16 ਸਾਲਾ ਨਾਬਾਲਿਗਾ ਦੇ ਲਾਪਤਾ ਹੋਣ ’ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ
ਨਾਬਾਲਿਗਾ ਦੇ ਲਾਪਤਾ ਹੋਣ ’ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ
Publish Date: Wed, 12 Nov 2025 08:56 PM (IST)
Updated Date: Wed, 12 Nov 2025 08:58 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਆਈਟੀ ਸਿਟੀ ਥਾਣਾ ਪੁਲਿਸ ਨੇ ਇਕ 16 ਸਾਲਾ ਨਾਬਾਲਿਗਾ ਨੂੰ ਵਰਗਲਾ ਕੇ ਆਪਣੇ ਨਾਲ ਲੈ ਜਾਣ ਵਾਲੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਸਬੰਧਤ ਅਪਰਾਧਿਕ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਨਾਬਾਲਿਗਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਦਿੱਲੀ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦਾ 17 ਸਾਲਾ ਬੇਟਾ ਅਤੇ 16 ਸਾਲਾ ਬੇਟੀ ਘਰ ਵਿਚ ਇਕੱਲੇ ਸਨ। ਸ਼ਾਮ ਦੇ ਸਮੇਂ ਜਦੋਂ ਬੇਟਾ ਨਹਾਉਣ ਲਈ ਬਾਥਰੂਮ ਗਿਆ, ਤਾਂ ਕਿਸੇ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਟੀਵੀ ਦੀ ਆਵਾਜ਼ ਤੇਜ਼ ਕਰ ਦਿੱਤੀ। ਇਸੇ ਦੌਰਾਨ ਉਨ੍ਹਾਂ ਦੀ ਬੇਟੀ ਘਰੋਂ ਗਾਇਬ ਹੋ ਗਈ। ਪਰਿਵਾਰ ਜਦੋਂ ਦਿੱਲੀ ਤੋਂ ਵਾਪਸ ਪਰਤਿਆ, ਤਾਂ ਉਨ੍ਹਾਂ ਨੇ ਬੇਟੀ ਦੀ ਭਾਲ ਕੀਤੀ, ਪਰ ਉਹ ਨਹੀਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ। ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਨ੍ਹਾਂ ਦੀ ਬੇਟੀ ਨੂੰ ਲਾਲਚ ਦੇ ਕੇ ਜਾਂ ਧੋਖੇ ਨਾਲ ਆਪਣੇ ਨਾਲ ਲੈ ਗਿਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਅਣਪਛਾਤੇ ਦੋਸ਼ੀ ਖ਼ਿਲਾਫ਼ ਉੱਚਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ।