==--ਸੁਰੱਖਿਅਤ ਘਰ ਵਾਪਸੀ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

ਤਰਸੇਮ ਚਾਨਣਾ ਫਰੀਦਕੋਟ : ਜ਼ਿਲ੍ਹੇ ਦੇ ਪਿੰਡ ਸੰਧਵਾਂ ਨਾਲ ਸਬੰਧਿਤ 20 ਸ਼ਰਧਾਲੂਆਂ ਦਾ ਜੱਥਾ ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਪਿੰਡ ਸੰਧਵਾਂ ਵਿਖੇ ਪਹੁੰਚਿਆ। ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਥੋਂ ਦੇ ਸਰਕਾਰੀ ਸਕੂਲ ਵਿਖੇ ਇਕਾਂਤਵਾਸ ਕਰ ਦਿੱਤਾ ਗਿਆ ਹੈ। ਉਥੇ ਪਹੁੰਚਣ 'ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਕੋਰੋਨਾ ਵਾਇਰਸ ਦੀ ਜਾਂਚ ਲਈ ਸੈਂਪਲ ਇਕੱਤਰ ਕੀਤੇ ਗਏ। ਇਸ ਮੌਕੇ ਸ਼ਰਧਾਲੂ ਬਲਦੇਵ ਸਿੰਘ ਅਤੇ ਆਤਮਾ ਸਿੰਘ ਆਦਿ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਨਾਲ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਮਹਾਰਾਸ਼ਟਰ ਦੀ ਸਰਕਾਰ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਫਸੇ ਜ਼ਿਲ੍ਹਾ ਫਰੀਦਕੋਟ ਦੇ 20 ਸ਼ਰਧਾਲੂ ਬੀਤੀ ਰਾਤ ਪਹੁੰਚੇ। ਜਿਨ੍ਹਾਂ ਵਿਚ 9 ਮਰਦ ਅਤੇ 11 ਅੌਰਤਾਂ ਸ਼ਾਮਲ ਹਨ। ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਲਈ ਖਾਣ-ਪੀਣ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸੰਧਵਾਂ ਤੋਂ 45 ਸ਼ਰਧਾਲੂਆਂ ਦਾ ਜਥਾ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਸੀ। ਉਨ੍ਹਾਂ ਕਿਹਾ ਕਿ ਬਾਕੀ ਦੇ 25 ਸ਼ਰਧਾਲੂ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਬੱਸਾਂ ਰਾਹੀਂ ਵਾਪਸ ਆਪਣੇ ਪਿੰਡ ਪਰਤ ਰਹੇ ਹਨ। ਇਸ ਮੌਕੇ ਸ਼ਰਧਾਲੂਆਂ ਨੇ ਇਹ ਵੀ ਦੱਸਿਆ ਕਿ 23 ਮਾਰਚ ਨੂੰ ਲਾੱਕਡਾਊਨ ਹੋਣ ਕਾਰਨ ਕੋਈ ਵੀ ਸਾਧਨ ਨਹੀਂ ਚੱਲ ਰਿਹਾ ਸੀ, ਸੋ ਉਹ ਉਥੇ ਫਸ ਗਏ। ਇਸ ਮਗਰੋਂ ਮੁੱਖ ਮੰਤਰੀ ਪੰਜਾਬ ਦੀਆਂ ਕੋਸ਼ਿਸ਼ਾਂ ਨਾਲ ਸਾਡੀ ਸੁਰੱਖਿਅਤ ਆਪਣੇ ਘਰ ਵਾਪਸੀ ਹੋਈ ਹੈ, ਜਿਸ ਲਈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਸ੍ਰੀ ਹਜੂਰ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ, ਕੋਟਾ (ਰਾਜਸਥਾਨ) ਤੋਂ ਆਉਣ ਵਾਲੇ ਵਿਦਿਆਰਥੀਆਂ ਤੇ ਰਾਜਸਥਾਨ ਜਾਂ ਹੋਰ ਸੂਬਿਆਂ ਤੋਂ ਆ ਰਹੀ ਲੇਬਰ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਕਾਂਤਵਾਸ ਵਿਚ ਰੱਖਿਆ ਜਾਵੇਗਾ ਅਤੇ ਮੈਡੀਕਲ ਜਾਂਚ ਉਪਰੰਤ ਇਨ੍ਹਾਂ ਦੇ ਸੈਂਪਲ ਟੈਸਟਿੰਗ ਲਈ ਭੇਜੇ ਜਾਣਗੇ।

29ਐਫਡੀਕੇ104:-ਨਾਂਦੇੜ ਸਾਹਿਬ ਤੋਂ ਪਹੁੰਚਿਆ ਜੱਥਾ।