ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸੂਬੇ ਦੀ ਨੌਜਵਾਨੀ ਦੇ ਸਰਬਪੱਖੀ ਵਿਕਾਸ ਅਤੇ ਨਵੀਂ ਊਰਜਾ ਭਰਨ ਦੇ ਉਦੇਸ਼ ਨਾਲ 30 ਅਤੇ 31 ਜਨਵਰੀ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 'ਪੰਜਾਬ ਰਾਜ ਯੁਵਕ ਮੇਲੇ-2020' ਦਾ ਆਯੋਜਨ ਜੋਸ਼ੋ ਖਰੋਸ਼ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਆਰਐੱਸ ਬਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਖੇਡਾਂ, ਸਿਨੇਮਾ, ਸੰਗੀਤ, ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿਚ ਪੰਜਾਬ ਦੀਆਂ ਅਜਿਹੀਆਂ ਨੌਜਵਾਨ ਸਖ਼ਸ਼ੀਅਤਾਂ ਨੂੰ 'ਪੰਜਾਬ ਯੂਥ ਆਈਕਨ' ਪੁਰਸਕਾਰ 2020 ਨਾਲ ਸਨਮਾਨਤ ਕਰੇਗੀ, ਜਿਨ੍ਹਾਂ ਨੇ ਆਪਣੀਆਂ ਪ੍ਰਰਾਪਤੀਆਂ ਨਾਲ ਨਾ ਕੇਵਲ ਆਪਣਾ ਨਾਮ ਰੌਸ਼ਨਾਇਆ ਹੈ ਸਗੋਂ ਸਮੁੱਚੀ ਕੌਮ ਦਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨੌਜਵਾਨਾਂ ਲਈ ਆਦਰਸ਼ ਬਣੀਆਂ ਅਤੇ ਸੂਬੇ ਦਾ ਨਾਮ ਬੁਲੰਦੀਆਂ 'ਤੇ ਪਹੁੰਚਾਉਣ ਵਾਲੀਆਂ 18 ਸਖ਼ਸ਼ੀਅਤਾਂ ਨੂੰ 'ਪੰਜਾਬ ਯੂਥ ਆਈਕਨ' ਪੁਰਸਕਾਰ ਭੇਂਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ ਭੇਂਟ ਕੀਤੇ ਜਾਣਗੇ।

ਡਾ. ਬਾਵਾ ਨੇ ਦੱਸਿਆ ਕਿ ਨਵੇਂ ਪੰਜਾਬ ਦੀ ਸਿਰਜਣਾ 'ਚ ਨੌਜਵਾਨਾਂ ਦੀ ਭਰਪੂਰ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਅਤੇ ਧੀਆਂ ਦੇ ਸਨਮਾਨ ਨੂੰ ਸਨਮੁੱਖ ਰੱਖਦੇ ਹੋਏ 'ਨਾਰੀ ਦਾ ਸਨਮਾਨ, ਨਸ਼ਿਆਂ ਦਾ ਤਿਆਗ, ਆਓ ਸਿਰਜੀਏ ਨਵਾਂ ਪੰਜਾਬ' ਦੇ ਸਿਰਲੇਖ ਹੇਠ ਕਰਵਾਏ ਜਾ ਰਹੇ ਯੁਵਕ ਮੇਲੇ 'ਚ ਪੰਜਾਬ ਇਨੋਵੇਸ਼ਨ ਤੇ ਸਵੈ ਰੁਜ਼ਗਾਰ ਐਕਸਪੋ 2020 ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਜਿਥੇ ਸੂਬੇ ਭਰ ਤੋਂ ਨੌਜਵਾਨਾਂ ਵੱਲੋਂ ਬਣਾਏ 50 ਸਟਾਰਟਅੱਪ ਪ੍ਰਦਰਸ਼ਿਤ ਕੀਤੀ ਜਾਣਗੇ ਉਥੇ ਹੀ ਵਿਗਿਆਨਿਕ, ਤਕਨੀਕੀ ਖੋਜਾਂ, ਸਮਾਜਿਕ ਚਣੌਤੀਆਂ ਦੇ ਹੱਲ ਸਬੰਧੀ ਤਿਆਰ ਕੀਤੇ 50 ਤੋਂ ਜ਼ਿਆਦਾ ਖੋਜ ਪ੍ਰਰਾਜੈਕਟਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਉਪ ਕੁਲਪਤੀ ਨੇ ਦੱਸਿਆ ਕਿ ਇਸ ਦੋ ਰੋਜ਼ਾ ਯੁਵਕ ਮੇਲੇ ਦੌਰਾਨ ਵਿਦੇਸ਼ੀ ਰਾਜਦੂਤਾਂ, ਉਦਯੋਗਿਕ ਆਗੂਆਂ, ਸੁਰੱਖਿਆ ਮਾਹਰਾਂ, ਸਿਵਲ ਸੇਵਾਵਾਂ ਦੀ ਤਿਆਰੀ ਸਬੰਧੀ 'ਕਰੀਅਰ ਸੰਮੇਲਨ-2020' ਰਾਹੀਂ ਲੜੀਵਾਰ ਸੈਸ਼ਨਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਿਵਲ ਸਰਵਿਸਿਜ਼ ਦੀਆਂ ਤਿਆਰੀਆਂ ਸਬੰਧੀ 3 ਆਈਐੱਸ ਅਧਿਕਾਰੀ ਵਿਸ਼ੇਸ਼ ਵਿਚਾਰ ਗੋਸ਼ਟੀ ਦੌਰਾਨ ਆਪਣੇ ਵਿਚਾਰ ਵਿਦਿਆਰਥੀਆਂ ਸਨਮੁੱਖ ਰੱਖਣਗੇ ਅਤੇ ਸਿਵਲ ਸਰਵਿਸਿਜ਼ 'ਚ ਸੇਵਾਵਾਂ ਸਬੰਧੀ ਇੰਟਰਵਿਊ ਤਿਆਰੀ ਲਈ ਜਾਗਰੂਕ ਕਰਨਗੇ।