ਆਨਲਾਈਨ ਸ਼ੇਅਰ ਟ੍ਰੇਡਿੰਗ ਦੇ ਨਾਮ ’ਤੇ 13.55 ਲੱਖ ਦੀ ਠੱਗੀ
ਆਨਲਾਈਨ ਸ਼ੇਅਰ ਟ੍ਰੇਡਿੰਗ ਦੇ ਨਾਮ ’ਤੇ 13.55 ਲੱਖ ਦੀ ਠੱਗੀ
Publish Date: Wed, 12 Nov 2025 07:11 PM (IST)
Updated Date: Wed, 12 Nov 2025 07:13 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਸਾਈਬਰ ਪੁਲਿਸ ਨੇ ਸ਼ਹਿਰ ਦੇ ਇਕ ਨਿਵਾਸੀ ਨਾਲ ਆਨਲਾਈਨ ਸ਼ੇਅਰ ਟ੍ਰੇਡਿੰਗ ’ਚ ਵੱਧ ਮੁਨਾਫ਼ਾ ਦਿਵਾਉਣ ਦਾ ਝਾਂਸਾ ਦੇ ਕੇ 13.55 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਸ਼ਿਕਾਇਤਕਰਤਾ ਵੱਲੋਂ ਕੀਤੇ ਗਏ ਆਨਲਾਈਨ ਲੈਣ-ਦੇਣ ਦੀ ਜਾਂਚ ਕਰ ਰਹੀ ਹੈ, ਹਾਲਾਂਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਸੈਕਟਰ 15 ਦੇ ਨਿਵਾਸੀ ਹਰੀਸ਼ ਜਟਾਣਾ ਨੇ ਸਾਈਬਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 18 ਜੁਲਾਈ 2025 ਨੂੰ ਉਸਦੀ ਗੱਲਬਾਤ ਇੱਕ ਔਰਤ ਅੰਕਿਤਾ ਨਾਲ ਹੋਈ, ਜਿਸ ਨੇ ਆਪਣੇ ਆਪ ਨੂੰ ਬੈਂਕ ਆਫ ਬਰੋਡਾ ਦੀ ਕਰਮਚਾਰੀ ਦੱਸਿਆ ਤੇ ਕਿਹਾ ਕਿ ਉਹ ਬੋਬ -ਕੈਪਸ ਨਾਮ ਦਾ ਗਰੁੱਪ ਦੀ ਪ੍ਰਤਿਨਿਧਤਾ ਕਰਦੀ ਹੈ। ਦੋਵੇਂ ਵਿਚਾਲੇ ਵਟਸਐਪ ’ਤੇ ਗੱਲਬਾਤ ਹੋਈ ਅਤੇ ਉਸਨੇ ਸ਼ਿਕਾਇਤਕਰਤਾ ਨੂੰ ਖਾਤਾ ਰਜਿਸਟਰੇਸ਼ਨ ਫਾਰਮ ਭੇਜੇ, ਜੋ ਉਸਨੇ ਭਰ ਕੇ ਵਾਪਸ ਭੇਜ ਦਿੱਤੇ। ਅੰਕਿਤਾ ਨੇ ਹਰੀਸ਼ ਨੂੰ ਸ਼ੇਅਰ ਟ੍ਰੇਡਿੰਗ ਲਈ ਇੱਕ ਮੋਬਾਈਲ ਐਪ ਵਰਤਣ ਦੀ ਸਲਾਹ ਦਿੱਤੀ। ਉਸ ਐਪ ’ਤੇ ਮਿਲ ਰਹੀਆਂ ਟ੍ਰੇਡਿੰਗ ਸਿਫ਼ਾਰਸ਼ਾਂ ’ਤੇ ਭਰੋਸਾ ਕਰਦੇ ਹੋਏ ਹਰੀਸ਼ ਨੇ ਕੁੱਲ 13.55 ਲੱਖ ਰੁਪਏ ਦਾ ਨਿਵੇਸ਼ ਕੀਤਾ। ਪਰ ਜਦੋਂ ਉਸਨੇ ਆਪਣਾ ਨਿਵੇਸ਼ ਕੀਤਾ ਪੈਸਾ ਵਾਪਸ ਮੰਗਿਆ, ਤਾਂ ਠੱਗਾਂ ਨੇ ਹੋਰ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। 31 ਅਗਸਤ 2025 ਨੂੰ ਜਦੋਂ ਹਰੀਸ਼ ਨੇ ਅੰਕਿਤਾ ਨਾਲ ਵਟਸਐਪ ਰਾਹੀਂ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਹਰੀਸ਼ ਨੇ ਸੈਕਟਰ 17 ਸਥਿਤ ਸਾਈਬਰ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਹਨਾਂ ਖਾਤਿਆਂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਪੀੜਤ ਵੱਲੋਂ ਪੈਸੇ ਭੇਜੇ ਗਏ ਸਨ।