ਸਟਾਫ਼ ਰਿਪੋਰਟਰ, ਚੰਡੀਗੜ੍ਹ : ‘‘ਜੇਲ੍ਹਾਂ ਵਿੱਚੋਂ ਫੋਨ ਆਉਣਗੇ, ਨਸ਼ਾ ਵੀ ਵਿਕੇਗਾ ਗਲੀ-ਗਲੀ ਸਰਕਾਰੇ। ਇਹ ਹਾਲ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਰ ਦਿੱਤੇ ਹਨ। ਦੂਜੇ ਪਾਸੇ ਸਰਕਾਰ ਤੇ ਪੰਜਾਬ ਪੁਲਿਸ ਦੀ ਕਾਰਵਾਈ ਹਾਲੇ ਵੀ ਵੱਡੀਆਂ-ਛੋਟੀਆ ਮੁੱਛਾਂ ’ਤੇ ਹੀ ਅੜੀ ਹੋਈ ਹੈ’’। ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਚੰਡੀਗੜ੍ਹ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਲਈ ਮੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹਨ। ਭਾਜਪਾ ਆਗੂ ਅਰਵਿੰਦ ਖੰਨਾ ਨੇ ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜਿਵੇਂ ਸੂਬੇ ਦੀਆਂ ਜੇਲ੍ਹਾਂ ਵਿੱਚੋਂ ਅਪਰਾਧੀ ਘੰਟਾ ਘੰਟਾ ਲਾਈਵ ਹੋ ਕੇ ਕਤਲਾਂ ਤੇ ਹੋਰਨਾਂ ਘਟਨਾਵਾਂ ਦੀ ਜ਼ਿੰਮੇਵਾਰੀ ਲੈਂਦੇ ਹਨ, ਉਵੇਂ ਤੁਸੀਂ ਵੀ ਇਕ ਘੰਟਾ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਵਿਚ ਵਿਗੜ ਰਹੀ ਅਮਨ-ਕਾਨੂੰਨ ਅਤੇ ਨਸ਼Çਆਂ ਬਾਰੇ ਆਪਣੀ ਗੱਲ ਰੱਖਣ ਦੀ ਖੇਚਲ ਕਰੋ।

ਉਨ੍ਹਾਂ ਕਿਹਾ ਕਿ ਸੂਬੇ ਦੀਆਂ ਜੇਲ੍ਹਾਂ ਵਿੱਚੋਂ ਫ਼ੋਨ-ਸਿਮ ਮਿਲ ਰਹੇ ਹਨ, ਫਿਰੌਤੀ ਦੀਆਂ ਕਾਲਾਂ, ਨਸ਼ਾ ਕਰਨ ਦੇ ਨਾਲ-ਨਾਲ ਇਕ ਘੰਟੇ ਤਕ ਗੈਂਗਸਟਰਾਂ ਦੇ ਲਾਈਵ ਇੰਟਰਵਿਊਜ਼ ਸਰਕਾਰ ਤੇ ਪੁਲਿਸ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਪੰਜਾਬ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਰੋਜ਼ਾਨਾ ਮੌਤਾਂ ਹੋ ਰਹੀਆਂ ਹਨ, ਫਿਰ ਵੀ ਜ਼ਿੰਮੇਵਾਰ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਨਸ਼ੇ ਖੁੱਲ੍ਹੇਆਮ ਵਿਕ ਰਹੇ ਹਨ। ਇਹ ਸਭ ਕੀ ਹੋ ਰਿਹਾ ਹੈ।