ਚਾਰ ਕਿਲੋਮੀਟਰ ਤਕ ਜਮੀਨਦੋਜ਼ ਪਾਈਪਾਂ ਪੈਣ ਦੇ ਬਾਵਜੂਦ ਰੁਕਿਆ ਕੰਮ

ਪੱਤਰ ਪ੍ਰਰੇਰਕ, ਕੋਟਕਪੂਰਾ : ਨੇੜਲੇ ਪਿੰਡ ਅੌਲਖ ਦੇ ਛੱਪੜਾਂ ਤੇ ਮੀਂਹ ਨਾਲ ਇਕੱਠੇ ਹੋਣ ਵਾਲੇ ਪਾਣੀ ਦੀ ਨਿਕਾਸੀ ਦਾ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਦਰਬਾਰ ਪਹੁੰਚ ਗਿਆ ਹੈ। ਪਿੰਡ ਦੇ ਸਰਪੰਚ ਤੇ ਆੜਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਊਧਮ ਸਿੰਘ ਅੌਲਖ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖੇ ਪੱਤਰ 'ਚ ਦੱਸਿਆ ਹੈ ਕਿ ਪਿੰਡ ਅੌਲਖ ਦੇ ਮੀਂਹ ਦੇ ਪਾਣੀ ਦੇ ਡਰੇਨ ਵਿੱਚ ਨਿਕਾਸ ਕਰਨ ਲਈ ਨਾਲ ਲੱਗਦੇ ਪਿੰਡ ਬੱਗੇਆਣਾ ਦੇ ਵਸਨੀਕ ਵਿਰੋਧ ਕਰ ਰਹੇ ਹਨ, ਜਦਕਿ ਜਮੀਨਦੋਜ਼ ਪਾਈਪਾਂ ਨਾਲ ਪਿੰਡ ਬੱਗੇਆਣਾ ਦੇ ਕਿਸੇ ਵਸਨੀਕ ਜਾਂ ਮਕਾਨ ਨੂੰ ਕੋਈ ਖਤਰਾ ਨਹੀਂ। ਗਰਾਮ ਪੰਚਾਇਤ ਅੌਲਖ ਦੇ ਉਕਤ ਪੱਤਰ ਦੀ ਕਾਪੀ ਸਿੰਚਾਈ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਸਮੇਤ ਹੋਰ ਵੀ ਅਨੇਕਾਂ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ। ਪਿੰਡ ਅੌਲਖ ਦੇ ਵਸਨੀਕਾਂ ਮੁਤਾਬਿਕ ਅਗਲੇ ਮਹੀਨੇ ਤੋਂ ਬਾਰਿਸ਼ਾਂ ਸ਼ੁਰੂ ਹੋ ਜਾਣੀਆਂ ਹਨ। ਬਾਰਿਸ਼ਾਂ ਦੇ ਮੌਸਮ 'ਚ ਲਗਾਤਾਰ ਮੀਂਹ ਪੈਣ ਕਰਕੇ ਖੇਤਾਂ ਅਤੇ ਛੱਪੜਾਂ 'ਚ ਪਾਣੀ ਜਮ੍ਹਾਂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਪਿੰਡ ਦੀਆਂ ਗਲੀਆਂ-ਨਾਲੀਆਂ ਭਰਨ ਉਪਰੰਤ ਉਕਤ ਪਾਣੀ ਨੀਵੇਂ ਘਰਾਂ 'ਚ ਦਾਖਲ ਹੋ ਕੇ ਘਰੇਲੂ ਸਮਾਨ ਦੇ ਨੁਕਸਾਨ ਦਾ ਸਬੱਬ ਬਣਦਾ ਹੈ। ਉਕਤ ਸਮੱਸਿਆ ਦੇ ਹੱਲ ਲਈ ਪਿੰਡ ਵਾਸੀਆਂ ਨੇ ਪਾਈਪ ਲਾਈਨ ਦੇ ਜਰੀਏ ਲਗਭਗ 4 ਕਿਲੋਮੀਟਰ ਦੀ ਦੂਰੀ ਤੱਕ ਪਿੰਡ ਬੱਗੇਆਣਾ ਦੇ ਨਾਲ ਲੱਗਦੀ ਡਰੇਨ (ਸੇਮਨਾਲਾ) 'ਚ ਪਾਉਣ ਲਈ ਜਮੀਨਦੋਜ਼ ਪਾਈਪਾਂ ਪਾਈਆਂ ਪਰ ਹੁਣ ਪਿੰਡ ਬੱਗੇਆਣਾ ਦੇ ਬਾਹਰਵਾਰ ਜਾਂਦੇ ਰਸਤੇ 'ਚ ਪਾਈਪਾਂ ਪਾਉਣੀਆਂ ਬਾਕੀ ਹਨ, ਜੋ ਕਿ ਪਿੰਡ ਬੱਗੇਆਣਾ ਦੀ ਪੰਚਾਇਤ ਬਿਨਾ ਕਾਰਨ ਅੜਿੱਕਾ ਪਾ ਰਹੀ ਹੈ। ਗ੍ਰਾਮ ਪੰਚਾਇਤ ਅੌਲਖ ਨੇ ਮੰਗ ਕੀਤੀ ਕਿ ਬਾਰਿਸ਼ਾਂ ਦੇ ਮੌਸਮ ਦੀ ਆਮਦ ਦੇ ਮੱਦੇਨਜਰ ਪਹਿਲ ਦੇ ਆਧਾਰ 'ਤੇ ਇਸ ਪੱਤਰ ਨੂੰ ਤਵੱਜੋ ਦਿੰਦੇ ਹੋਏ ਪਾਈਪਾ ਲਾਈਨਾਂ ਉਕਤ ਡਰੇਨ 'ਚ ਪੁਆ ਕੇ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਪਿੰਡ ਅੌਲਖ ਦੇ ਵਸਨੀਕ ਕਿਸੇ ਅਣਕਿਆਸੀ ਆਫਤ ਤੋਂ ਬਚ ਸਕਣ।