ਮੁਹਾਲੀ 'ਚ ਜਗਾੜੂ ਮੋਟਰਸਾਈਕਲ ਰੇਹੜੀਆਂ ਤੇ ਮੋਡੀਫਾਈਡ ਸਾਇਲੈਂਸਰਾਂ 'ਤੇ ਮੁਕੰਮਲ ਪਾਬੰਦੀ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ
ਇਸ ਤੋਂ ਇਲਾਵਾ ਮੁਹਾਲੀ ਦੇ ਐਸਐਸਪੀ ਵੱਲੋਂ ਬੀਤੀ 15 ਮਈ 2026 ਨੂੰ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਲਿਖੇ ਪੱਤਰ ਰਾਹੀਂ ਮੁਹਾਲੀ ਜ਼ਿਲ੍ਹੇ ਦੀ ਹਦੂਦ ਅੰਦਰ ਸੜਕਾਂ ਉੱਪਰ ਚੱਲ ਰਹੀਆਂ ਜਗਾੜੂ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ ਜਗਾੜੂ ਮੋਟਰ ਸਾਈਕਲ ਰੋਹੜੀਆਂ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਪੈਦਾ ਖ਼ਤਰੇ ਬਾਰੇ ਆਗਾਹ ਕੀਤਾ ਗਿਆ ਹੈ।
Publish Date: Wed, 27 May 2026 03:11 PM (IST)
Updated Date: Wed, 27 May 2026 03:18 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਹੁਣ ਜਗਾੜੂ ਮੋਟਰ ਸਾਈਕਲ ਰੇਹੜੀਆਂ ਅਤੇ ਆਪਣੇ ਵਾਹਨਾਂ ਦੇ ਸਾਇਲੈਂਸਰ ਮੋਡੀਫਾਈਡ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਜ਼ਿਲ੍ਹਾ ਪ੍ਰਸ਼ਾਸਨ ਨੇ ਅਜਿਹੇ ਵਾਹਨਾਂ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।
ਮੁਹਾਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਕੋਮਲ ਮਿੱਤਲ ਨੇ ਜਨਤਕ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮੁਹਾਲੀ ਜ਼ਿਲ੍ਹੇ ਦੀ ਹੱਦ ਅੰਦਰ ਕਿਸੇ ਵੀ ਵਾਹਨ ਦੇ ਮੂਲ ਰੂਪ ਵਿੱਚ ਤਬਦੀਲੀ, ਸੋਧ , ਨਿਰਮਾਣ ਕਰਨ ਅਤੇ ਅਜਿਹੇ ਗੈਰ-ਵਰਗੀਕ੍ਰਿਤ ਅਤੇ ਗੈਰ-ਕਾਨੂੰਨੀ ਤੌਰ ਤੇ ਸੋਧੇ ਵਹੀਕਲ ਖਾਸ ਕਰ ਜੁਗਾੜੂ ਰੇਹੜੀਆਂ/ਪੀਟਰ ਰੇਹੜੇ ਆਦਿ ਨੂੰ ਮੁਹਾਲੀ ਦੀਆਂ ਸੜਕਾਂ/ਜਨਤਕ ਥਾਵਾਂ 'ਤੇ ਚਲਾਏ ਜਾਣ ਦੀ ਮੁਕੰਮਲ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਪੰਜਾਬ ਅਤੇ ਮੋਟਰ ਵਾਹਨ ਐਕਟ 1988 ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੁਹਾਲੀ ਵਿੱਚ ਮੋਡੀਫਾਈਡ ਸਾਇਲੈਂਸਰਾਂ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਤਬਦੀਲ ਕੀਤੇ ਵਾਹਨਾਂ ਵਿਰੁੱਧ ਕਾਰਵਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਵਾਹਨਾਂ ਵਿੱਚ ਗੈਰ-ਕਾਨੂੰਨੀ ਤਬਦੀਲੀਆਂ ਅਤੇ ਮੋਡੀਫਾਈਡ ਸਾਇਲੈਂਸਰ ਲਗਾਉਣ ਕਾਰਨ ਧੁਨੀ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉੱਚ ਆਵਾਜ਼ ਵਾਲੇ ਸਾਇਲੈਂਸਰ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਵਿਅਕਤੀਆਂ ਦੀ ਸਿਹਤ ’ਤੇ ਵੀ ਮਾੜਾ ਪ੍ਰਭਾਵ ਪਾਂਦੇ ਹਨ।
ਇਸ ਤੋਂ ਇਲਾਵਾ ਮੁਹਾਲੀ ਦੇ ਐਸਐਸਪੀ ਵੱਲੋਂ ਬੀਤੀ 15 ਮਈ 2026 ਨੂੰ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਲਿਖੇ ਪੱਤਰ ਰਾਹੀਂ ਮੁਹਾਲੀ ਜ਼ਿਲ੍ਹੇ ਦੀ ਹਦੂਦ ਅੰਦਰ ਸੜਕਾਂ ਉੱਪਰ ਚੱਲ ਰਹੀਆਂ ਜਗਾੜੂ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ ਜਗਾੜੂ ਮੋਟਰ ਸਾਈਕਲ ਰੋਹੜੀਆਂ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਪੈਦਾ ਖ਼ਤਰੇ ਬਾਰੇ ਆਗਾਹ ਕੀਤਾ ਗਿਆ ਹੈ। ਪੱਤਰ ਅਨੁਸਾਰ ਕਈ ਵਾਰ ਇਹ ਜਗਾੜੂ ਮੋਟਰ ਸਾਈਕਲ ਰੇਹੜੀਆਂ ਬਿਨਾ ਕਿਸੇ ਸੁਰੱਖਿਆ ਮਾਪਦੰਡਾਂ ਦੇ ਤਿਆਰ ਕੀਤੀਆ ਜਾਂ ਮੁਰੰਮਤ ਕੀਤੀਆਂ ਜਾਂਦੀਆ ਹਨ, ਜਿਸ ਕਾਰਨ ਭਵਿੱਖ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਇਸ ਤੋਂ ਇਲਾਵਾ ਹਾਈ ਕੋਰਟ ਵਿੱਚ ਚੱਲ ਰਹੇ ਉਕਤ ਕੇਸ ਦੇ ਮੱਦੇਨਜਰ ਵੀ ਇਸ ਮਾਮਲੇ ਵਿੱਚ ਯੋਗ ਅਤੇ ਤੁਰੰਤ ਕਾਰਵਾਈ ਕੀਤੀ ਜਾਈ ਜ਼ਰੂਰੀ ਹੈ ਤਾਂ ਜੋ ਟ੍ਰੈਫਿਕ ਪ੍ਰਬੰਧਾਂ ਨੂੰ ਸੁਚਾਰੂ ਬਣਾਇਆ ਜਾ ਸਕੇ ਅਤੇ ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਲਈ ਜ਼ਿਲ੍ਹਾ ਪ੍ਰਸਾਸ਼ਨ ਪੱਧਰ ਤੇ ਸਬੰਧਤ ਵਿਭਾਗ/ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਕੇ ਜਗਾੜੂ ਮੋਟਰ ਸਾਈਕਲ ਰੇਹੜੀਆਂ ਬਣਾਉਣ, ਮੋਡੀਫਾਈ ਕਰਨ ਜਾਂ ਮੁਰੰਮਤ ਕਰਨ ਵਾਲੇ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਸਬੰਧੀ ਹੁਕਮ ਪਾਸ ਕੀਤਾ ਜਾਵੇ ਤਾਂ ਜੇ ਭਵਿੱਖ ਵਿੱਚ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਵਿੱਚ ਗੈਰ-ਕਾਨੂੰਨੀ ਮੋਡੀਫਿਕੇਸ਼ਨ ਨਾ ਕਰਵਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦਾ ਸਹਿਯੋਗ ਕਰਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਚੈਕਿੰਗ ਮੁਹਿੰਮ ਚਲਾਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮਨਾਹੀ ਦੇ ਇਕ ਤਾਜ਼ਾ ਹੁਕਮ 14 ਜੁਲਾਈ 2026 ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ।