ਜੇ ਐੱਸ ਕਲੇਰ, ਜ਼ੀਰਕਪੁਰ : ਪਿਆਰ 'ਚ ਫੇਲ੍ਹ ਹੋਏ ਇਕ ਨੌਜਵਾਨ ਵਿਦਿਆਰਥੀ ਨੇ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਉਸਦੀ ਪੁਰਾਣੀ ਪੇ੍ਮਿਕਾ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਨੇ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।

ਪੁਲਿਸ ਨੇ ਸੂਚਨਾ ਮਿਲਣ ਮਗਰੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ 'ਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿ੍ਤਕ ਦੀ ਪਛਾਣ 19 ਸਾਲਾ ਦਾ ਹਿਤਆਰਥ ਕੁਮਾਰ ਪਾਲ ਵਾਸੀ ਸਵਾਸਤਿਕ ਵਿਹਾਰ, ਜ਼ੀਰਕਪੁਰ ਦੇ ਰੂਪ 'ਚ ਹੋਈ ਹੈ।

ਮਿ੍ਤਕ ਖਰੜ ਵਿਖੇ ਸਥਿਤ ਕਾਲਜ 'ਚ ਪੜ੍ਹਾਈ ਕਰ ਰਿਹਾ ਸੀ। ਮਿ੍ਤਕ ਤੋਂ ਸੁਸਾਈਡ ਨੋਟ 'ਚ ਉਸਨੇ ਦੱਸਿਆ ਕਿ ਉਸਦੇ ਨਾਲ ਕਾਲਜ 'ਚ ਪੜ੍ਹਦੀ ਲੜਕੀ ਵਾਸੀ ਚੰਡੀਗੜ੍ਹ ਨਾਲ ਉਸਦਾ ਪੰਜ ਸਾਲਾ ਤੋਂ ਅਫੇਅਰ ਚਲ ਰਿਹਾ ਹੈ। ਲੰਘੇ ਕੁਝ ਦਿਨਾਂ ਤੋਂ ਉਸਦੀ ਪੇ੍ਮਿਕਾ ਨੇ ਉਸ ਨਾਲ ਧੋਖਾ ਕਰਦੇ ਹੋਏ ਉਸ ਨੂੰ ਛੱਡ ਦਿੱਤਾ ਹੈ। ਉਸ ਵੱਲੋਂ ਕਈਂ ਵਾਰ ਉਸ ਨਾਲ ਗੱਲਬਾਤ ਕਰ ਮੁੜ ਤੋਂ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਉਸ ਨੂੰ ਪਿਆਰ 'ਚ ਪਾ ਕੇ ਧੋਖਾ ਦੇ ਦਿੱਤਾ। ਇਸ ਤੋਂ ਪੇ੍ਸ਼ਾਨ ਹੋ ਕੇ ਉਹ ਖ਼ੁਦਕੁਸ਼ੀ ਕਰ ਰਿਹਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮਿ੍ਤਕ ਦੇ ਸੁਸਾਈਡ ਨੋਟ ਦੇ ਆਧਾਰ 'ਤੇ ਲੜਕੀ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।