Central Govt ਨੇ ਬਾਅਦ 'ਚ ਸੈਨੇਟ ਨੂੰ ਪਹਿਲਾਂ ਵਾਂਗ ਹੀ ਬਹਾਲ ਰੱਖਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਪੀਯੂ ਪ੍ਰਸ਼ਾਸਨ ਨੇ ਚਾਂਸਲਰ ਨੂੰ ਫਾਈਲ ਭੇਜ ਦਿੱਤੀ ਹੈ, ਪਰ ਫਾਈਲ ਭੇਜੇ ਜਾਣ ਦੇ ਬਾਵਜੂਦ ਵੀ ਨਵਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (Punjab University) 'ਚ ਸੈਨੇਟ ਚੋਣਾਂ ਕਰਵਾਉਣ ਦੇ ਐਲਾਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਰ ਦਿਨ ਇਹ ਪ੍ਰਦਰਸ਼ਨ ਤੇਜ਼ ਹੋ ਰਹੇ ਹਨ। ਇਸ ਦੇ ਨਾਲ ਹੀ ਇਹ ਵਿਵਾਦ ਪੂਰੀ ਤਰ੍ਹਾਂ ਸਿਆਸੀ ਰੂਪ ਧਾਰ ਚੁੱਕਾ ਹੈ। ਰੋਜ਼ਾਨਾ ਵੱਡੀ ਗਿਣਤੀ 'ਚ ਵਿਦਿਆਰਥੀਆਂ ਤੋਂ ਲੈ ਕੇ ਸਿਆਸੀ ਪਾਰਟੀਆਂ ਦੇ ਦਿੱਗਜ "ਪੀਯੂ ਬਚਾਓ ਮੋਰਚਾ" ਦਾ ਸਾਥ ਦੇਣ ਲਈ ਪਹੁੰਚ ਰਹੇ ਹਨ।
ਵੀਰਵਾਰ ਨੂੰ ਮੋਰਚੇ ਦਾ ਸਾਥ ਦੇਣ ਪਹੁੰਚੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਸਾਜ਼ਿਸ਼ ਹੈ, ਜਿਸ ਨੇ ਵਿੱਦਿਆ ਦੀ ਪਰੰਪਰਾ 'ਚ ਅੜਿੱਕਾ ਪਾਇਆ ਹੈ। ਪੰਜਾਬ ਦੀ ਪਛਾਣ ਤੇ ਸੱਭਿਆਚਾਰ ਪੱਖੋਂ 133 ਸਾਲ ਪੁਰਾਣੀ ਇਹ ਯੂਨੀਵਰਸਿਟੀ ਗਹਿਰਾਈ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖ਼ੁਦ ਇਹ ਸਵੀਕਾਰ ਕੀਤਾ ਸੀ ਕਿ 28 ਅਕਤੂਬਰ ਨੂੰ ਜਾਰੀ ਕੀਤਾ ਗਿਆ ਨੋਟੀਫਇਕੇਸ਼ਨ ਗਲਤ ਸੀ।
ਹਾਲਾਂਕਿ, ਕੇਂਦਰ ਸਰਕਾਰ ਨੇ ਬਾਅਦ 'ਚ ਸੈਨੇਟ ਨੂੰ ਪਹਿਲਾਂ ਵਾਂਗ ਹੀ ਬਹਾਲ ਰੱਖਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਪੀਯੂ ਪ੍ਰਸ਼ਾਸਨ ਨੇ ਚਾਂਸਲਰ ਨੂੰ ਫਾਈਲ ਭੇਜ ਦਿੱਤੀ ਹੈ, ਪਰ ਫਾਈਲ ਭੇਜੇ ਜਾਣ ਦੇ ਬਾਵਜੂਦ ਵੀ ਨਵਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਕੇਂਦਰ ਦੀ ਸੋਚੀ-ਸਮਝੀ ਯੋਜਨਾ ਦਾ ਹਿੱਸਾ ਹੈ, ਜੋ ਸੂਬਿਆਂ ਦੇ ਹੱਕਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਅਲਪਸੰਖਿਆਕ ਰਾਜਾਂ ਦੇ ਹਿਤ ਵਿਚ ਨਹੀਂ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਦੇ ਖ਼ਿਲਾਫ਼ ਠੋਸ ਰੁਖ ਅਪਣਾਉਣਾ ਚਾਹੀਦਾ ਹੈ।
