ਸਬੂਤਾਂ ਦੀ ਘਾਟ ਕਾਰਨ ਰਿਸ਼ਵਤਖੋਰੀ ਦੇ ਦੋਸ਼ਾਂ ਤੋਂ ਏਐੱਸਆਈ ਬਰੀ
ਸਬੂਤਾਂ ਦੀ ਘਾਟ ਕਾਰਨ ਰਿਸ਼ਵਤਖੋਰੀ ਦੇ ਦੋਸ਼ਾਂ ਤੋਂ ਏਐੱਸਆਈ ਬਰੀ
Publish Date: Wed, 12 Nov 2025 07:12 PM (IST)
Updated Date: Wed, 12 Nov 2025 07:13 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਥਾਨਕ ਜ਼ਿਲ੍ਹਾ ਅਦਾਲਤ ਨੇ 10,000 ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿਚ ਏਐੱਸਆਈ (ਅਸਿਸਟੈਂਟ ਸਬ-ਇੰਸਪੈਕਟਰ) ਹਰਜੀਤ ਸਿੰਘ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਇਹ ਮਾਮਲਾ ਸਾਲ 2019 ਦਾ ਹੈ, ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੂੰ ਦਵਿੰਦਰ ਸਿੰਘ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਪੁਲਿਸ ਸਟੇਸ਼ਨ ਸਿਟੀ ਖਰੜ ਵਿਚ ਤਾਇਨਾਤ ਏਐੱਸਆਈ ਹਰਜੀਤ ਸਿੰਘ ਨੇ ਉਨ੍ਹਾਂ ਵੱਲੋਂ ਦਰਜ ਕੀਤੀ ਗਈ ਇਕ ਐੱਫਆਈਆਰ ਵਿਚ ਨਾਮਜ਼ਦ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਰੱਦ ਕਰਵਾਉਣ ਦੇ ਬਦਲੇ ਵਿਚ 10,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਨੇ 16 ਦਸੰਬਰ, 2019 ਨੂੰ ਏਐੱਸਆਈ ਨੂੰ ਰਿਸ਼ਵਤ ਦੀ ਰਕਮ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿਚ ਏਐੱਸਆਈ ਨੂੰ ਮੁਹਾਲੀ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਸੀ। ਜਾਂਚ ਅਧਿਕਾਰੀ ਦੀ ਮੌਤ ਬਣੀ ਮੁੱਖ ਕਾਰਨ ਅਦਾਲਤੀ ਕਾਰਵਾਈ ਦੌਰਾਨ, ਇਸ ਮਾਮਲੇ ਦੇ ਜਾਂਚ ਅਧਿਕਾਰੀ ਡੀਐੱਸਪੀ ਬਰਜਿੰਦਰ ਸਿੰਘ ਦੀ ਮੌਤ ਹੋ ਗਈ, ਜਿਸ ਕਾਰਨ ਉਨ੍ਹਾਂ ਦੀ ਅਹਿਮ ਗਵਾਹੀ ਅਦਾਲਤ ਵਿਚ ਦਰਜ ਨਹੀਂ ਹੋ ਸਕੀ। ਇਸ ਦੇ ਨਤੀਜੇ ਵਜੋਂ, ਮੁਹਾਲੀ ਅਦਾਲਤ ਨੇ ਲੋੜੀਂਦੇ ਸਬੂਤ ਨਾ ਹੋਣ ਕਾਰਨ ਪੁਲਿਸ ਅਧਿਕਾਰੀ ਨੂੰ ਰਿਸ਼ਵਤਖੋਰੀ ਦੇ ਦੋਸ਼ਾਂ ਤੋਂ ਬਰੀ ਕਰਨ ਦਾ ਫ਼ੈਸਲਾ ਸੁਣਾਇਆ।