ਜੈ ਸਿੰਘ ਛਿੱਬਰ, ਚੰਡੀਗਡ਼੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਮੰਗਲਵਾਰ ਨੂੰ ਸਦਨ ਵਿਚ ਖੇਤੀ ਕਾਨੂੰਨ, ਕਿਸਾਨੀ ਅੰਦੋਲਨ ਦਾ ਮੁੱਦਾ ਛਾਇਆ ਰਿਹਾ ਤੇ ਸੱਤਾ ਤੇ ਵਿਰੋਧੀ ਧਿਰ ਵਿਚ ਨੋਕ ਝੋਕ ਹੁੰਦੀ ਰਹੀ। ਪਰ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ’ਤੇ ਕਾਰਵਾਈ ਨਾ ਕਰਨ ਦੇ ਮੁੱਦੇ ’ਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਪੀਕਰ ’ਤੇ ਹੱਲਾ ਬੋਲਿਆ। ਸਪੀਕਰ ਰਾਣਾ ਕੇਪੀ ਸਿੰਘ ਨੇ ਜਵਾਬ ਵਿਚ ਸਪੱਸ਼ਟ ਕੀਤਾ ਕਿ ਉਨ੍ਹਾਂ ਵਲੋਂ ਕਾਨੂੰਨ ਤੇ ਸੰਵਿਧਾਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ, ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਅਦਾਲਤ ਜਾ ਸਕਦਾ ਹੈ।

ਹੋਇਆ ਇੰਝ ਕਿ ਸਿਫ਼ਰਕਾਲ ਦੌਰਾਨ ਆਪ ਦੇ ਬਾਗੀ ਵਿਧਾਇਕ ਕੰਵਰ ਸੰਧੂ ਨੇ ਸਦਨ ਦੀ ਮਰਿਆਦਾ ਕਾਇਮ ਰੱਖਣ ਦਾ ਮੁੱਦਾ ਚੁੱਕਿਆ। ਸੰਧੂ ਨੇ ਬੀਤੇ ਕੱਲ੍ਹ ਸੌਮਵਾਰ ਨੂੰ ਰਾਜਪਾਲ ਦੇ ਭਾਸ਼ਣ ਦਾ ਵਿਰੋਧ ਕਰਨ ਅਤੇ ਭਾਸ਼ਣ ਦੀਆਂ ਕਾਪੀਆਂ ਫਾਡ਼ਨ ਨੂੰ ਮੰਗਭਾਗੀ ਗੱਲ ਦੱਸਦਿਆਂ ਕਿਹਾ ਕਿ ਰਾਜਪਾਲ ਦੇ ਭਾਸ਼ਣ ਖਿਲਾਫ਼ ਸਦਨ ਦੇ ਅੰਦਰ ਤੇ ਬਾਹਰ ਨਾਅਰੇਬਾਜ਼ੀ ਕਰਨ ਦੀ ਨਵੀਂ ਪਰੰਪਰਾ ਸ਼ੁਰੂ ਹੋ ਗਈ ਹੈ। ਸੰਧੂ ਨੇ ਕਿਹਾ ਕਿ ਸਾਨੂੰ ਸਭ ਨੂੰ ਪਤਾ ਹੁੰਦਾ ਕਿ ਇਹ ਸਰਕਾਰ ਦਾ ਰਸਮੀ ਭਾਸ਼ਣ ਹੁੰਦਾ ਹੈ, ਲੰਘੇ ਕਲ੍ਹ ਕੁ੍ਝ ਲੋਕ ਸਾਇਕਲਾਂ ’ਤੇ ਆਏ, ਕਈਆਂ ਨੇ ਭਾਸ਼ਣ ਦੀਆਂ ਕਾਪੀਆਂ ਫਾਡ਼੍ਹ ਦਿੱਤੀਆਂ। ਸਦਨ ਦੇ ਅੰਦਰ ਤੇ ਬਾਹਰ ਵਿਰੋਧ ਦਾ ਕੋਈ ਫ਼ਰਕ ਨਹੀਂ ਰਿਹਾ ਕੀ ਇੱਥੇ ਅਸੀਂ ਹੰਗਾਮਾ ਕਰਨ ਆਉਂਦੇ ਹਾਂ। ਸੰਧੂ ਨੇ ਕਿਹਾ ਕਿ ਹਾਊਸ ਦਾ ਡੈਕੋਰਮ ਹੋਣਾ ਚਾਹੀਦਾ ਹੈ, ਵਿਰੋਧ ਕਰਨਾ ਆਪਣੀ ਥਾਂ ਸਹੀ ਹੈ ਪਰ ਉਨ੍ਹਾਂ ਦੇ ਭਾਸ਼ਣ ਦੀਆਂ ਕਾਪੀਆਂ ਸੁੱਟਣਾ ਸਹੀ ਨਹੀਂ ਹੈ। ਉਨ੍ਹਾਂ ਨੇ ਸਦਨ ਦੀ ਮਰਿਆਦਾ ਬਣਾਈ ਰੱਖਣ ਲਈ ਕੋਈ ਨਿਯਮ ਬਣਾਉਣ ਦੀ ਮੰਗ ਕੀਤੀ।

