ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਹਿਲਾ ਮਹਾਨ ਨਗਰ ਕੀਰਤਨ ਸਜਾਇਆ
ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਹਿਲਾ ਮਹਾਨ ਨਗਰ ਕੀਰਤਨ ਸਜਾਇਆ
Publish Date: Sun, 16 Nov 2025 08:11 PM (IST)
Updated Date: Sun, 16 Nov 2025 08:14 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਹਿਲਾ ਮਹਾਨ ਨਗਰ ਕੀਰਤਨ ਸਜਾਇਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਬਾਬਾ ਰਣਜੀਤ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਇਹ ਮਹਾਨ ਨਗਰ ਕੀਰਤਨ ਸੰਤ ਈਸ਼ਰ ਸਿੰਘ ਜੀ, ਸੰਤ ਕਿਸ਼ਨ ਸਿੰਘ ਜੀ ਚੈਰੀਟੇਬਲ ਸ੍ਰੀਮਾਨ ਸੰਤ ਬਾਬਾ ਵਰਿਆਮ ਸਿੰਘ ਰਤਵਾੜਾ ਸਾਹਿਬ ਵਾਲੇ, ਸਤਿਕਾਰਯੋਗ ਮਾਤਾ ਰਣਜੀਤ ਕੌਰ ਰਤਵਾੜਾ ਸਾਹਿਬ ਵਾਲਿਆਂ ਦੀ ਅਸੀਸਾਂ ਸਦਕਾ ਅਤੇ ਸਮੂਹ ਪਿੰਡ ਨਿਵਾਸੀਆਂ ਅਤੇ ਗੁਰਦੁਆਰਾ ਦਸਮੇਸ਼ ਦਰਸ਼ਨ ਪ੍ਰਬੰਧਕ ਕਮੇਟੀ ਗੁਰਦੁਆਰਾ ਨਾਨਕ ਦਰਬਾਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਸਜਾਇਆ ਗਿਆ। ਮਹਾਨ ਨਗਰ ਕੀਰਤਨ ਸਵੇਰੇ ਮੁੱਲਾਂਪੁਰ ਗਰੀਬਦਾਸ ਤੋਂ 11 ਵਜੇ ਆਰੰਭ ਹੋ ਕੇ ਪਿੰਡ ਫਿਰੋਜਪੁਰ ਭੜੋਜੀਆਂ, ਸਲਾਮਤਪੁਰ, ਰਸੂਲਪੁਰ, ਢੋਡੇ ਮਾਜਰਾ, ਰਾਣੀ ਮਾਜਰਾ, ਘੰਡੋਲੀ, ਸੈਣੀ ਮਾਜਰਾ, ਪੈਂਤਪੁਰ, ਪਿੰਡ ਰਤਵਾੜਾ ਤੋਂ ਹੁੰਦੇ ਹੋਏ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵਿਖੇ ਗੁਰਦੁਆਰਾ ਪਰਮਜੋਤ ਮੁੱਲਾਂਪੁਰ ਗਰੀਬਦਾਸ ਤੋਂ ਹੋ ਕੇ ਅਕੈਡਮੀ ਵਿਖੇ ਸੰਪੂਰਨ ਹੋਇਆ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤ ਲਈ ਚਾਹ-ਪਕੌੜੇ, ਬਰੈਡਾਂ ਦਾ ਲੰਗਰ ਲਗਾਇਆ ਗਿਆ। ਮਹਾਨ ਨਗਰ ਕੀਰਤਨ ਵਿਚ ਸੰਗਤ ਟਰੈਕਟਰ ਟਰਾਲੀ, ਕਾਰਾਂ ਸਮੇਤ ਸ਼ਾਮਲ ਹੋਈ। ਗਤਕਾ ਪਾਰਟੀ ਸਿੰਘਾਂ ਵੱਲੋਂ ਵੀ ਗਤਕੇ ਦੇ ਜੌਹਰ ਵਿਖਾਏ ਗਏ। ਇਸ ਮਹਾਨ ਨਗਰ ਕੀਰਤਨ ਵਿਚ ਸੰਗਤਾਂ ਨੇ ਪੈਦਲ ਚੱਲ ਕੇ ਸੇਵਾ ਵਿਚ ਹਿੱਸਾ ਪਾਇਆ। ਇਸ ਮੌਕੇ ਸੰਤ ਬਾਬਾ ਮਨਪ੍ਰੀਤ ਸਿੰਘ ਮੁੰਡੀ ਖਰੜ ਵਾਲੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਗੁਰੂ ਜਸ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਦਸਮੇਸ਼ ਦਰਸ਼ਨ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਨਗਰ ਕੀਰਤਨ ਵਿਚ ਗੁਰਦੁਆਰਾ ਨਾਨਕ ਦਰਬਾਰ ਪ੍ਰਬੰਧਕ ਕਮੇਟੀ ਪ੍ਰਧਾਨ ਦੇਸਰਾਜ ਸਿੰਘ, ਗੁਰਦੁਆਰਾ ਦਸਮੇਸ਼ ਦਰਸ਼ਨ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਅਤੇ ਸਮਾਜ ਸੇਵੀ, ਸੇਵਾਦਾਰਾਂ ਵੱਲੋਂ ਵੱਧ ਚੜ੍ਹ ਕੇ ਸੇਵਾ ਵਿਚ ਹਿੱਸਾ ਪਾਇਆ ਗਿਆ।