ਅਰਸ਼ਦੀਪ ਸੋਨੀ, ਸਾਦਿਕ : ਨੇੜਲੇ ਪਿੰਡ ਮਾਨੀ ਸਿੰਘ ਵਾਲਾ ਵਿਚ ਜਥੇਦਾਰ ਗੁਰਜੰਟ ਸਿੰਘ ਸਾਦਿਕ ਦੀ ਪਤਨੀ ਦੀ ਅੰਤਮ ਅਰਦਾਸ ਤੋਂ ਬਾਅਦ ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਬਹਿਬਲ ਕਾਂਡ ਦੇ ਸਬੰਧ ਵਿਚ ਸਾਬਤ ਹੋ ਚੁੱਕਾ ਹੈ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਪੀੜਤਾਂ 'ਤੇ ਤਸ਼ੱਦਦ ਕੀਤਾ ਹੈ ਪਰ ਉਸ ਦੀ ਗਿ੍ਫਤਾਰੀ ਤੋਂ ਬਚਾਉਣ ਲਈ ਅੱਡੀਆਂ ਚੁੱਕ ਕੇ ਜ਼ੋਰ ਲਗਾਇਆ ਗਿਆ ਤਾਂ ਜੋ ਇਨ੍ਹਾਂ ਦੀ ਪੋਲ ਨਾ ਖੁੱਲ੍ਹ ਸਕੇ।

ਹਰਸਿਮਰਤ ਬਾਦਲ ਦੇ ਅਸਤੀਫ਼ੇ ਸਬੰਧੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਤਾਂ ਆਪਣੀ ਖੱਲ ਬਚਾਉਂਦਾ ਫਿਰਦਾ, ਇਨ੍ਹਾਂ ਦੇ ਰਾਜ ਦੇ ਵਿਚ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਸ ਵਿਚ ਇਹ ਦੋਸ਼ੀ ਹਨ ਤੇ ਸਾਰੀ ਕੌਮ ਨੂੰ ਪਤਾ ਲੱਗ ਚੁੱਕਾ ਹੈ ਤੇ ਲੋਕਾਂ ਨੇ ਇਨ੍ਹਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਕੇਂਦਰ ਵਿਚ ਭੇਜੇ ਮੈਂਬਰ ਪਾਰਲੀਮੈਂਟ ਸੂਬੇ ਨੂੰ ਬਚਾਉਣ ਵਿਚ ਨਾਕਾਮ ਰਹੇ ਤੇ ਆਰਡੀਨੈਂਸ ਲਿਆਉਣ ਸਮੇਂ ਚੁੱਪ ਰਹੇ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੇ ਦਬਾਅ ਤੋਂ ਬਾਅਦ ਕਾਂਗਰਸ ਸਰਕਾਰ ਨੇ ਸਿੱਟ ਦਾ ਗਠਨ ਕੀਤਾ ਸੀ ਜਿਸ ਦੌਰਾਨ ਕੰੁਵਰ ਵਿਜੇਪ੍ਰਤਾਪ ਦੀ ਮਿਹਨਤ ਸਦਕਾ ਜੋ ਚਲਾਨ ਪੇਸ਼ ਹੋਇਆ ਹੈ ਉਸ ਦੌਰਾਨ ਸਿੱਟ ਦੇ ਦੂਸਰੇ ਮੈਂਬਰਾਂ ਨੇ ਵਿਰੋਧ ਕੀਤਾ ਪਰ ਉਹ ਬੇਪ੍ਰਵਾਹ ਹੋ ਕੇ ਚੱਲਿਆ ਤੇ ਜਾਂਚ ਦੌਰਾਨ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਤੇ ਸੁਖਬੀਰ ਬਾਦਲ ਦਾ ਨਾਂ ਆਇਆ ਹੈ। ਅਦਾਲਤਾਂ ਦਾ ਫ਼ਰਜ਼ ਹੈ ਕਿ ਦੋਸ਼ੀਆਂ ਨੂੰ ਹੱਥਕੜੀ ਲਾਵੇ, ਫੇਰ ਹੋਰ ਰਾਜ਼ ਖੁੱਲ੍ਹਣਗੇ। ਮੋਰਚੇ ਦੀ ਅਗਲੀ ਰਣਨੀਤੀ ਸਬੰਧੀ ਉਨ੍ਹਾਂ ਸ਼ੱਪਸ਼ਟ ਕੀਤਾ ਕਿ ਸੂਬੇ ਦੇ ਕਈ ਵਜ਼ੀਰ ਮੋਰਚੇ ਦੌਰਾਨ ਵਾਅਦਾ ਕਰ ਕੇ ਗਏ ਸਨ ਕਿ ਜਲਦੀ ਜਾਂਚ ਮੁਕੰਮਲ ਕਰ ਕੇ ਦੋਸ਼ੀਆਂ ਨੂੰ ਕਟਿਹਰੇ ਵਿਚ ਖੜ੍ਹਾ ਕੀਤਾ ਜਾਵੇਗਾ ਪਰ ਉਨ੍ਹਾਂ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਤੋਂ ਬਿਨਾਂ ਕੁਝ ਨਹੀਂ ਕੀਤਾ। ਇਸ ਮੌਕੇ ਗੁਰਜੰਟ ਸਿੰਘ ਸਾਦਿਕ, ਜਥੇਦਾਰ ਚੰਦ ਸਿੰਘ ਡੋਡ, ਜਤਿੰਦਰ ਸਿੰਘ, ਲਵਪੀ੍ਤ ਸਿੰਘ ਤੇ ਤੇਜਿੰਦਰ ਸਿੰਘ ਹਾਜ਼ਰ ਸਨ।