ਇਸੇ ਦੌਰਾਨ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਕਿਸੇ ਦੇ ਖਿਲਾਫ਼ ਨਹੀਂ ਹਨ। ਉਨ੍ਹਾਂ ਸਪੀਕਰ ਨੂੰ ਕਟਹਿਰੇ ਵਿਚ ਖਡ਼੍ਹਾ ਕਰਦਿਆਂ ਕਿਹਾ ਕਿ ਤੁਹਾਡੀ ਮਿਹਰਬਾਨੀ ਹੈ ਕਿ ਇਹ (ਬਾਗੀ ਵਿਧਾਇਕ) ਕਦੇ ਇੱਧਰ ਆ ਜਾਂਦੇ ਹਨ ਤੇ ਕਦੇ ਓਧਰ। ਉਨ੍ਹਾਂ ਕਿਹਾ ਕਿ ਜਿਹਡ਼ਾ ਵਿਧਾਇਕ ਜਿਸ ਪਾਰਟੀ ਤੋਂ ਚੁਣਿਆ ਹੋਇਆ ਹੈ, ਉਹ ਉਸੇ ਪਾਰਟੀ ਵਿਚ ਰਹਿਣਾ ਚਾਹੀਦਾ ਹੈ, ਲੋਕਾਂ ਨਾਲ ਵਿਸ਼ਵਾਸ਼ਘਾਤ ਹੋ ਰਿਹਾ ਹੈ।

ਮਜੀਠੀਆ ਦੀ ਗੱਲ ਖਤਮ ਹੁੰਦੇ ਹੀ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਨਪਹਿਲਾਂ ਹੀ ਪਾਰਟੀ ਦੇ ਬਾਗੀ ਹੋਏ ਵਿਧਾਇਕਾਂ ’ਤੇ ਕਾਰਵਾਈ ਕਰਨ ਬਾਰੇ ਲਿਖਿਆ ਸੀ ਪਰ ਵਾਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਪੇਸ਼ੀ ਤੋਂ ਛੋਟ ਦਿੱਤੀ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਸੰਵਿਧਾਨ ਦੀ ਉਲੰਘਣਾ ਹੋ ਰਹੀ ਹੈ ਤੇ ਆਪ ਮੰਗ ਕਰਦੀ ਹੈ ਕਿ ਇਨ੍ਹਾਂ ਬਾਗੀ ਵਿਧਾਇਕਾਂ ’ਤੇ ਕਾਰਵਾਈ ਕੀਤੀ ਜਾਵੇ।

