ਹਰਪ੍ਰੀਤ ਸਿੰਘ ਚਾਨਾ ਫਰੀਦਕੋਟ : ਪਿਛਲੇ ਦਿਨੀਂ ਆਪਣੇ ਪਰਿਵਾਰ ਸਮੇਤ ਨੇੜਲੇ ਪਿੰਡ ਕਲੇਰ 'ਚ ਇੱਟਾਂ ਦੇ ਭੱਠੇ 'ਤੇ ਬਤੌਰ ਮੁਨਸ਼ੀ ਨੌਕਰੀ ਕਰਨ ਵਾਲੇ ਧਰਮਪਾਲ ਵਲੋਂ ਆਪਣੀ ਪਤਨੀ, ਬੇਟੇ ਅਤੇ ਬੇਟੀ ਸਮੇਤ ਅੱਗ ਲਾ ਕੇ ਆਤਮਦਾਹ ਕਰਨ ਦੇ ਮਾਮਲੇ 'ਚ ਪੁਲਿਸ ਨੇ ਬਠਿੰਡੇ ਦੇ ਵਪਾਰੀ ਸ਼ੰਟੀ ਮਿੱਤਲ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਹੈ। ਜਿਕਰਯੋਗ ਹੈ ਕਿ ਮ੍ਰਿਤਕ ਕੋਲੋਂ ਮਿਲੇ ਖੁਦਕੁਸ਼ੀ ਨੋਟ ਦੇ ਬਾਵਜੂਦ ਪੁਲਿਸ ਵਲੋਂ ਕਾਰਵਾਈ ਨਾ ਕਰਨ ਨੂੰ ਲੈ ਕੇ ਰਾਜਸਥਾਨ ਤੋਂ ਆਏ ਮ੍ਰਿਤਕ ਦੇ ਵਾਰਸਾਂ ਤੇ ਰਿਸ਼ਤੇਦਾਰਾਂ ਵਲੋਂ ਹੰਗਾਮਾ ਕਰਨ ਅਤੇ ਦਲਿਤ ਆਗੂ ਬੋਹੜ ਸਿੰਘ ਘਾਰੂ ਦੀ ਅਗਵਾਈ 'ਚ ਲੋਕ ਜਨਸ਼ਕਤੀ ਪਾਰਟੀ ਵਲੋਂ ਵੀ ਇਤਰਾਜ਼ ਪ੍ਰਗਟਾਉਣ 'ਤੇ ਪੁਲਿਸ ਨੇ ਕਾਨੂੰਨੀ ਰਾਇ ਲੈਣ ਤੋਂ ਬਾਅਦ ਮਾਮਲਾ ਦਰਜ ਕੀਤਾ। ਇੱਟਾਂ ਦੇ ਭੱਠੇ ਦੇ ਖੇਤਰ ਨਾਲ ਜੁੜੇ ਵਪਾਰੀ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਧਰਮਪਾਲ, ਉਸਦੀ ਪਤਨੀ, ਬੇਟੀ ਅਤੇ ਬੇਟੇ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਅੰਤਿਮ ਸਸਕਾਰ ਹੋਇਆ।

ਜ਼ਿਕਰਯੋਗ ਹੈ ਕਿ ਪਿੰਡ ਕਲੇਰ ਦੇ ਇੱਟਾਂ ਵਾਲੇ ਭੱਠੇ 'ਤੇ ਡਿਊਟੀ ਕਰਨ ਵਾਲੇ ਬਤੌਰ ਮੁਨਸ਼ੀ ਧਰਮਪਾਲ ਨੇ ਆਪਣੇ ਘਰ 'ਚ ਪਤਨੀ, ਬੇਟੀ, ਬੇਟੇ ਨਾਲ ਖੁਦ ਨੂੰ ਅੱਗ ਲਾ ਕੇ ਆਤਮਦਾਹ ਕਰ ਲਿਆ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਸਮੇਤ ਲੋਜਪਾ ਅਤੇ ਹੋਰ ਮਜਦੂਰ ਜਥੇਬੰਦੀਆਂ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਰੋਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਖੁਦਕੁਸ਼ੀ ਨੋਟ ਦੇ ਆਧਾਰ 'ਤੇ ਬਠਿੰਡੇ ਦੇ ਵਪਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਰੱਖੀ।

ਮ੍ਰਿਤਕ ਦੇ ਭਰਾ ਪਰਸ ਰਾਮ ਅਤੇ ਚਚੇਰੇ ਭਰਾ ਜਗਦੀਸ਼ ਪ੍ਰਸ਼ਾਦ ਨੇ ਦਾਅਵਾ ਕੀਤਾ ਕਿ ਧਰਮਪਾਲ ਨੇ ਰਾਜਸਥਾਨ ਤੋਂ 45 ਲੱਖ ਰੁਪਏ ਮੰਗਵਾ ਕੇ ਭੱਠੇ 'ਚ ਹਿੱਸਾ ਪਾਇਆ ਸੀ ਪਰ ਭੱਠਾ ਮਾਲਕ ਨੇ ਬੀਤੀ 31 ਅਗਸਤ ਨੂੰ ਹਿਸਾਬ-ਕਿਤਾਬ ਕਰਨ ਤੋਂ ਬਾਅਦ ਧਰਮਪਾਲ ਵੱਲ 62 ਲੱਖ ਰੁਪਏ ਦੀਆਂ ਦੇਣਦਾਰੀਆਂ ਹੋਰ ਦਿਖਾ ਦਿੱਤੀਆਂ, ਜਿਸ ਕਰਕੇ ਧਰਮਪਾਲ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਗਿਆ ਸੀ। ਇਸ ਬਾਰੇ ਉਸ ਨੇ ਆਪਣੇ ਭਰਾ ਨੂੰ ਵੀ ਫੋਨ ਰਾਹੀਂ ਜਾਣਕਾਰੀ ਦਿੱਤੀ। ਸਤਵਿੰਦਰ ਸਿੰਘ ਵਿਰਕ ਡੀਐੱਸਪੀ ਨੇ ਸ਼ੰਟੀ ਮਿੱਤਲ ਖਿਲਾਫ ਮਾਮਲਾ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ ਅਮਨ ਕਾਨੂੰਨ ਦੀ ਹਾਲਤ ਬਰਕਰਾਰ ਰੱਖਣ ਲਈ ਹਰ ਤਰਾਂ ਦੀ ਸੰਭਵ ਸਖਤੀ ਕੀਤੀ ਜਾਵੇਗੀ।

Posted By: Jagjit Singh