ਪੰਜਾਬੀ ਜਾਗਰਣ ਟੀਮ, ਫਰੀਦਕੋਟ : ਸਥਾਨਕ ਸ਼ੂਗਰ ਮਿੱਲ ਦੀ 137 ਏਕੜ ਜਗਾ ਵਿੱਚ ਵੱਡੇ ਹੋ ਚੁੱਕੇ ਹਜਾਰਾਂ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਜਿੱਥੇ ਵਾਤਾਵਰਣ ਪ੍ਰਰੇਮੀਆਂ ਵਿੱਚ ਰੋਸ ਦੀ ਲਹਿਰ ਦੌੜ ਗਈ ਹੈ, ਉੱਥੇ ਆਮ ਆਦਮੀ ਪਾਰਟੀ ਨੇ ਇਸ ਪ੍ਰਤੀ ਇਤਰਾਜ ਪ੍ਰਗਟਾਇਆ ਹੈ ਤੇ ਭਾਈ ਘਨੱਈਆ ਰੋਕੋ ਸੇਵਾ ਸੁਸਾਇਟੀ ਅਤੇ ਨਰੋਆ ਪੰਜਾਬ ਮੰਚ ਨੇ ਮੁੱਖ ਮੰਤਰੀ ਸਮੇਤ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਦਰੱਖਤਾਂ ਦੀ ਕਟਾਈ ਰੋਕਣ ਦੀ ਮੰਗ ਕੀਤੀ ਹੈ। ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ 'ਆਪ' ਦੇ ਸੀਨੀਅਰ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਆਖਿਆ ਕਿ ਕੁਦਰਤੀ ਆਕਸੀਜਨ ਦੇ ਵੱਡੇ ਸਰੋਤ ਰੁੱਖਾਂ ਨੂੰ ਬਚਾਉਣ ਲਈ ਕੋਰੋਨਾ ਮਹਾਂਮਾਰੀ ਦੇ ਸੰਕਟ ਵਾਲੇ ਸਮੇਂ ਦੌਰਾਨ ਤਾਂ ਬਹੁਤ ਹੀ ਸਖਤ ਜਰੂਰਤ ਹੈ ਪਰ ਇਸ ਵਿੱਚ ਕਰੋੜਾਂ ਰੁਪਏ ਦੀ ਘਪਲੇਬਾਜੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਸੁਸਾਇਟੀ ਦੇ ਸੰਸਥਾਪਕ ਭਾਈ ਗੁਰਪ੍ਰਰੀਤ ਸਿੰਘ ਚੰਦਬਾਜਾ ਅਤੇ ਨਰੋਆ ਪੰਜਾਬ ਮੰਚ ਦੇ ਅਹੁਦੇਦਾਰਾਂ ਇੰਜੀ. ਜਸਕੀਰਤ ਸਿੰਘ ਤੇ ਕਪਿਲ ਅਰੋੜਾ ਨੇ ਮੁੱਖ ਮੰਤਰੀ, ਜੰਗਲਾਤ ਮੰਤਰੀ ਪੰਜਾਬ ਸਮੇਤ ਨੈਸ਼ਨਲ ਗਰੀਨ ਟਿ੍ਬਿਊਨਲ (ਐਨਜੀਟੀ) ਦੇ ਚੇਅਰਮੈਨ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਆਖਿਆ ਹੈ ਕਿ ਬੰਦ ਪਈ ਫਰੀਦਕੋਟ ਸ਼ੂਗਰ ਮਿੱਲ ਦੀ 137 ਏਕੜ ਥਾਂ 'ਤੇ ਪੂਰੀ ਤਰ੍ਹਾਂ ਵੱਡੇ ਹੋ ਚੁੱਕੇ ਹਜਾਰਾਂ ਰੁੱਖ ਖੜ੍ਹੇ ਹਨ, ਜਿੰਨਾ 'ਚੋਂ ਬਹੁਤੇ ਦਰੱਖਤ ਫਲਾਂ ਨਾਲ ਭਰੇ ਹੋਏ ਹਨ ਤੇ ਖੂਬ ਆਕਸੀਜਨ ਵੀ ਦੇ ਰਹੇ ਹਨ ਪਰ ਅਚਾਨਕ ਇਹਨਾ ਰੁੱਖਾਂ ਦੀ ਕਟਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨਾ ਆਖਿਆ ਕਿ ਪੰਜਾਬ 'ਚ ਪਹਿਲਾਂ ਹੀ ਜੰਗਲ ਕੇਵਲ ਸਾਢੇ ਤਿੰਨ ਪ੍ਰਤੀਸ਼ਤ ਜਗ੍ਹਾ 'ਤੇ ਹਨ ਤੇ ਭਰਪੂਰ ਆਕਸੀਜਨ ਵਾਸਤੇ ਲੋੜੀਂਦੀ ਥਾਂ 33 ਫੀਸਦੀ ਦਾ ਇਹ ਕੇਵਲ 10ਵਾਂ ਹਿੱਸਾ ਹੈ। ਆਪ ਜੀ ਨੂੰ ਬੇਨਤੀ ਹੈ ਪੰਜਾਬ ਦੇ ਇਹਨਾਂ ਰਹਿੰਦੇ-ਖੂੰਹਦੇ ਜੰਗਲਾਂ ਨੂੰ ਕੱਟੇ ਜਾਣ ਤੋਂ ਬਚਾਇਆ ਜਾਵੇ। 'ਆਪ' ਆਗੂਆਂ ਸਮੇਤ ਵਾਤਾਵਰਣ ਪ੍ਰਰੇਮੀਆਂ, ਸੁਸਾਇਟੀ ਅਤੇ ਨਰੋਆ ਪੰਜਾਬ ਮੰਚ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਉਹ 2057 ਦਰੱਖਤਾਂ ਦੀ ਕਟਾਈ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰਨਗੇ।