ਪੰਜਾਬ ਬਣਿਆ ਗੈਂਗਸਟਰਾਂ ਦੀ ਧਰਤੀ : ਬੀਬੀ ਰਾਮੂਵਾਲੀਆ
ਗੈਂਗਸਟਰ ਖੇਡ ਰਹੇ ਬੇਕਸੂਰ ਲੋਕਾਂ ਦੇ ਖ਼ੂਨ ਨਾਲ ਹੋਲੀ : ਅਮਨਜੋਤ ਕੌਰ ਰਾਮੂਵਾਲੀਆ
Publish Date: Sun, 16 Nov 2025 06:04 PM (IST)
Updated Date: Sun, 16 Nov 2025 06:05 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ਚ ਜੰਗਲ ਰਾਜ ਹੋ ਗਿਆ ਹੈ ਅਤੇ ਪੰਜਾਬ ਗੈਂਗਸਟਰ ਲੈਂਡ ਬਣ ਗਿਆ, ਜੋ ਬੇਖ਼ੌਫ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਉਨ੍ਹਾਂ ਦੇ ਖ਼ੂਨ ਨਾਲ ਹੋਲੀ ਖੇਡ ਰਹੇ ਹਨ ਤੇ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ, ਜੋ ਕਿ ਅਤਿ-ਨਿੰਦਣਯੋਗ ਤੇ ਅਫ਼ਸੋਸਨਾਕ ਹੈ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਜਿਸ ਦੀਆਂ ਤਾਜ਼ਾ ਦੋ ਮਿਸਾਲਾਂ ਹਨ, ਇਕ ਫ਼ਿਰੋਜ਼ਪੁਰ ਵਿਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ, ਜਿਸ ਵਿਚ ਸੀਨੀਅਰ ਆਰਐੱਸਐੱਸ ਆਗੂ ਅਤੇ ਸਮਾਜ ਸੇਵਕ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ ਦਿਨ-ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੇ ਸਿਰਫ਼ ਅਰੋੜਾ ਪਰਿਵਾਰ ਹੀ ਨਹੀਂ ਬਲਕਿ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ, ਇਹ ਘਟਨਾ ਸਾਫ਼ ਦਰਸ਼ਾਉਂਦੀ ਹੈ ਕਿ ਰਾਜ ’ਚ ਅਪਰਾਧੀਆਂ ਦੇ ਹੌਸਲੇ ਕਿਨੇ ਬੁਲੰਦ ਹੋ ਚੁੱਕੇ ਹਨ। ਦੂਜਾ ਅੰਮ੍ਰਿਤਸਰ ਸਾਹਿਬ ਦੇ ਟਾਂਗਰਾ ਕਸਬੇ ’ਚ ਦੁਕਾਨਦਾਰ ਨੂੰ ਫ਼ਿਰੌਤੀ ਨਾ ਦੇਣ ਕਾਰਨ ਗੋਲ਼ੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੁਕਾਨਦਾਰ ਨੂੰ ਮਹੀਨਾ ਕੁ ਪਹਿਲਾਂ ਫ਼ਿਰੌਤੀ ਦੀ ਕਾਲ ਆਈ ਸੀ, ਉਸਦੇ ਘਰ ਧਮਕਾਉਣ ਲਈ ਗੈਂਗਸਟਰ ਨੇ ਫਾਇਰਿੰਗ ਵੀ ਕੀਤੀ ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅੱਜ ਉਹ ਮੌਤ ਦੇ ਮੂੰਹ ’ਚ ਚਲਿਆ ਗਿਆ ਹੈ। ਬੀਬੀ ਅਮਨਜੋਤ ਨੇ ਕਿਹਾ ਕਿ ਲੋਕ ਆਪਣੇ-ਆਪ ਨੂੰ ਪੰਜਾਬ ’ਚ ਕਿਤੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਲੋਕਾਂ ਨੂੰ ਸੁਰੱਖਿਆ ਦੇਣ ਦੀ ਥਾਂ ਪੰਜਾਬ ਪੁਲਿਸ ਦੀਆਂ ਡਿਊਟੀਆਂ ਦਿੱਲੀ ਤੋਂ ਆਏ ਕੇਜਰੀਵਾਲ ਤੇ ਉਸਦੀ ਟੋਲੀ ’ਤੇ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਇਹ ਕੋਈ ਪਹਿਲੀ ਘਟਨਾਵਾਂ ਨਹੀਂ ਹਨ, ਨਾ ਵਪਾਰੀ, ਨਾ ਖਿਡਾਰੀ ਤੇ ਨਾ ਹੀ ਕੋਈ ਆਮ ਬੰਦਾ ਨਿੱਤ ਹੀ ਕਿਸੇ ਨਾ ਕਿਸੇ ਦਾ ਕਤਲ ਹੋ ਰਿਹਾ ਹੈ, ਜੋ ਪੰਜਾਬ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕਰਦੇ ਹਨ। ਭਾਜਪਾ ਇਸ ਵਧ ਰਹੀ ਅਪਰਾਧ ਲਹਿਰ ਦੇ ਖ਼ਿਲਾਫ਼ ਕੜੇ ਕਦਮ ਚੁੱਕੇਗੀ ਕਿਉਂਕਿ ਸਰਕਾਰ ਕਾਨੂੰਨ-ਵਿਵਸਥਾ ’ਤੇ ਕਾਬੂ ਪਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਦਿਖਾਈ ਦੇ ਰਹੀ ਹੈ।