‘ਆਪ’ ਤੇ ਅਕਾਲੀ ਵਿਧਾਇਕਾਂ ਦੇ ਹਮਲੇ ਦਾ ਜਵਾਬ ਦਿੰਦਿਆਂ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੰਵਿਧਾਨ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂ ਤਕ ਉਨ੍ਹਾਂ ਦੀ ਤਸੱਲੀ ਨਹੀਂ ਹੁੰਦੀ ਸਪੀਕਰ ਨੂੰ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਵਿਧਾਇਕ ’ਤੇ ਕਾਰਵਾਈ ਨੂੰ ਰੋਕ ਸਕਦਾ ਹੈ। ਉਨ੍ਹਾਂ ਕਿਹਾ ਕਿ ਸਪੀਕਰ ਨੂੰ ਸਮਾਂਬੱਧ ਨਹੀਂ ਕੀਤਾ ਜਾ ਸਕਦਾ, ਜੇ ਕਿਸੇ ਨੂੰ ਇਤਰਾਜ ਹੈ ਤਾਂ ਅਦਾਲਤ ਜਾ ਸਕਦਾ ਹੈ। ਇਸ ’ਤੇ ਚੀਮਾ ਨੇ ਕਿਹਾ ਕਿ ਅਜਿਹਾ ਕਹਿ ਕੇ ਤੁਸੀਂ ਪੰਜ ਸਾਲ ਕੱਢ ਦੇਣੇ ਹਨ। ਸਪੀਕਰ ਨੇ ਕਿਹਾ ਕਿ ਚੀਮਾ ਜੀ, ਤੁਸੀਂ ਖੁਦ ਵਕੀਲ ਹੋ ਤੇ ਕਾਨੂੰਨ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ।

ਕੈਪਟਨ ਅਤੇ ਜਾਖੜ ’ਤੇ ਦਰਜ਼ ਹੋਵੇ ਮੁਕਦਮਾ : ਮਜੀਠੀਆ

ਸਿਫਰ ਕਾਲ ਦੌਰਾਨ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਜਗਤਾਰ ਸਿੰਘ ਤੇ ਕਿਰਪਾਲ ਸਿੰਘ (ਬਾਪ-ਪੁੱਤ) ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਦਨ ਵਿਚ ਚੁੱਕਿਆ। ਮਜੀਠੀਆ ਨੇ ਕਿਹਾ ਕਿ ਬਾਪ ਪੁੱਤ ਨੇ ਖੁਦਕਸ਼ੀ ਨੋਟ ਵਿਚ ਕਰਜ਼ਾ ਮਾਫ਼ ਨਾ ਹੋਣ ਦੀ ਗੱਲ ਕਹੀ ਹੈ। ਜਿਸ ਵਿਚ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਤੇ ਸਹਿਕਾਰਤਾ ਮੰਤਰੀ ’ਤੇ ਕੇਸ ਦਰਜ ਦੀ ਮੰਗ ਕੀਤੀ। ਮਜੀਠੀਆ ਨੇ ਕਿਹਾ ਕਿ ਖੁਦਕਸ਼ੀ ਕਰਨ ਵਾਲੇ ਬਾਪ ਪੁੱਤ ਦੋਵੇਂ ਗਰੀਬ ਕਿਸਾਨ ਸਨ ਅਤੇ ਜਿਨ੍ਹਾਂ ’ਤੇ ਸੁਸਾਇਟੀ ਦਾ ਕਰਜ਼ ਸੀ। ਮਜੀਠੀਆ ਆਪਣੇ ਨਾਲ ਇਨ੍ਹਾਂ ਕਿਸਾਨਾਂ ਦਾ ਸੁਸਾਈਡ ਨੋਟ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਡ਼੍ਹਤੀਆਂ, ਬੈਂਕਾਂ ਅਤੇ ਪ੍ਰਾਈਵੇਟ ਬੈਂਕਾਂ ਦਾ ਕਰਜ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਪੂਰਾ ਨਾ ਕਰਨ ਕਾਰਨ ਕਿਸਾਨ ਲਗਾਤਾਰ ਆਤਮਹੱਤਿਆ ਕਰ ਰਹੇ ਹਨ। ਅਜਿਹੇ ਵਿਚ ਵਾਅਦਾ ਖਿਲਾਫੀ ਦੇ ਚਲਦੇ ਮੁੱਖ ਮੰਤਰੀ ’ਤੇ ਕਾਂਗਰਸ ਪ੍ਰਧਾਨ ਖਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਮਜੀਠੀਆਂ ਦੀ ਇਸ ਗੱਲ ਦਾ ਸੱਤਾ ਧਿਰ ਦੇ ਵਿਧਾਇਕਾਂ ਨੇ ਵਿਰੋਧ ਕੀਤਾ।

