ਵਿਧਾਇਕ ਕੁਲਵੰਤ ਸਿੰਘ ਨੇ ‘ਆਪ’ ਉਮੀਦਵਾਰਾਂ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
ਨਗਰ ਨਿਗਮ ਚੋਣਾਂ : ਵਿਧਾਇਕ ਕੁਲਵੰਤ ਸਿੰਘ ਨੇ ਆਪ ਉਮੀਦਵਾਰਾਂ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
Publish Date: Sat, 23 May 2026 05:55 PM (IST)
Updated Date: Sun, 24 May 2026 04:07 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। ਵਿਧਾਇਕ ਕੁਲਵੰਤ ਸਿੰਘ ਨੇ ਸ਼ਨਿੱਚਰਵਾਰ ਨੂੰ ਆਮ ਆਦਮੀ ਪਾਰਟੀ ਦੇ ਵੱਖ-ਵੱਖ ਉਮੀਦਵਾਰਾਂ ਦੇ ਹੱਕ ਵਿਚ ਤਾਬੜਤੋੜ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਵਾਰਡ ਨੰ. 19 ਤੋਂ ਉਮੀਦਵਾਰ ਜਗਵਿੰਦਰ ਕੌਰ, ਵਾਰਡ ਨੰ. 16 ਤੋਂ ਉਮੀਦਵਾਰ ਅਮਰਜੀਤ ਸਿੰਘ ਅਤੇ ਵਾਰਡ ਨੰ. 25 ਤੋਂ ਉਮੀਦਵਾਰ ਬਲਜਿੰਦਰ ਕੌਰ ਪਤਨੀ ਹਰਦੀਪ ਸਿੰਘ ਦੇ ਹੱਕ ਵਿਚ ਚੋਣ ਰੈਲੀਆਂ ਅਤੇ ਨੁੱਕੜ ਬੈਠਕਾਂ ਕੀਤੀਆਂ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦੀ ਕਤਾਰ ਦਿਨ ਪ੍ਰਤੀ ਦਿਨ ਲੰਮੀ ਹੁੰਦੀ ਜਾ ਰਹੀ ਹੈ, ਕਿਉਂਕਿ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਪਰਖ ਕੇ ਦੇਖ ਲਿਆ ਹੈ ਅਤੇ ਲੋਕਾਂ ਦਾ ਹੁਣ ਇਨ੍ਹਾਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ।
ਲੋਕ ਹੁਣ ਪੰਜਾਬ ਦਾ ਸੁਰੱਖਿਅਤ ਭਵਿੱਖ ਸਿਰਫ਼ ਆਮ ਆਦਮੀ ਪਾਰਟੀ ਦੇ ਹੱਥ ਵਿਚ ਵੇਖ ਰਹੇ ਹਨ। ਇਸ ਲਈ ਉਹ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਪੱਬਾਂ ਭਾਰ ਹੋਏ ਪਏ ਹਨ। ਇਹ ਉਤਸ਼ਾਹ ਚੋਣ ਪ੍ਰਚਾਰ ਦੌਰਾਨ ਦੇਖਣ ਨੂੰ ਮਿਲ ਰਿਹਾ ਹੈ। ਸਥਾਨਕ ਵੋਟਰਾਂ ਨੇ ਆਪੋ-ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ। ਜਿਸ ਕਾਰਨ ਵਿਰੋਧੀ ਪਾਰਟੀ ਦੇ ਆਗੂਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮੇਅਰ ਕਾਰਜਕਾਲ ਦੌਰਾਨ ਮੁਹਾਲੀ ਸਫ਼ਾਈ ਦੇ ਪੱਖੋਂ ਪਹਿਲੇ ਨੰਬਰ ’ਤੇ ਗਿਣਿਆ ਜਾਂਦਾ ਸ਼ਹਿਰ ਸੀ ਪ੍ਰੰਤੂ ਹੁਣ ਇਹ ਬਿਲਕੁਲ ਪਿੱਛਾ ਚਲਾ ਗਿਆ ਹੈ, ਪਿਛਲੇ ਪੰਜ ਸਾਲਾਂ ਵਿਚ ਸਾਬਕਾ ਮੇਅਰ ਜੀਤੀ ਸਿੱਧੂ ਨੇ ਸਫ਼ਾਈ ਮਾਮਲੇ ਵਿਚ ਕੋਈ ਕੰਮ ਨਹੀਂ ਕੀਤਾ। ਸਿਰਫ਼ ਲੋਕਾਂ ਨੂੰ ਗੁਮਰਾਹ ਕਰਨ ’ਤੇ ਹੀ ਲੱਗੇ ਰਹੇ, ਪ੍ਰੰਤੂ ਹੁਣ ਮੁਹਾਲੀ ਦੇ ਲੋਕ ਸਿੱਧੂ ਭਰਾਵਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ।
ਇਸ ਮੌਕੇ ‘ਆਪ’ ਆਗੂ ਕੁਲਦੀਪ ਸਿੰਘ ਸਮਾਣਾ, ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ, ਅਮਰਜੀਤ ਸਿੰਘ, ਬਲਜਿੰਦਰ ਕੌਰ, ਹਰਦੀਪ ਸਿੰਘ, ਸਵਿਤਾ ਪਰਿੰਜਾ, ਚਰਨਜੀਤ ਕੌਰ, ਨਵਜੋਤ ਸਿੰਘ ਬਾਛਲ, ਮਹਿੰਦਰ ਸਿੰਘ ਮਲੋਆ, ਬਲਵੀਰ ਮਸੀਹ, ਸੁਖਚੈਨ ਸਿੰਘ ਸੈਕਟਰ-80, ਮਨਜੀਤ ਸਿੰਘ, ਸੰਜੀਵ ਕੁਮਾਰ ਸੇਵਾਮੁਕਤ ਐਕਸੀਅਨ, ਕੁਲਦੀਪ ਸਿੰਘ, ਰਾਜਿੰਦਰ ਸਿੰਘ, ਜਸਵਿੰਦਰ ਸਿੰਘ, ਬਲਿੰਦਰ ਸਿੰਘ, ਆਰਐੱਸ ਢਿੱਲੋਂ, ਅਕਬਿੰਦਰ ਸਿੰਘ ਗੋਸਲ, ਗੁਰਪਾਲ ਸਿੰਘ ਗਰੇਵਾਲ, ਹਰਪਾਲ ਸਿੰਘ ਬਰਾੜ, ਅਮਰਜੀਤ ਸਿੰਘ ਸਿੱਧੂ ਵੀ ਹਾਜ਼ਰ ਸਨ।