ਜੇਐੱਨਐੱਨ, ਫ਼ਰੀਦਕੋਟ : ਥਾਣਾ ਸਿਟੀ ਫ਼ਰੀਦਕੋਟ ਤਹਿਤ ਆਉਂਦੇ ਫ਼ਰੀਦਕੋਟ-ਫਿਰੋਜ਼ਪੁਰ ਰੋਡ 'ਤੇ ਸਥਿਤ ਚਰਚ ਦੇ ਸਾਹਮਣੇ 70 ਸਾਲਾ ਬਜ਼ੁਰਗ ਬਲਦੇਵ ਸਿੰਘ ਨੇ ਪਤਨੀ ਗੁਰਦੇਵ ਕੌਰ (68) ਦੇ ਸਿਰ 'ਚ ਕੁਹਾੜੀ ਮਾਰ ਕੇ ਕਤਲ ਕਰਨ ਪਿੱਛੋਂ ਖ਼ੁਦ ਵੀ ਛੱਤ ਨਾਲ ਲੱਗੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿ੍ਤਕ ਦੀ ਨੂੰਹ ਪਰਮਜੀਤ ਕੌਰ ਨੇ ਦੱਸਿਆ ਕਿ ਸਵੇਰੇ 6.53 ਵਜੇ ਉਨ੍ਹਾਂ ਦੇ ਸਹੁਰੇ ਬਲਦੇਵ ਸਿੰਘ ਨੇ ਫੋਨ 'ਤੇ ਦੱਸਿਆ ਕਿ ਉਸਨੇ ਗੁਰਦੇਵ ਕੌਰ ਨੂੰ ਮਾਰ ਦਿੱਤਾ ਹੈ। ਜਿਸ ਤੋਂ ਬਾਅਦ ਉਸਨੇ ਘਰ 'ਚ ਗਰਾਊਂਡ ਫਲੋਰ 'ਤੇ ਰਹਿਣ ਵਾਲੀ ਆਪਣੀ ਭੈਣ ਦੇ ਬੇਟੇ ਸਤਨਾਮ ਸਿੰਘ ਨੂੰ ਘਟਨਾ ਬਾਰੇ ਦੱਸ ਕੇ ਤੁਰੰਤ ਜਾ ਕੇ ਵੇਖਣ ਲਈ ਕਿਹਾ ਤਾਂ ਉਸ ਨੇ ਦੱਸਿਆ ਕਿ ਗੁਰਦੇਵ ਕੌਰ ਖ਼ੂਨ ਨਾਲ ਲਥਪਥ ਪਈ ਹੋਈ ਹੈ, ਜਦਕਿ ਗੁਰਦੇਵ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਹੈ। ਘਟਨਾ ਬਾਰੇ ਸੁਣ ਕੇ ਉਹ ਲੋਕ ਵੀ ਹੈਰਾਨ ਰਹਿ ਗਏ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਬਲਦੇਵ ਸਿੰਘ ਦੇ ਦੋ ਪੁੱਤਰ ਹਨ, ਜਿਨ੍ਹਾਂ 'ਚੋਂ ਇਕ ਪਰਿਵਾਰ ਸਮੇਤ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਹੈ, ਜਦਕਿ ਦੂਜਾ ਪੁੱਤਰ ਗੁਰੂ ਤੇਗ ਬਹਾਦੁਰ ਨਗਰ 'ਚ ਪਰਿਵਾਰ ਸਮੇਤ ਰਹਿੰਦਾ ਹੈ।

ਘਟਨਾ ਦੀ ਸੂਚਨਾ 'ਤੇ ਪਹੁੰਚੇ ਐੱਸਪੀ(ਡੀ) ਸੇਵਾ ਸਿੰਘ ਮੱਲ੍ਹੀ ਨੇ ਦੱਸਿਆ ਕਿ ਹੁਣ ਤਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਿ੍ਤਕ ਜੋੜਾ ਘਰ ਦੀ ਉੱਪਰਲੀ ਮੰਜ਼ਿਲ 'ਤੇ ਰਹਿੰਦਾ ਸੀ, ਜਦਕਿ ਨੂੰਹ ਪੁੱਤਰ ਗੁਰੂ ਤੇਗ ਬਹਾਦੁਰ ਨਗਰ 'ਚ ਰਹਿੰਦੇ ਹਨ। ਬਜ਼ੁਰਗ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਬਾਅਦ 'ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ। ਦੋਵਾਂ ਮਿ੍ਤਕਾਂ ਦੀ ਉਮਰ ਕਰੀਬ 70 ਸਾਲ ਦੇ ਆਸਪਾਸ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਿ੍ਤਕ ਦੀ ਜੇਬ 'ਚੋਂ ਮਿਲੇ ਸੁਸਾਈਡ ਨੋਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਘਟਨਾ ਦੇ ਅਣਸੁਲਝੇ ਸਵਾਲ

- ਹੱਤਿਆ ਕਰ ਕੇ ਬਲਦੇਵ ਸਿੰਘ ਨੇ ਆਪਣੀ ਨੂੰਹ ਨੂੰ ਹੱਤਿਆ ਦੀ ਜਾਣਕਾਰੀ ਕਿਉਂ ਦਿੱਤੀ।

- ਬਲਦੇਵ ਦੇ ਫੋਨ ਤੋਂ ਕੁਝ ਸਮੇਂ ਉਪਰੰਤ ਹੀ ਨੂੰਹ ਦੀ ਸੂਚਨਾ 'ਤੇ ਜਦੋਂ ਨੌਜਵਾਨ ਉੱਪਰ ਵੇਖਣ ਗਿਆ ਤਾਂ ਏਨੀ ਛੇਤੀ ਬਲਦੇਵ ਸਿੰਘ ਨੇ ਖ਼ੁਦਕੁਸ਼ੀ ਕਿਵੇਂ ਕਰ ਲਈ।

- ਘਟਨਾ ਸਥਾਨ ਤੋਂ ਬਰਾਮਦ ਸੁਸਾਈਡ ਨੋਟ 'ਚ ਜਿਨ੍ਹਾਂ ਦੋ ਲੋਕਾਂ ਦੇ ਨਾਂ ਦੱਸੇ ਗਏ ਉਸਦੀ ਹਕੀਕਤ ਕੀ ਹੈ।