ਮਨੀਮਾਜਰਾ ਦੇ ਐਂਟਰੀ ਪੁਆਇੰਟ ’ਤੇ ਗੇਟ ਤੇ ਬੋਰਡ ਲਾਉਣ ਦੀ ਇਜਾਜ਼ਤ ਲਈ ਸਿੱਖ ਸੰਗਤ ਨੇ ਕਮਿਸ਼ਨਰ ਨਾਲ ਕੀਤੀ ਮੁਲਾਕਾਤ
ਮਨੀਮਾਜਰਾ ਦੇ ਐਂਟਰੀ ਪਾਇੰਟ ‘ਤੇ ਗੇਟ ਅਤੇ ਬੋਰਡ ਲਗਾਉਣ ਦੀ ਇਜਾਜ਼ਤ
Publish Date: Tue, 02 Dec 2025 07:17 PM (IST)
Updated Date: Tue, 02 Dec 2025 07:20 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਮਨੀਮਾਜਰਾ ਦੀ ਇਤਿਹਾਸਕ ਧਾਰਮਿਕ ਪਛਾਣ ਨੂੰ ਉਚਿਤ ਸਨਮਾਨ ਦਿਵਾਉਣ ਅਤੇ ਇਸਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ ਮਨੀਮਾਜਰਾ ਦੀ ਸਿੱਖ ਸੰਗਤ ਦੇ ਇਕ ਵਫ਼ਦ ਨੇ ਨਗਰ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਦੋ ਮਹੱਤਵਪੂਰਣ ਐਂਟਰੀ ਪੁਆਇੰਟਾਂ ’ਤੇ ਐਂਟਰੀ ਗੇਟ ਅਤੇ ਨਾਮਕਰਨ ਬੋਰਡ ਲਾਉਣ ਦੀ ਮੰਗੀ ਕੀਤੀ ਹੈ। ਸਿੱਖ ਸੰਗਤ ਨੇ ਕਮਿਸ਼ਨਰ ਨੂੰ ਸੌਂਪੇ ਮੰਗ ਪੱਤਰ ਵਿਚ ਬੇਨਤੀ ਕੀਤੀ ਕਿ ਪਹਿਲਾਂ ਐਂਟਰੀ ਗੇਟ ਕਲਾਗ੍ਰਾਮ ਦੇ ਸਾਹਮਣੇ ਤੋਂ ਧੰਨ ਧੰਨ ਮਾਤਾ ਰਾਜ ਕੌਰ ਜੀ ਗੁਰਦੁਆਰਾ ਸਾਹਿਬ ਵੱਲ ਜਾਣ ਵਾਲੀ ਸੜਕ ‘ਤੇ ਅਤੇ ਦੂਜਾ ਹਾਊਸਿੰਗ ਬੋਰਡ ਚੌਂਕ ਤੋਂ ਧੰਨ ਧੰਨ ਮਾਤਾ ਰਾਜ ਕੌਰ ਜੀ ਗੁਰਦੁਆਰਾ ਸਾਹਿਬ ਵੱਲ ਆਉਣ ਵਾਲੀ ਸੜਕ ’ਤੇ ਸਥਾਪਤ ਕੀਤਾ ਜਾਵੇ। ਸੰਗਤ ਦੀ ਇੱਛਾ ਹੈ ਕਿ ਗੇਟ ’ਤੇ “ਮਨੀਮਾਜਰਾ ਇਤਿਹਾਸਕ ਨਗਰੀ” ਅਤੇ “ਧੰਨ ਧੰਨ ਮਾਤਾ ਰਾਜ ਕੌਰ ਜੀ” ਦੇ ਨਾਮਾਂ ਦੇ ਨਾਲ ਸੁਆਗਤ ਬੋਰਡ ਲਗਾਇਆ ਜਾਣ , ਤਾਂ ਜੋ ਸ਼ਹਿਰ ਦੀ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਪਛਾਣ ਨੂੰ ਉਭਾਰਿਆ ਜਾ ਸਕੇ। ਵਫ਼ਦ ਨੇ ਸਪਸ਼ਟ ਕੀਤਾ ਕਿ ਐਂਟਰੀ ਗੇਟ ਲਈ ਸਿਰਫ ਇਜਾਜ਼ਤ ਹੀ ਮੰਗੀ ਜਾ ਰਹੀ ਹੈ—ਨਿਰਮਾਣ ਅਤੇ ਸਥਾਪਨਾ ‘ਤੇ ਆਉਣ ਵਾਲਾ ਸਾਰਾ ਖਰਚ ਸਿੱਖ ਸੰਗਤ ਖ਼ੁਦ ਕਰੇਗੀ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚੰਡੀਗੜ੍ਹ ਦੇ ਪਿੰਡ ਬੁਟਰੇਲਾ ਵਿੱਚ ਇਸੇ ਤਰ੍ਹਾਂ ਦਾ ਐਂਟਰੀ ਗੇਟ ਪਹਿਲਾਂ ਹੀ ਬਣਾਇਆ ਗਿਆ ਹੈ, ਇਸ ਲਈ ਮਨੀਮਾਜਰਾ ਵਿੱਚ ਵੀ ਇਹ ਪ੍ਰਬੰਧ ਸੰਭਵ ਹੈ।ਕਮਿਸ਼ਨਰ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਪ੍ਰਧਾਨ ਸੁਰਜੀਤ ਸਿੰਘ ਰਾਜਾ, ਐਸ. ਐਸ. ਪਰਵਾਨਾ, ਬਲਦੇਵ ਸਿੰਘ ਢਿੱਲੋਂ, ਸੁੱਚਾ ਸਿੰਘ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਬੌਬੀ ਸ਼ਾਮਲ ਸਨ।