PGI ’ਚ ਨਿਯਮਾਂ ਦੀ ਉਣਦੇਖੀ : ਕੁਝ ਰੁਪਏ ਬਚਾਉਣ ਲਈ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ, ਕੰਟੀਨ ’ਚ ਚੱਲ ਰਹੀਆਂ ਸਨ ਡੀਜ਼ਲ ਭੱਠੀਆਂ
ਪੀਜੀਆਈ ’ਚ ਮਰੀਜ਼ਾਂ ਦੀ ਸੁਰੱਖਿਆ ਨਾਲ ਵੱਡਾ ਖਿਲਵਾੜ ਸਾਹਮਣੇ ਆਇਆ ਹੈ। ਨਿਊ ਓਪੀਡੀ ਕੰਪਲੈਕਸ ’ਚ ਚੱਲ ਰਹੀ ਕੰਟੀਨ ’ਚ ਗੈਸ ਸਿਲੰਡਰ ਦੀ ਥਾਂ ਡੀਜ਼ਲ ਭੱਠੀਆਂ 'ਤੇ ਖਾਣਾ ਬਣਾਇਆ ਜਾ ਰਿਹਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਭ ਉਸ ਥਾਂ ਹੋ ਰਿਹਾ ਸੀ, ਜਿੱਥੇ ਰੋਜ਼ਾਨਾ ਹਜ਼ਾਰਾਂ ਮਰੀਜ਼ ਤੇ ਕਰਮਚਾਰੀ ਆਉਂਦੇ-ਜਾਂਦੇ ਹਨ।
Publish Date: Sun, 24 May 2026 10:53 AM (IST)
Updated Date: Sun, 24 May 2026 10:56 AM (IST)
ਜਾਗਰਣ ਸੰਵਾਦਦਾਤਾ, ਪੰਜਾਬੀ ਜਾਗਰਣ, ਚੰਡੀਗੜ੍ਹ। ਪੀਜੀਆਈ ’ਚ ਮਰੀਜ਼ਾਂ ਦੀ ਸੁਰੱਖਿਆ ਨਾਲ ਵੱਡਾ ਖਿਲਵਾੜ ਸਾਹਮਣੇ ਆਇਆ ਹੈ। ਨਿਊ ਓਪੀਡੀ ਕੰਪਲੈਕਸ ’ਚ ਚੱਲ ਰਹੀ ਕੰਟੀਨ ’ਚ ਗੈਸ ਸਿਲੰਡਰ ਦੀ ਥਾਂ ਡੀਜ਼ਲ ਭੱਠੀਆਂ 'ਤੇ ਖਾਣਾ ਬਣਾਇਆ ਜਾ ਰਿਹਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਭ ਉਸ ਥਾਂ ਹੋ ਰਿਹਾ ਸੀ, ਜਿੱਥੇ ਰੋਜ਼ਾਨਾ ਹਜ਼ਾਰਾਂ ਮਰੀਜ਼ ਤੇ ਕਰਮਚਾਰੀ ਆਉਂਦੇ-ਜਾਂਦੇ ਹਨ।
ਕੰਟੀਨ ਚਾਲਕ ਕੁਝ ਰੁਪਏ ਬਚਾਉਣ ਦੇ ਲਾਲਚ ’ਚ ਸੁਰੱਖਿਆ ਨਿਯਮਾਂ ਨੂੰ ਖੁੱਲ੍ਹਾ ਨਜ਼ਰਅੰਦਾਜ਼ ਕਰ ਰਹੇ ਸਨ। ਜਾਣਕਾਰੀ ਮੁਤਾਬਕ ਵਪਾਰਕ ਸਿਲੰਡਰ ਮਹਿੰਗੇ ਹੋਣ ਤੋਂ ਬਾਅਦ ਕੰਟੀਨ ’ਚ ਡੀਜ਼ਲ ਭੱਟੀਆਂ ਦਾ ਪ੍ਰਯੋਗ ਕੀਤਾ ਜਾ ਰਿਹਾ ਸੀ। ਹਸਪਤਾਲ ਵਰਗੀ ਸੰਵੇਦਨਸ਼ੀਲ ਥਾਂ ’ਤੇ ਇਨ੍ਹਾਂ ਦੀ ਵਰਤੋਂ ਅੱਗ ਲੱਗਣ ਦੇ ਵੱਡੇ ਖਤਰੇ ਨੂੰ ਸੱਦਾ ਦੇ ਰਹੀ ਸੀ। ਜੇ ਇੱਕ ਛੋਟੀ ਵੀ ਗਲਤੀ ਹੁੰਦੀ ਤਾਂ ਓਪੀਡੀ ’ਚ ਵੱਡਾ ਹਾਦਸਾ ਹੋ ਸਕਦਾ ਸੀ।
ਨਿਊ ਓਪੀਡੀ ’ਚ ਰੋਜ਼ਾਨਾ ਹਜ਼ਾਰਾਂ ਮਰੀਜ਼ ਇਲਾਜ ਲਈ ਆਉਂਦੇ ਹਨ। ਕੰਟੀਨ ’ਚ ਵੀ ਹਰ ਸਮੇਂ ਭਾਰੀ ਭੀੜ ਰਹਿੰਦੀ ਹੈ। ਅਜਿਹੀ ਸਥਿਤੀ ’ਚ ਅੱਗ ਲੱਗਣ 'ਤੇ ਹੁਣ ਭੱਜੜ ਤੇ ਜਾਨ-ਮਾਲ ਦੇ ਨੁਕਸਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਭ ਤੋਂ ਗੰਭੀਰ ਗੱਲ ਇਹ ਰਹੀ ਕਿ ਮਰੀਜ਼ਾਂ ਦੀ ਸੁਰੱਖਿਆ ਨਾਲ ਜੁੜੇ ਨਿਯਮਾਂ ਨੂੰ ਜਾਣਦੇ ਹੋਏ ਵੀ ਕੰਟੀਨ ਸੰਚਾਲਕ ਲਾਪਰਵਾਹੀ ਕਰਦੇ ਰਹੇ।
ਸੂਚਨਾ ਮਿਲਣ ਤੋਂ ਬਾਅਦ ਫਾਇਰ ਸੈਕਸ਼ਨ ਦੇ ਅਧਿਕਾਰੀਆਂ ਨੇ ਨਿਊ ਓਪੀਡੀ ’ਚ ਚੱਲ ਰਹੀ ਕੰਟੀਨ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਰਸੋਈ ’ਚ ਭੋਜਨ ਪਕਾਉਣ ਲਈ ਤਿੰਨ ਡੀਜਲ ਭੱਠੀਆਂ ਚੱਲਦੀਆਂ ਹੋਈਆਂ ਮਿਲੀਆਂ। ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨਾਂ ਡੀਜਲ ਭੱਟੀਆਂ ਨੂੰ ਜ਼ਬਤ ਕਰ ਕੇ ਆਪਣੇ ਕਬਜ਼ੇ ’ਚ ਲੈ ਲਿਆ।
ਇਸ ਸਬੰਧੀ ਜ਼ਰੂਰੀ ਕਾਰਵਾਈ ਲਈ ਐਸਟੇਟ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੀਜੀਆਈ ਕੰਪਲੈਕਸ ’ਚ ਕਿਸੇ ਵੀ ਹਸਪਤਾਲ ਵਿਭਾਗ ਦੇ ਅੰਦਰ ਅੱਗ ਲੱਗਣ ਦੇ ਖਤਰੇ ਨੂੰ ਦੇਖਦੇ ਹੋਏ ਡੀਜਲ ਭੱਠੀਆਂ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਰੋਕ ਹੈ।