ਹਰਪ੍ਰਰੀਤ ਸਿੰਘ ਚਾਨਾ, ਫਰੀਦਕੋਟ : ਸੜਕ ਸੁਰੱਖਿਆ ਮੁਹਿੰਮ ਤਹਿਤ ਜ਼ਿਲ੍ਹੇ ਦੇ ਤਿੰਨ ਸਕੂਲਾਂ ਵਿਚ 320 ਦੇ ਕਰੀਬ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ, ਬਾਬਾ ਫਰੀਦ ਨਰਸਿੰਗ ਕਾਲਜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਡੀਕਪੂਰਾ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਦੌਰਾਨ ਸ਼ਹੀਦ ਭਗਤ ਸਿੰਘ ਸਰਕਾਰ ਕਾਲਜ ਕੋਟਕਪੂਰਾ ਵਿਖੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਸੜਕ ਦੇ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਦੌਰਾਨ ਕਾਲਜ ਦੇ ਪ੍ਰਰੋ. ਪੂਨਮ ਅਰੋੜਾ ਨੇ ਕਿਹਾ ਕਿ ਜੇਕਰ ਅਸੀਂ ਟ੍ਰੈਫਿਕ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰੀਏ ਤਾਂ ਅਸੀਂ ਸੜਕ ਹਾਦਸਿਆਂ ਤੋਂ ਬਚ ਸਕਦੇ ਹਾਂ। ਪਰ ਇਨ੍ਹਾਂ ਨਿਯਮਾਂ ਦੀ ਅਣਦੇਖੀ ਕਰਨ ਨਾਲ ਅਸੀਂ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਵੀ ਹੋ ਸਕਦੇ ਹਾਂ। ਜਿਸ ਕਾਰਨ ਸਾਨੂੰ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਲਈ ਜਦੋਂ ਵੀ ਤੁਸੀਂ ਸੜਕ ਤੋਂ ਕਿਤੇ ਜਾ ਰਹੇ ਹੋ ਤਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। ਉਨ੍ਹਾਂ ਕਿਹਾ ਕਿ ਇਸ ਸਬੰਧੀ ਖੁਦ ਵੀ ਜਾਗਰੂਕ ਹੋਣ ਦੇ ਨਾਲ-ਨਾਲ ਹੋਰਨਾਂ ਨੂੰ ਵੀ ਜਾਗਰੂਕ ਕੀਤਾ ਜਾਵੇ। ਕਿਉਂਕਿ ਜਾਗਰੂਕਤਾ ਦੀ ਘਾਟ ਹੀ ਇਨ੍ਹਾਂ ਹਾਦਸਿਆਂ ਦਾ ਮੁੱਖ ਕਾਰਨ ਹੈ। ਇਸ ਤੋਂ ਇਲਾਵਾ ਪਿ੍ਰੰਸੀਪਲ ਮੈਡਮ ਮਨਜੀਤ ਕੌਰ ਅਤੇ ਪਿ੍ਰੰਸੀਪਲ ਐੱਚਐੱਸ ਸਾਹਨੀ ਨੇ ਡਰਾਈਵਿੰਗ ਦੌਰਾਨ ਲੋੜ ਪੈਣ 'ਤੇ ਫਸਟ ਏਡ ਕਿਸ ਤਰ੍ਹਾਂ ਦੇਣੀ ਚਾਹੀਦੀ ਹੈ, ਇਸ ਬਾਰੇ ਜਾਣਕਾਰੀ ਦਿੱਤੀ।

ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੀਕਪੁਰਾ ਦੇ ਅਧਿਆਪਕ ਦਲਜਿੰਦਰ ਸਿੰਘ ਨੇ ਦੱਸਿਆ ਕਿ ਵਾਹਨ ਚਲਾਉਂਦੇ ਸਮੇਂ ਇੰਡੀਕੇਟਰ ਚਲਾਉਣਾ, ਸੀਟ ਬੈਲਟ ਲਾਉਣਾ, ਦੋਪਹੀਆ ਵਾਹਨਾਂ 'ਤੇ ਹੈਲਮਟ ਪਾਉਣਾ ਆਦਿ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਬਹੁਤ ਜ਼ਰੂਰੀ ਹੈ। ਇਨ੍ਹਾਂ ਦੀ ਬਦੌਲਤ ਹੀ ਵਿਅਕਤੀ ਸੜਕਾਂ 'ਤੇ ਸੁਰੱਖਿਅਤ ਰਹਿੰਦਾ ਹੈ। ਕਿਉਂਕਿ ਜੇਕਰ ਅਸੀਂ ਜਿੱਥੇ ਇੰਡੀਕੇਟਰ ਚਲਾ ਕੇ ਸੜਕ ਹਾਦਸੇ ਤੋਂ ਬਚ ਸਕਦੇ ਹਾਂ। ਇਸ ਦੇ ਨਾਲ ਹੀ ਸੀਟ ਬੈਲਟ ਅਤੇ ਹੈਲਮਟ ਪਹਿਨਣ ਨਾਲ ਸੜਕ ਦੁਰਘਟਨਾ ਹੋਣ 'ਤੇ ਤੁਹਾਡੀ ਜਾਨ ਬਚ ਸਕਦੀ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਕੇ ਅਸੀਂ ਆਪਣੇ ਆਪ ਦੇ ਨਾਲ-ਨਾਲ ਦੂਜਿਆਂ ਨੂੰ ਵੀ ਸੁਰੱਖਿਅਤ ਰੱਖਦੇ ਹਾਂ। ਇਸ ਲਈ ਕਦੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰੋ।

ਬਾਬਾ ਫਰੀਦ ਨਰਸਿੰਗ ਕਾਲਜ ਦੇ ਅਧਿਆਪਕ ਗੁਰਪ੍ਰਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਦੋਪਹੀਆ ਵਾਹਨ ਚਲਾਉਣ ਤੋਂ ਪਹਿਲਾਂ ਹੈਲਮਟ ਪਾਉਣਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਹੈਲਮਟ ਸਾਨੂੰ ਸਿਰ ਦੀ ਸੱਟ ਤੋਂ ਬਚਾਉਂਦਾ ਹੈ ਅਤੇ ਇਸ ਸੱਟ ਕਾਰਨ ਕਈ ਵਾਰ ਡਰਾਈਵਰ ਦੀ ਜਾਨ ਵੀ ਚਲੀ ਜਾਂਦੀ ਹੈ। ਇਸ ਲਈ ਕਦੇ ਵੀ ਹੈਲਮਟ ਪਾਉਣਾ ਨਾ ਭੁੱਲੋ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲਾਇਸੈਂਸ ਬਣਨ ਤਕ ਕੋਈ ਵੀ ਗੇਅਰ ਵਾਹਨ ਨਾ ਚਲਾਓ। ਅਜਿਹਾ ਕਰ ਕੇ ਉਹ ਟ੍ਰੈਫਿਕ ਨਿਯਮਾਂ ਦੀ ਵੀ ਉਲੰਘਣਾ ਕਰ ਰਹੇ ਹਨ।