ਕੈਪਸ਼ਨ : ਬਾਘਾਪੁਰਾਣਾ ਵਿਖੇ ਸੁੰਨਸਾਨ ਪਿਆ ਬੱਸ ਸਟੈਂਡ।

ਨੰਬਰ : 5 ਮੋਗਾ 3 ਪੀ

ਹਰਿੰਦਰ ਭੱਲਾ, ਬਾਘਾਪੁਰਾਣਾ : ਕੋਰੋਨਾ ਬੀਮਾਰੀ ਕਾਰਨ ਬੱਸਾਂ ਵਿਚ ਆਮ ਲੋਕਾਂ ਦਾ ਆਉਣਾ-ਜਾਣਾ ਕਾਫੀ ਘੱਟ ਗਿਆ ਹੈ। ਜ਼ਿਆਦਾਤਰ ਲੋਕ ਆਪਣੀ ਕਾਰ ਜਾਂ ਮੋਟਰਸਾਈਕਲ ਰਾਹੀਂ ਹੀ ਸ਼ਹਿਰ ਜਾਣ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਵੱਡੀਆਂ ਬੱਸਾਂ ਦੇ ਨਾਲ-ਨਾਲ ਮਿੰਨੀ ਬੱਸਾਂ ਵਾਲਿਆਂ ਦਾ ਵੀ ਬੁਰਾ ਹਾਲ ਹੋ ਗਿਆ ਹੈ ਅਤੇ ਉਹ ਆਰਥਿਕ ਸੰਕਟ ਵਿਚ ਿਘਰ ਗਏ ਹਨ।

ਬਾਘਾਪੁਰਾਣਾ ਸ਼ਹਿਰ ਅੰਦਰ ਰੋਜ਼ਾਨਾ ਤਿੰਨ ਦਰਜਨ ਦੇ ਕਰੀਬ ਮਿੰਨੀ ਬੱਸਾਂ ਚੱਲਦੀਆਂ ਸਨ ਜੋ ਸਵੇਰੇ ਸ਼ਾਮ ਸਵਾਰੀਆਂ ਢੋਹਣ ਦਾ ਕੰਮ ਕਰਦੀਆਂ ਸਨ ਪਰ ਕੋਰੋਨਾ ਬੀਮਾਰੀ ਕਾਰਨ ਲੋਕ ਮਿੰਨੀ ਬੱਸਾਂ ਵਿੱਚ ਜਾਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ, ਕਿਉਂਕਿ ਜਾਗਰੂਕ ਲੋਕ ਸੋਸ਼ਲ ਡਿਸਟੈਂਸ ਨੂੰ ਯਾਦ ਰੱਖਦੇ ਹਨ ਅਤੇ ਮਿੰਨੀ ਬੱਸਾਂ ਵਿਚ ਸੋਸ਼ਲ ਡਿਸਟੈਂਸ ਦੀ ਘਾਟ ਹੁੰਦੀ ਹੈ। ਇਸ ਬਾਬਤ ਮਿੰਨੀ ਬੱਸ ਯੂਨੀਅਨ ਦੇ ਆਗੂ ਨਛੱਤਰ ਸਿੰਘ ਦਾ ਕਹਿਣਾ ਹੈ ਕਿ ਅੱਜ ਤਿੰਨ ਦਰਜਨ ਦੇ ਕਰੀਬ ਬੱਸਾਂ 'ਚੋਂ 6-7 ਬੱਸਾਂ ਹੀ ਚੱਲਦੀਆਂ ਹਨ, ਜਿਹੜੀਆਂ ਬੱਸਾਂ ਚੱਲਦੀਆਂ ਹਨ ਉਨ੍ਹਾਂ ਨੂੰ 800 ਤੋਂ ਲੈ ਕੇ 900 ਰੁਪਏ ਦਾ ਰੋਜ਼ਾਨਾ ਘਾਟਾ ਸਹਿਣਾ ਪੈ ਰਿਹਾ ਹੈ। ਡੀਜ਼ਲ ਤੇਲ ਦੇ ਰੇਟ ਵੱਧ ਗਏ ਹਨ ਪਰ ਕਿਰਾਇਆ ਅਸੀਂ ਵਧਾ ਨਹੀਂ ਸਕਦੇ ਕਿਉਂਕਿ ਮਿੰਨੀ ਬੱਸਾਂ ਵਿਚ ਆਮ ਲੋਕ ਹੀ ਸਫਰ ਕਰਦੇ ਹਨ ਅਤੇ ਉਨ੍ਹਾਂ ਨੂੰ ਵਧਿਆ ਹੋਇਆ ਕਿਰਾਇਆ ਜ਼ਿਆਦਾ ਲਗਦਾ ਹੈ। ਮਿੰਨੀ ਬੱਸ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਸੰਘਾ ਦਾ ਕਹਿਣਾ ਹੈ ਕਿ ਸਰਕਾਰ ਸਾਡਾ ਇਕ ਸਾਲ ਦਾ ਟੈਕਸ ਮੁਆਫ਼ ਕਰੇ ਅਤੇ ਸਾਨੂੰ ਸਬਸਿਡੀ 'ਤੇ ਤੇਲ ਮਿਲੇ ਤਾਂ ਜੋ ਸਾਡਾ ਰੁਜ਼ਗਾਰ ਚੱਲਦਾ ਰਹਿ ਸਕੇ ਅਤੇ ਆਮ ਲੋਕ ਸ਼ਹਿਰ ਅੰਦਰੋਂ ਖ਼ਰੀਦੋ ਫ਼ਰੋਖਤ ਕਰਨ ਆ ਸਕਣ। ਇਸ ਲਈ ਅਜਿਹੇ ਹਾਲਾਤਾਂ ਅੰਦਰ ਸਾਨੂੰ ਸਬਸਿਡੀਆਂ ਮਿਲਣੀਆਂ ਚਾਹੀਦੀਆਂ ਹਨ। ਮਿੰਨੀ ਬੱਸ ਯੂਨੀਅਨ ਦੇ ਆਗੂ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਮਿੰਨੀ ਬੱਸ ਸਟੈਂਡ ਸਾਰਾ ਦਿਨ ਸੁੰਨਸਾਨ ਰਹਿੰਦਾ ਹੈ, ਜਿੱਥੇ ਹਰ ਵੇਲੇ ਮੇਲੇ ਵਰਗਾ ਮਾਹੌਲ ਹੁੰਦਾ ਸੀ ਬੱਸ ਸਟੈਂਡ ਤੇ ਦੁਕਾਨਾਂ ਵਾਲੇ ਵੀ ਦੁਕਾਨਾਂ ਬੰਦ ਰੱਖਦੇ ਹਨ ਕਿਉਂਕਿ ਸਵਾਰੀਆਂ ਨਹੀਂ ਤਾਂ ਗਾਹਕ ਨਹੀਂ। ਇਸ ਲਈ ਸਾਡੀ ਸਾਰਿਆਂ ਦੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਆਮ ਲੋਕਾਂ ਦੀ ਸਹੂਲਤਾਂ ਬਣੀਆਂ ਹੋਈਆਂ ਮਿੰਨੀ ਬੱਸਾਂ ਨੂੰ ਚੱਲਦਾ ਰੱਖਣ ਲਈ ਪੰਜਾਬ ਸਰਕਾਰ ਮਿੰਨੀ ਬੱਸ ਚਾਲਕਾਂ ਦੀ ਬਾਂਹ ਫੜੇ ਅਤੇ ਮੌਕੇ ਦੀ ਨਜ਼ਾਕਤ ਪਹਿਚਾਣਦੇ ਹੋਏ ਉਨ੍ਹਾਂ ਦੀ ਸਹਾਇਤਾ ਕਰੇ।