ਜੇਐੱਸ ਕਲੇਰ, ਜ਼ੀਰਕਪੁਰ

ਜ਼ੀਰਕਪੁਰ ਪੁਲਿਸ ਨੇ ਲੋਕਾਂ ਨੂੰ ਖ਼ੇਤਰ 'ਚ ਚੋਰੀਆਂ ਨੂੰ ਅੰਜਾਮ ਦੇ ਕੇ ਫ਼ਰਾਰ ਹੋਣ ਵਾਲੀਆਂ 2 ਅੌਰਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਬਾਰੇ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜ਼ੀਰਕਪੁਰ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ੀਰਕਪੁਰ ਖੇਤਰ 'ਚ ਪਿਛਲੇ ਕੁੱਝ ਦਿਨਾਂ ਤੋਂ ਦੋ ਪ੍ਰਵਾਸੀ ਅੌਰਤਾਂ ਜਿਨ੍ਹਾਂ ਦੀ ਉਮਰ ਕਰੀਬ 25 ਤੋਂ 35 ਸਾਲ ਹੈ ਜੋ ਕੰਮ ਦੀ ਭਾਲ 'ਚ ਸੁਸਾਇਟੀਆਂ ਦੇ ਗੇਟ 'ਤੇ ਸਕਿਓਰਿਟੀ ਗਾਰਡ ਨੂੰ ਆਪਣਾ ਗ਼ਲਤ ਨਾਮ ਅਤੇ ਪਤਾ ਦੱਸ ਕੇ ਕੰਮ ਦੀ ਭਾਲ ਬਹਾਨੇ ਫਲੈਟ ਅੰਦਰ ਚਲੀਆਂ ਜਾਂਦੀਆਂ ਹਨ ਅਤੇ ਉੱਥੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆ ਹਨ ਦੀ ਪਛਾਣ ਕਰਨ 'ਚ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਵੀਆਈਪੀ ਰੋਡ 'ਤੇ ਸਥਿਤ ਮੋਨਾ ਗ੍ਰੀਨ ਸੁਸਾਇਟੀ ਦੇ ਇੱਕ ਫਲੈਟ 'ਚ ਇਨ੍ਹਾਂ ਅੌਰਤਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਅੌਰਤਾਂ ਨੂੰ ਕੋਈ ਪਹਿਚਾਣਦਾ ਹੈ ਤਾਂ ਇਨ੍ਹਾਂ ਦੀ ਫੋਟੋ ਤੋਂ ਉਹ ਉਨ੍ਹਾਂ ਦੇ ਮੋਬਾਈਲ ਨੰਬਰ 9115516053 ਜਾਂ ਫੇਰ ਮੁੱਖ ਮੁਨਸ਼ੀ ਦੇ ਮੋਬਾਈਲ ਨੰਬਰ 9115516054 'ਤੇ ਪੁਲਿਸ ਨੂੰ ਸੂਚਿਤ ਕਰ ਸਕਦਾ ਹੈ। ਉਨ੍ਹਾਂ ਸੁਸਾਇਟੀਆਂ ਦੇ ਪ੍ਰਧਾਨਾਂ ਨੂੰ ਇਨ੍ਹਾਂ ਦੀ ਫੋਟੋ ਹਰੇਕ ਸਕਿਓਰਿਟੀ ਗਾਰਡ ਅਤੇ ਵਸਨੀਕ ਨੂੰ ਸ਼ੇਅਰ ਕਰਨ ਦੀ ਅਪੀਲ ਕੀਤੀ ਤਾਂ ਜੋ ਇਹ ਨੌਸਰਬਾਜ਼ ਅੌਰਤਾਂ ਕਿਸੇ ਹੋਰ ਘਟਨਾ ਨੂੰ ਅੰਜਾਮ ਨਾ ਦੇ ਸਕਣ। ਉਨ੍ਹਾਂ ਸੁਸਾਇਟੀਆਂ ਦੇ ਸਕਿਓਰਿਟੀ ਗਾਰਡਾਂ ਨੂੰ ਬਿਨਾਂ ਵੈਰੀਫਿਕੇਸ਼ਨ ਅਣਜਾਣ ਅੌਰਤਾਂ/ਵਿਅਕਤੀਆਂ ਨੂੰ ਬਿਨਾਂ ਚੈਕਿੰਗ ਅਤੇ ਵੈਰੀਫਿਕੇਸ਼ਨ ਕੀਤੇ ਫਲੈਟਾਂ ਦੇ ਅੰਦਰ ਜਾਣ ਤੋਂ ਰੋਕਣ ਦੀ ਹਦਾਇਤ ਕੀਤੀ। ਉਨ੍ਹਾਂ ਸਕਿਉਰਿਟੀ ਗਾਰਡਾਂ ਅਤੇ ਸੁਸਾਇਟੀਆਂ ਦੇ ਮਾਣਯੋਗ ਪ੍ਰਧਾਨਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਬਿਨਾਂ ਵੈਰੀਫਿਕੇਸ਼ਨ ਅਤੇ ਸਬੰਧਤ ਵਸਨੀਕ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਘਰ/ਫਲੇਟ ਜਾਂ ਸੁਸਾਇਟੀ ਅੰਦਰ ਦਾਖ਼ਲ ਨਾ ਹੋਣ ਦਿੱਤਾ ਜਾਵੇ।