ਛੇ ਵਿਧਾਇਕ ਗ਼ੈਰ ਹਾਜ਼ਰ, ਦੋ ਸਵਾਲ ਟਾਲ਼ੇ, 32 ਮਿੰਟ ’ਚ ਪ੍ਰਸ਼ਨ ਕਾਲ ਸਮਾਪਤ

ਸੈਸ਼ਨ ਵਧਾਉਣ ਦੀ ਮੰਗ ਕਰਨ ਵਾਲੇ ਵਿਧਾਇਕਾਂ ਦਾ ਆਲਮ ਅੱਜ ਇਹ ਰਿਹਾ ਕਿ ਇਕ ਘੰਟੇ ਤੱਕ ਚੱਲਣ ਵਾਲਾ ਪ੍ਰਸ਼ਨ ਕਾਲ ਸਿਰਫ 32 ਮਿੰਟ ਹੀ ਚੱਲ ਸਕਿਆ ਕਿਉਂਕਿ ਛੇ ਵਿਧਾਇਕ ਗ਼ੈਰ ਹਾਜ਼ਰ ਸਨ ਜਿਸ ਕਾਰਨ ਉਨ੍ਹਾਂ ਦੇ ਸੱਤ ਸਵਾਲ ਨਹੀਂ ਲੱਗ ਸਕੇ। ਇਸੇ ਤਰ੍ਹਾਂ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਨਾ ਆਉਣ ਕਾਰਨ ਉਨ੍ਹਾਂ ਨਾਲ ਸਬੰਧਤ ਦੋ ਸਵਾਲ ਸਪੀਕਰ ਨੇ ਟਾਲ਼ ਦਿੱਤੇ।

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰਡੋਾ ਨੇ ਇਸ ’ਤੇ ਕਿਹਾ ਕਿ ਜੇਕਰ ਪ੍ਰਸ਼ਨ ਕਾਲ ਵਿਧਾਇਕਾਂ ਦੇ ਨਾ ਆਉਣ ’ਤੇ ਛੇਤੀ ਖਤਮ ਹੋ ਜਾਵੇ ਤਾਂ ਦਸ ਸਵਾਲ ਹੋਰ ਉਡੀਕ ਸੂਚੀ ਵਿਚ ਰੱਖਣ ਲੈਣੇ ਚਾਹੀਦੇ ਹਨ ਤਾਂ ਜੋ ਹੋਰ ਵਿਧਾਇਕਾਂ ਦੇ ਸਵਾਲ ਲੱਗ ਸਕਣ। ਸਪੀਕਰ ਨੇ ਇਸ ਸੁਝਾਅ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਬਾਰੇ ਸੋਚਿਆ ਜਾ ਸਕਦਾ ਹੈ।

ਬਠਿੰਡਾ ਦਿਹਾਤੀ ਤੋਂ ਆਪ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਬਠਿੰਡਾ ਦੇ ਘੁੱਦਾ ਵਿਚ ਕੇਂਦਰੀ ਯੂਨੀਵਰਸਿਟੀ ਨੂੰ ਕਈ ਪਿੰਡਾਂ ਨਾਲ ਜੋਡ਼ਨ ਵਾਲੀ ਸਡ਼ਕ ਦਾ ਮੁੱਦਾ ਚੁੱਕਿਆ। ਨਾਲ ਹੀ ਉਨ੍ਹਾਂ ਨੇ ਸੰਗਤ ਮੰਡੀ ਦੇ ਹਸਪਤਾਲ ਨਾਲ ਜੁਡ਼ਨ ਵਾਲੀ ਸਡ਼ਕ ਦੀ ਖਰਾਬ ਹਾਲਤ ਦਾ ਸਦਨ ਵਿਚ ਜ਼ਿਕਰ ਕੀਤਾ। ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲੇ 2014 ਵਿਚ ਬਣੀਆਂ ਸਡ਼ਕਾਂ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਦੀ ਵਾਰੀ ਆਉਣ ’ਤੇ ਇਨ੍ਹਾਂ ਨੂੰ ਬਣਾਇਆ ਜਾਵੇਗਾ।

