ਪੱਤਰ ਪੇ੍ਰਰਕ ਕੋਟਕਪੂਰਾ: ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ ਪ੍ਰਵੀਨ ਗਰਗ ਵਾਸੀ ਨਵੀਂ ਦਾਣਾ ਮੰਡੀ ਕੋਟਕਪੂਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।

ਪ੍ਰਵੀਨ ਕੁਮਾਰ ਗਰਗ ਯੂ.ਕੇ ਪੈਸਟੀਸਾਈਡ ਕਮਿਸ਼ਨ ਏਜੰਟ ਦੁਕਾਨ ਨਵੀਂ ਦਾਣਾ ਮੰਡੀ ਕੋਟਕਪੂਰਾ ਦੇ ਦਸਿਆ ਕਿ ਉਹ ਦੁਕਾਨ 'ਤੇ ਮੁਨੀਮੀ ਦਾ ਕੰਮ ਕਰੀਬ 21/22 ਸਾਲ ਤੋਂ ਕਰ ਰਿਹਾ ਹੈ। ਦੁਕਾਨ ਪਰ ਫ਼ਸਲਾਂ ਦਾ ਲੈਣ-ਦੇਣ ਚਲਦਾ ਰਹਿੰਦਾ ਹੈ। ਵਪਾਰੀਆਂ ਅਤੇ ਕਿਸਾਨਾਂ ਨੂੰ ਪੈਸੇ ਦੇਣੇ ਹੋਣ ਕਰਕੇ ਉਹ ਬੀਤੀ 18 ਮਾਰਚ ਨੂੰ ਕਰੀਬ 5 ਲੱਖ 25 ਹਜ਼ਾਰ ਰੁਪਏ ਆਪਣੇ ਆੜ੍ਹਤ ਦੀ ਦੁਕਾਨ ਵਿਚ ਬਣੇ ਦਫ਼ਤਰ ਵਿਚ ਲੋਹੇ ਦੀ ਪਈ ਸੇਫ਼ (ਤਿਜੋਰੀ) ਵਿਚ ਰੱਖ ਦਿੱਤੇ ਸਨ। ਪਰੰਤੂ ਜਿਸ ਵਪਾਰੀ ਨੂੰ ਇਹ ਪੇਮੈਂਟ ਦੇਣੀ ਸੀ, ਉਹ ਵਪਾਰੀ ਪੇਮੈਂਟ ਲੈਣ ਨਹੀਂ ਆਇਆ, ਜਿਸ ਕਰ ਕੇ ਇਹ ਪੈਸੇ ਉਸ ਨੇ ਆਪਣੇ ਦਫ਼ਤਰ ਵਿਚ ਪਈ ਤਿਜੋਰੀ ਵਿਚ ਰੱਖ ਦਿੱਤੇ ਸੀ, ਜਿਸ ਨੂੰ ਤਾਲਾ ਲੱਗਾ ਕੇ ਰੋਜ਼ਾਨਾਂ ਦੀ ਤਰ੍ਹਾਂ ਸ਼ਾਮ ਨੂੰ ਆਪਣੇ ਘਰ ਚਲਾ ਗਿਆ। ਅਗਲੇ ਦਿਨ ਜਦ ਉਸ ਨੇ ਦੁਕਾਨ 'ਤੇ ਆ ਕੇ ਵੇਖਿਆ ਤਾਂ ਦੁਕਾਨ ਦਾ ਮੇਨ ਸ਼ਟਰ ਵਿਚਕਾਰ ਤੋਂ ਟੁੱਟਿਆ ਹੋਇਆ ਸੀ ਅਤੇ ਉਪਰ ਨੂੰ ਚੁੱਕਿਆ ਹੋਇਆ ਸੀ, ਜਦ ਦੁਕਾਨ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਵਿਚੋਂ ਜੋ ਲੋਹੇ ਦੀ ਸੇਫ਼ ਪਈ ਤਿਜੋਰੀ ਸੀ, ਉਸ ਵਿਚੋਂ ਰਾਸ਼ੀ ਗਾਇਬ ਪਾਈ ਗਈ। ਇਸ ਸਬੰਧ 'ਚ ਪੁਲਿਸ ਨੇ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।