੀਆਂ ਮੈਡੀਕਲ ਰਿਪੋਰਟਾਂ 'ਤੇ ਦਸਤਖਤ ਕਰਨ ਦੀ ਮਨਜੂਰੀ ਦਿੱਤੀ ਜਾਵੇ, ਕਿਉਂਕਿ ਉਕਤ ਡਿਪਲੋਮਾ ਹੋਲਡਰ ਪਿਛਲੇ 74 ਸਾਲਾਂ ਤੋਂ ਬੇਸਿਕ ਕਲੀਨੀਕਲ ਲੈਬਾਰਟਰੀ ਚਲਾ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਖਜਾਨਚੀ ਸੁਖਚੈਨ ਕਟਾਰੀਆ ਅਤੇ ਕਾਰਜਕਾਰੀ ਮੈਂਬਰ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿੱਚ ਲਗਭਗ 15 ਹਜਾਰ ਲੈਬਾਰਟਰੀ ਟੈਕਨੀਸ਼ੀਅਨ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਇਸ 'ਤੇ ਪਰਿਵਾਰਾਂ ਸਮੇਤ ਲਗਭਗ 50 ਹਜਾਰ ਕਰਮਚਾਰੀ ਨਿਰਭਰ ਹਨ। ਉਨਾ ਦੋਸ਼ ਲਾਇਆ ਕਿ ਵੱਡੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਕੇਂਦਰ ਸਰਕਾਰ ਵਲੋਂ ਏਐੱਚਪੀ ਬਿੱਲ ਲਿਆਂਦਾ ਗਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੁਲਤਾਰ ਸਿੰਘ ਸੰਧਵਾਂ ਨੇ ਵਫਦ ਨੂੰ ਵਿਸ਼ਵਾਸ਼ ਦਿਵਾਇਆ ਕਿ ਸਰਕਾਰ ਬਣਦਿਆਂ ਹੀ ਉਨਾਂ ਦੀ ਉਕਤ ਮੰਗ ਪੂਰੀ ਕਰ ਦਿੱਤੀ ਜਾਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੁਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਜਗਵਿੰਦਰ ਸਿੰਘ, ਕਪਿਲ ਲੋਹੀਆਂ ਅਤੇ ਇੰਦਰਜੀਤ ਸਿੰਘ ਆਦਿ ਵੀ ਹਾਜ਼ਰ ਸਨ।