ਬੁਢਲਾਢਾ ਤੋਂ ਆਪ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਬਰੇਟਾ ਵਿਚ ਸੀਵਰੇਜ ਸਮੱਸਿਆਵਾਂ ਦਾ ਮਾਮਲਾ ਚੁੱਕਿਆ। ਉਨ੍ਹਾਂ ਨੇ ਸਦਨ ਵਿਚ ਇਲਾਕੇ ਦੀਆਂ ਸਮੱਸਅਿਾਵਾਂ ਵੱਲ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਉਥੇ ਸੀਵਰੇਜ ਦੀ ਸਮੱਸਿਆ ਕਾਰਨ ਲੋਕਾਂ ਨੂੰ ਹਮੇਸ਼ਾ ਪਰੇਸ਼ਾਨੀ ਰਹਿੰਦੀ ਹੈ। ਪਾਣੀ ਹਮੇਸ਼ਾ ਖਡ਼੍ਹਾ ਰਹਿੰਦਾ ਹੈ ਜਿਸ ਨੂੰ ਕੱਢਣ ਲਈ ਹਾਲੇ ਤੱਕ ਕੋਈ ਸਰਕਾਰੀ ਯਤਨ ਨਹੀਂ ਹੋਇਆ ਹੈ।

ਕੋਟਕਪੂਰਾ ਦੇ ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਵਿਚ ਸਰਕਾਰ ਤੋਂ ਆਪਣੇ ਇਲਾਕੇ ਦੀਆਂ ਨਾਲੀਆਂ ਨੂੰ ਬੰਦ ਕਰਨ ਤੇ ਉਨ੍ਹਾਂ ਨੂੰ ਸੀਵਰੇਜ ਨਾਲ ਜੋਡ਼ਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਨਸ਼ਾ ਸਮੱਗਲਰਾਂ ਖਿਲਾਫ ਦਰਜ ਮਾਮਲਿਆਂ ਦਾ ਵੇਰਵਾ, ਸਰਦੀਆਂ ਵਿਚ ਸਕੂਲੀ ਬੱਚਿਆਂ ਨੂੰ ਹੇਠਾਂ ਬਿਠਾਉਣ ਵਾਲੇ ਅਧਿਆਪਕਾਂ ਤੇ ਪਲਾਸਟਿਕ ਚੌਲਾਂ ਦੀ ਆਮਦ ਵਾਲੇ ਵਿਅਕਤੀਆਂ ਤੇ ਅਧਿਕਾਰੀਆਂ ਖਿਲਾਫ ਕਾਰਵਾਈ ਦਾ ਮਾਮਲਾ ਚੁੱਕਿਆ

ਸਬਜ਼ੀਆਂ ਤੇ ਫਲਾਂ ਲਈ ਐੱਮਐੱਸਪੀ ਦੀ ਮੰਗ

ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਕਿਸਾਨਾਂ ਨਾਲ ਸਬੰਧਤ ਮਸਲਿਆਂ ’ਤੇ ਚਰਚਾ ਕਰਨ ਲਈ ਦੋ ਦਿਨ ਰੱਖਣ ਅਤੇ ਸਬਜ਼ੀਆਂ ਤੇ ਫਲਾਂ ਲਈ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਐਲਾਨਣ ਦੀ ਮੰਗ ਕੀਤੀ ਹੈ।

ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਫ਼ਦ ਨੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮੰਗ ਪੱਤਰ ਸੌਂਪਿਆ।

ਅਕਾਲੀ ਦਲ ਦੇ ਵਿਧਾਇਕਾਂ ਬਿਕਰਮ ਸਿੰਘ ਮਜੀਠੀਆ, ਐੱਨਕੇ ਸ਼ਰਮਾ, ਪਵਨ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਯਾਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਦਿਲਰਾਜ ਸਿੰਘ ਭੂੰਦਡ਼, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਬਲਦੇਵ ਸਿੰਘ ਖਹਿਰਾ ਤੇ ਸੁਖਵਿੰਦਰ ਸਿੰਘ ਸੁੱਖੀ ਨੇ ਸਪੀਕਰ ਨੂੰ ਦੱਸਿਆ ਕਿ ਸੂਬਾ ਖੇਤੀ ਸੰਕਟ ਵਿਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ ਦਾ ਵਾਅਦਾ ਕੀਤਾ ਸੀ।

ਵਿਧਾਇਕਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣਾ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਪੂਰਨ ਵਿਚ ਫੇਲ੍ਹ ਹੋ ਗਈ ਜਿਸ ਕਾਰਨ 1500 ਕਿਸਾਨਾਂ ਨੇ ਆਤਮ ਹੱਤਿਆਵਾਂ ਕਰ ਲਈਆਂ ਤੇ ਕਰਜ਼ਿਆਂ ਵਿਚ ਹੋਰ ਡੱੁਬ ਗਏ ਕਿਉਂਕਿ ਲੋਕਾਂ ਨੇ ਮੁੱਖ ਮੰਤਰੀ ’ਤੇ ਭਰੋਸਾ ਕਰਕੇ ਕਰਜ਼ਿਆਂ ਦੀਆਂ ਕਿਸ਼ਤਾਂ ਨਹੀਂ ਭਰੀਆਂ।

ਗਿੱਲ ਤੇ ਮਜੀਠੀਆ ਹੋਏ ਮਿਹਣੋ-ਮਿਹਣੀ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਉਠੀ ਮੰਗ

ਰਾਜਪਾਲ ਦੇ ਭਾਸ਼ਣ ’ਤੇ ਚਰਚਾ ਦੌਰਾਨ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਸਦਨ ਵਿਚ ਖੂਬ ਮਿਹਣੋ-ਮਿਹਣੀ ਹੋਏ। ਦੋਵਾਂ ਨੇ ਇਕ ਦੂਜੇ ਦੇ ਪੋਤਡ਼ੇ ਫਰੋਲ ਦਿੱਤੇ ਅਤੇ ਇਕ ਦੂਜੇ ਖਿਲਾਫ਼ ਕਈ ਅਜਿਹੇ ਸ਼ਬਦ ਵਰਤੇ ਜਿਨ੍ਹਾਂ ਨੂੰ ਸਪੀਕਰ ਨੇ ਸਦਨ ਦੀ ਕਾਰਵਾਈ ਵਿਚੋਂ ਹਟਾ ਦਿੱਤਾ।

