ਅਰਸ਼ਦੀਪ ਸੋਨੀ, ਸਾਦਿਕ : ਸਿਵਲ ਸਰਜਨ ਫਰੀਦਕੋਟ ਡਾ. ਸੰਜੇ ਕਪੂਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜੀਵ ਭੰਡਾਰੀ ਦੀ ਯੋਗ ਅਗਵਾਈ ਹੇਠ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਵੈਕਸੀਨ ਸਟੋਰ ਜੰਡ ਸਾਹਿਬ ਵਿਖੇ ਫਾਰਮੇਸੀ ਅਫਸਰ ਸੁਖਦੀਪ ਸਿੰਘ, ਨੋਡਲ ਅਫਸਰ ਆਈਈਸੀ ਗਤੀਵਿਧੀਆਂ ਬੀਈਈ ਡਾ. ਪ੍ਰਭਦੀਪ ਸਿੰਘ ਚਾਵਲਾ ਅਤੇ ਐਲਐਚਵੀ ਸੁਰਿੰਦਰ ਕੌਰ ਨੇ ਬਲਾਕ ਅਧੀਨ ਪੈਂਦੇ 25 ਸਬ-ਸੈਂਟਰਾਂ ਨੂੰ 0-5 ਸਾਲ ਦੇ ਬੱਚਿਆਂ ਨੂੰ ਵੰਢਣ ਲਈ 7500 ਓਆਰਐਸ ਦੇ ਪੈਕਟ ਅਤੇ 2500 ਜ਼ਿੰਕ ਦੀਆਂ ਗੋਲੀਆਂ ਦੀ ਪਹਿਲੀ ਸਪਲਾਈ ਜਾਰੀ ਕੀਤੀ । ਡਾ. ਪ੍ਰਭਦੀਪ ਨੇ ਦੱਸਿਆ ਕਿ ਤੀਬਰ ਦਸਤ ਰੋਕੂ ਪੰਦਵਾੜਾ ਮਨਾਉਣ ਦਾ ਮੁੱਖ ਮੰਤਵ ਦਸਤਾਂ ਕਾਰਨ ਹੋਣ ਵਾਲੀ ਬੱਚਿਆਂ ਦੀ ਮੌਤ ਨੂੰ ਰੋਕਣਾ ਹੈ। ਇਸ ਪੰਦਰਵਾੜੇ ਦੌਰਾਨ ਆਸ਼ਾ ਵਰਕਰਾਂ ਵੱਲੋਂ 0-5 ਸਾਲ ਤਕ ਦੇ ਬੱਚਿਆਂ ਨੂੰ ਘਰ-ਘਰ ਜਾ ਕੇ ਓਆਰਐਸ ਸੁਰੱਖਿਆ ਅਤੇ ਜ਼ਿੰਕ ਸ਼ਕਤੀ ਦੇਣ ਲਈ ਪੈਕਟ ਵੰਡੇ ਜਾਣਗੇ। ਵਰਕਰਾਂ ਵੱਲੋਂ ਪਿੰਡ ਦਾ ਦੌਰਾ ਕਰਕੇ ਘਰਾਂ ਵਿਚ ਦਸਤ ਵਾਲੇ ਬੱਚਿਆਂ ਦੀ ਭਾਲ ਕੀਤੀ ਜਾਵੇਗੀ, ਬਲਾਕ ਅਧੀਨ ਸਾਰੀਆਂ ਸਿਹਤ ਸੰਸਥਾਵਾਂ ਵਿਖੇ ਓਆਰਐਸ-ਜ਼ਿੰਕ ਕਾਰਨਰ ਸਥਾਪਿਤ ਕੀਤੇ ਜਾਣਗੇ ਜਿੱਥੇ ਓਆਰਐਸ ਘੋਲ ਤਿਆਰ ਕਰਨ ਦੀ ਵਿਧੀ ਬਾਰੇ ਜਾਗਰੂਕਤਾ ਸਮੱਗਰੀ ਦੇ ਨਾਲ ਨਾਲ ਓਆਰਐਸ ਅਤੇ ਜ਼ਿੰਕ ਦੀਆਂ ਗੋਲੀਆਂ ਰੱਖੀਆਂ ਜਾਣਗੀਆਂ। ਬੱਚੇ ਵਿੱਚ ਡੀ-ਹਾਈਡਰੇਸ਼ਨ ਦੇ ਪੱਧਰ ਅਨੁਸਾਰ ਲੋੜ ਪਈ ਤਾਂ ਹਸਪਤਾਲ ਵਿਚ ਦਾਖ਼ਲ ਕਰਕੇ ਇਲਾਜ ਕੀਤਾ ਜਾਵੇਗਾ। ਇਸੇ ਦੌਰਾਨ ਸਕੂਲਾਂ ਵਿਚ ਅਤੇ ਘਰਾਂ ਵਿਚ ਹੱਥ ਧੋਣ ਦੀ ਮਹੱਤਤਾ 'ਤੇ ਵਿਧੀ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ। ਹੱਥਾਂ ਦੀ ਸਫ਼ਾਈ ਕਾਰਨ ਕਾਫ਼ੀ ਹੱਦ ਤਕ ਦਸਤਾਂ ਅਤੇ ਹੋਰ ਪੇਟ ਦੀਆਂ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਮੌਕੇ ਵਿਕਾਸ ਗੁਪਤਾ ਅਤੇ ਸਟਾਫ ਨਰਸ ਰਾਜਬੀਰ ਕੌਰ ਵੀ ਹਾਜ਼ਰ ਸਨ।