ਮਰੀਜ਼ਾਂ ਦੀ ਲੁੱਟ ਬੰਦ ਕਰਾਉਣ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ : ਚੰਦਬਾਜਾ

ਤਰਸੇਮ ਚਾਨਣਾ, ਫਰੀਦਕੋਟ : ਡਰੱਗ ਮਾਫੀਆ, ਐੱਮਆਰਪੀ, ਜੈਨਰਿਕ ਤੇ ਬਰੈਂਡਡ ਦਵਾਈਆਂ ਦੇ ਮੁੱਦੇ 'ਤੇ ਸਥਾਨਕ ਫਰੀਦਕੋਟ ਸੜਕ 'ਤੇ ਸਥਿਤ ਰਜਿੰਦਰ ਸਿੰਘ ਬਰਾੜ ਦੇ ਫਾਰਮ ਹਾਊਸ 'ਤੇ ਹੋਈ ਵਿਚਾਰ ਚਰਚਾ ਦੋਰਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰਰੀਤ ਸਿੰਘ ਚੰਦਬਾਜਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੈਂਸਰ ਸਪੈਸ਼ਲਿਸਟ ਡਾ. ਮਨਜੀਤ ਸਿੰਘ ਜੋੜਾ, ਚਲੰਤ ਮਾਮਲਿਆਂ ਦੇ ਮਾਹਰ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਉੱਘੇ ਸਾਹਿਤਕਾਰ ਡਾ ਦੇਵਿੰਦਰ ਸੈਫੀ ਆਦਿ ਨੇ ਹਿੱਸਾ ਲਿਆ। ਆਪਣੇ ਸੰਬੋਧਨ ਦੌਰਾਨ ਗੁਰਪ੍ਰਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਸੁਸਾਇਟੀ ਵਲੋਂ 8-10 ਸਾਲ ਪਹਿਲਾਂ ਕੈਂਸਰ ਪੀੜਤਾਂ ਦੀ ਹੁੰਦੀ ਲੁੱਟ ਨੂੰ ਰੋਕਣ ਲਈ ਐੱਮਆਰਪੀ ਦੇ ਮੁੱਦੇ 'ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ, ਪ੍ਰਸ਼ਾਸਨ ਅਤੇ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਲੁੱਟ ਰੋਕਣ ਦੀ ਬਜਾਏ ਉਲਟਾ ਉਨ੍ਹਾਂ ਉੱਪਰ ਝੂਠਾ ਪੁਲਿਸ ਮਾਮਲਾ ਦਰਜ ਕਰ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਦਵਾਈ ਕੰਪਨੀਆਂ ਵੱਲੋਂ ਵਿਕ੍ਰੇਤਾਵਾਂ ਨੂੰ ਸਿੰਗਾਪੁਰ, ਮਲੇਸ਼ੀਆ ਦੇ ਟੂਰ/ਪੈਕੇਜ ਅਰਥਾਤ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦਾ ਕਹਿ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਅਤੇ ਆਰਥਿਕ ਸ਼ੋਸ਼ਣ ਕਰਨ ਦੀ ਖੁੱਲ੍ਹ ਦੇਣ ਵਰਗੀਆਂ ਗੱਲਾਂ ਚਿੰਤਾਜਨਕ ਹਨ। ਡਾ. ਮਨਜੀਤ ਸਿੰਘ ਜੋੜਾ ਨੇ ਆਖਿਆ ਕਿ ਸਾਰੇ ਡਾਕਟਰ ਅਤੇ ਕੈਮਿਸਟ ਲਾਲਚੀ ਜਾਂ ਭਿ੍ਸ਼ਟ ਨਹੀਂ ਹੁੰਦੇ, ਇਸ ਲਈ ਉਨ੍ਹਾਂ ਮਨੁੱਖਤਾ ਦਾ ਦਰਦ ਸਮਝਣ ਵਾਲੇ ਇਮਾਨਦਾਰ ਡਾਕਟਰਾਂ ਤੇ ਕੈਮਿਸਟਾਂ ਨੂੰ ਨਾਲ ਲੈ ਕੇ ਡਰੱਗ ਮਾਫੀਏ ਖਿਲਾਫ ਸੰਘਰਸ਼ ਵਿੱਢਣ ਦੀ ਲੋੜ ਹੈ। ਗੁਰਪ੍ਰਰੀਤ ਸਿੰਘ ਚੰਦਬਾਜਾ ਨੇ ਐਲਾਨ ਕੀਤਾ ਕਿ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਇਸ ਮੁੱਦੇ ਨੂੰ ਲੈ ਕੇ ਹਾਈ ਕੋਰਟ ਵੀ ਜਾਵੇਗੀ ਅਤੇ ਕੇਂਦਰੀ ਰਾਸਾਇਣ ਮੰਤਰੀ ਨਾਲ ਮੁਲਾਕਾਤ ਕਰ ਕੇ ਇਸ ਸਮੱਸਿਆ ਖਿਲਾਫ ਦੇਸ਼ ਵਾਸੀਆਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿੱਢਣ ਤੋਂ ਸੰਕੋਚ ਨਹੀਂ ਕਰੇਗੀ।

05ਐਫਡੀਕੇ106:-ਜਾਣਕਾਰੀ ਦਿੰਦੇ ਹੋਏ ਗੁਰਪ੍ਰਰੀਤ ਸਿੰਘ ਚੰਦਬਾਜਾ ਤੇ ਹੋਰ।