ਹਰਮਿੰਦਰ ਸਿੰਘ ਗਿੱਲ ਰਾਜਪਾਲ ਦੇ ਭਾਸ਼ਣ ’ਤੇ ਚਰਚਾ ਕਰ ਰਹੇ ਸਨ ਕਿ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਸਾਕਾ ਨਨਕਾਣਾ ਸਾਹਿਬ ਦਾ ਜ਼ਿਕਰ ਕੀਤਾ ਕਿ ਸਰਕਾਰ ਵਲੋਂ ਹਿੰਦ ਦੀ ਚਾਦਰ ਦਾ 400 ਸਾਲਾ ਮਨਾ ਰਹੀ ਹੈ। ਪਰ ਸਾਕਾ ਨਨਕਾਣਾ ਸਾਹਿਬ ਨੂੰ ਭੁੱਲ ਗਈ। ਇਸਦਾ ਜਵਾਬ ਦੇਣ ਲਈ ਗਿੱਲ ਨੇ ਸ੍ਰੋਮਣੀ ਕਮੇਟੀ ਦੀ ਕਾਰੁਗਜ਼ਾਰੀ ’ਤੇ ਕਿੰਤੂ ਕੀਤਾ ਤਾਂ ਬਿਕਰਮ ਸਿੰਘ ਮਜੀਠੀਆ ਨੇ ਹਰਮਿੰਦਰ ਗਿੱਲ ਦੀ ਨਿੱਜੀ ਜ਼ਿੰਦਗੀ ’ਤੇ ਸਵਾਲ ਖਡ਼੍ਹੇ ਕਰ ਦਿੱਤੇ। ਇਸ ਤਰ੍ਹਾਂ ਦੋਵਾਂ ਨੇ ਇਕ ਦੂਜੇ ਖਿਲਾਫ਼ ਨਿੱਜੀ ਤੇ ਪਰਿਵਾਰਕ ਪਿਛੋਕਡ਼ ਬਾਰੇ ਖੂਬ ਸ਼ਬਦੀ ਹਮਲੇ ਕੀਤੇ।

ਗਿੱਲ ਨੇ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਕੀਤੀ। ਅਕਾਲੀ ਦਲ ਦੇ ਬਾਗੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਚੋਣਾਂ ਪੰਜਾਬ ਸਰਕਾਰ ਨੇ ਕਰਵਾਉਣੀਆਂ ਹਨ। ਕੇਂਦਰ ਸਰਕਾਰ ਨੇ ਗੁਰਦੁਆਰਾ ਕਮਿਸ਼ਨ ਦੀ ਤਾਇਨਾਤੀ ਕਰ ਦਿੱਤੀ ਹੈ ਪਰ ਪੰਜਾਬ ਸਰਕਾਰ ਵਲੋਂ ਕਮਿਸ਼ਨ ਨੂੰ ਦਫ਼ਤਰ ਤੇ ਸਟਾਫ ਤੱਕ ਉਪਲਬਧ ਨਹੀਂ ਕਰਵਾਇਆ।

ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਐੱਸਜੀਪੀਸੀ ਦੀਆਂ ਚੋਣਾਂ ਲਈ ਦੇਰੀ ਲਈ ਸਰਕਾਰ ਨੂੰ ਜ਼ਿੰਮੇਵਾਰੀ ਦੱਸਿਆ। ਉਨ੍ਹਾਂ ਕਿਹਾ ਕਿ ਅਜੇ ਤਕ ਕਮਿਸ਼ਨ ਨੂੰ ਦਫ਼ਤਰ ਲਈ ਜਗ੍ਹਾ ਨਹੀਂ ਦਿੱਤੀ ਗਈ, ਜਿੱਥੇ ਉਹ ਬੈਠ ਕੇ ਕੰਮ ਕਰ ਸਕਣ ਅਤੇ ਚੋਣਾਂ ਲਈ ਰਣਨੀਤੀ ਤਿਆਰ ਕਰ ਸਕਣ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਸਲ ਵਿੱਚ ਅਕਾਲੀ ਦਲ ਦੇ ਨਾਲ ਮਿਲੇ ਹੋਏ ਹਨ, ਇਸ ਲਈ ਉਹ ਨਹੀਂ ਚਾਹੁੰਦੇ ਕਿ ਚੋਣਾਂ ਕਰਵਾਈਆਂ ਜਾਣ।

ਇਸੇ ਦੌਰਾਨ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਲਛਮਣ ਸਿੰਘ ਧੀਰੋਵਾਲੀ ਦੇ ਇਤਿਹਾਸ ਤੇ ਪਿਛੋਕਡ਼ ਬਾਰੇ ਸਦਨ ਨੂੰ ਜਾਣੂ ਕਰਵਾਉਂਦੇ ਹੋਏ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆਂ ’ਤੇ ਹਮਲਾ ਬੋਲਿਆ।

Posted By: Tejinder Thind