ਇਸ ਦੌਰਾਨ, ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਹ ਸਿਰਫ ਪੰਜਾਬ ਯੂਨੀਵਰਸਿਟੀ ਦਾ ਨਹੀਂ, ਬਲਕਿ ਪੂਰੇ ਪੰਜਾਬ ਦਾ ਮਾਮਲਾ ਹੈ। ਸਾਨੂੰ ਸਾਰੇ ਪਾਰਟੀ ਲਾਈਨ ਤੋਂ ਉਪਰ ਉੱਠ ਕੇ ਇਸ ਮੋਰਚੇ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਤਾਂ ਸੈਨੇਟ ਮੈਂਬਰਾਂ ਦੀ ਗਿਣਤੀ ਘਟਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਫਿਰ ਦਬਾਅ 'ਚ ਉਸਨੂੰ ਵਾਪਸ ਲੈ ਲਿਆ ਗਿਆ, ਪਰ ਹੁਣ ਤਕ ਕੋਈ ਨਵੀਂ ਨੋਟੀਫਿਕੇਸ਼ਨ ਨਹੀਂ ਆਇਆ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਪਿਛਲੇ 11 ਸਾਲਾਂ ਤੋਂ ਪੀਯੂ ਦੀ ਖ਼ੁਦਮੁਖ਼ਤਾਰੀ ਤੇ ਪੰਜਾਬ ਦੇ ਹੱਕ ਦੀ ਲੜਾਈ ਲੜ ਰਹੀ ਹੈ ਪਰ ਕੇਂਦਰ ਸਰਕਾਰ ਦੀ ਮਨਸ਼ਾ ਸਾਫ ਹੈ, ਸੰਘ ਨਾਲ ਜੁੜੇ ਲੋਕਾਂ ਨੂੰ ਚਾਂਸਲਰ ਬਣਾ ਕੇ ਯੂਨੀਵਰਸਿਟੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਵੀਰਵਾਰ ਨੂੰ ਮੋਰਚੇ ਦਾ ਸਾਥ ਦੇਣ ਲਈ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਦਸ ਤਰੀਕ ਨੂੰ ਹੋਏ ਮਹਾ ਪ੍ਰਦਰਸ਼ਨ ਤੋਂ ਬਾਅਦ ਮਾਹੌਲ ਪਾਜ਼ੇਟਿਵ ਹੁੰਦਾ ਦਿਖਾਈ ਦੇ ਰਿਹਾ ਹੈ, ਪਰ ਸੰਘਰਸ਼ ਹਾਲੇ ਵੀ ਜਾਰੀ ਹੈ। ਕੇਂਦਰ ਸਰਕਾਰ ਸਿਰਫ ਪੰਜਾਬ ਯੂਨੀਵਰਸਿਟੀ ਹੀ ਨਹੀਂ, ਬਲਕਿ ਬੀਬੀਐਮਬੀ ਸਮੇਤ ਕਈ ਸੰਸਥਾਵਾਂ 'ਤੇ ਹਮਲਾ ਕਰ ਰਹੀ ਹੈ।
ਸਾਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਜਿਵੇਂ ਅਸੀਂ ਭਾਰਤ ਦਾ ਹਿੱਸਾ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਉੱਜਲ ਭਵਿੱਖ ਲਈ ਪੰਜਾਬ ਨੇ ਹਮੇਸ਼ਾਂ ਆਪਣਾ ਸਭ ਕੁਝ ਵਾਰ ਦਿੱਤਾ, ਫਿਰ ਵੀ ਪੰਜਾਬ ਦੇ ਨਾਲ ਅਣਦੇਖੀ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੀਯੂ ਸਿਰਫ ਇਕ ਵਿਦਿਅਕ ਅਦਾਰਾ ਨਹੀਂ ਬਲਕਿ ਪੰਜਾਬ ਦੀ ਇੱਜ਼ਤ ਤੇ ਮਾਣ ਦਾ ਪ੍ਰਤੀਕ ਹੈ, ਜਿਸ ਦੀ ਰੱਖਿਆ ਹਰ ਪੰਜਾਬੀ ਦਾ ਫਰਜ਼ ਹੈ।