-ਕੁੱਤਿਆਂ ਤੇ ਹੋਰ ਜਾਨਵਰਾਂ ਨਾਲ ਲਾਡ-ਪਿਆਰ ਕਰਨ ਸਮੇਂ ਸਾਵਧਾਨੀ ਜ਼ਰੂਰੀ : ਸਿਵਲ ਸਰਜਨ

ਡਿਪਟੀ ਚੀਫ਼ ਰਿਪੋਰਟਰ, ਐੱਸਏਐੱਸ ਨਗਰ : ਜ਼ਿਲ੍ਹਾ ਐੱਸਏਐੱਸ ਨਗਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਵਿਸ਼ਵ ਹਲਕਾਅ (ਰੇਬੀਜ਼) ਵਿਰੋਧੀ ਦਿਵਸ ਮਨਾਇਆ ਗਿਆ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਿਲੰਦਰ ਕੌਰ ਤੇ ਹੋਰ ਸਿਹਤ ਅਧਿਕਾਰੀਆਂ ਵਲੋਂ ਇਸ ਦਿਨ ਦੀ ਮਹੱਤਤਾ ਦਰਸਾਉਂਦਾ ਪੋਸਟਰ ਵੀ ਜਾਰੀ ਕੀਤਾ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਇਸ ਦਿਵਸ ਦਾ ਮੰਤਵ ਲੋਕਾਂ ਨੂੰ ਕੁੱਤਿਆਂ ਜਾਂ ਹੋਰ ਜਾਨਵਰਾਂ ਦੇ ਹਲਕਾਅ ਤੋਂ ਬਚਾਅ ਬਾਰੇ ਜਾਗਰੂਕ ਕਰਨਾ ਹੈ। ਇਹ ਦਿਨ ਉਘੇ ਫ਼ਰਾਂਸੀਸੀ ਬਾਇਉਲੋਜਿਸਟ ਲੂਇਸ ਪਾਸਚਰ ਦੀ ਯਾਦ ਵਿਚ ਵੀ ਮਨਾਇਆ ਜਾਂਦਾ ਹੈ ਜਿਸ ਨੇ ਦੁਨੀਆਂ ਵਿਚ ਸਭ ਤੋਂ ਪਹਿਲੀ ਰੇਬੀਜ਼ ਵਿਰੋਧੀ ਵੈਕਸੀਨ ਤਿਆਰ ਕੀਤੀ ਸੀ।

ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਰੇਬੀਜ਼ ਮਨੁੱਖਾਂ ਅਤੇ ਜਾਨਵਰਾਂ ਦੋਹਾਂ ਲਈ ਘਾਤਕ ਬੀਮਾਰੀ ਹੈ। ਇਹ ਮਨੁੱਖਾਂ ਨੂੰ ਕੁੱਤੇ, ਬਿੱਲੀ, ਬਾਂਦਰ ਆਦਿ ਜਾਨਵਰਾਂ ਦੇ ਵੱਢਣ ਨਾਲ ਹੋ ਸਕਦਾ ਹੈ ਪਰ ਇਸ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕੁੱਤੇ ਜਾਂ ਹੋਰ ਜਾਨਵਰਾਂ ਦੇ ਵੱਢਣ ਨੂੰ ਅਣਦੇਖਾ ਕਰ ਦਿਤਾ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਉਨਾਂ੍ਹ ਕਿਹਾ ਕਿ ਜਾਨਵਰਾਂ ਦੇ ਵੱਢਣ ਜਾਂ ਪੰਜੇ ਮਾਰਨ ਜਾਂ ਲਾਰ ਨਾਲ ਇਨਸਾਨ ਨੂੰ ਹਲਕਾਅ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਲਤੂ ਕੁੱਤੇ ਜਾਂ ਬਿੱਲੀ ਨੂੰ 3 ਮਹੀਨਿਆਂ ਦੀ ਉਮਰ'ਤੇ ਰੇਬੀਜ਼ ਦਾ ਟੀਕਾ ਲਗਵਾਇਆ ਜਾਵੇ। ਕੱੁਤੇ ਦੇ ਵੱਢਣ 'ਤੇ ਸਾਰੇ ਚਾਰ ਟੀਕੇ ਲਗਵਾਉਣੇ ਜ਼ਰੂਰੀ ਹਨ ਜੋ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਉਪਲਭਧ ਹਨ। ਇਸ ਮੌਕੇ ਡਾ. ਸ਼ਿਲੰਦਰ ਕੌਰ ਨੇ ਆਖਿਆ ਕਿ ਕਈ ਲੋਕ ਘਰਾਂ ਵਿਚ ਜਾਨਵਰ ਖ਼ਾਸਕਰ ਕੁੱਤੇ ਅਤੇ ਬਿੱਲੀਆਂ ਪਾਲਦੇ ਹਨ ਅਤੇ ਉਨ੍ਹਾਂ ਨਾਲ ਅਕਸਰ ਲਾਡ-ਪਿਆਰ ਕਰਦੇ ਰਹਿੰਦੇ ਹਨ ਪਰ ਅਜਿਹਾ ਕਰਦੇ ਸਮੇਂ ਸਾਵਧਾਨੀ ਬਹੁਤ ਜ਼ਰੂਰੀ ਹੈ।

ਘਰਾਂ ਵਿਚ ਰੱਖੇ ਜਾਣ ਵਾਲੇ ਜਾਨਵਰਾਂ ਦੀ ਲਗਾਤਾਰ ਜਾਂਚ ਅਤੇ ਟੀਕਾਕਰਨ ਵੀ ਕਰਵਾਇਆ ਜਾਣਾ ਚਾਹੀਦਾ ਹੈ ਕਿਉਂਕਿ ਅਜਿਹਾ ਨਾ ਕਰਨ ਦੀ ਹਾਲਤ ਵਿਚ ਮਨੁੱਖ ਖ਼ਤਰਨਾਕ ਬੀਮਾਰੀਆਂ ਦੀ ਲਪੇਟ ਵਿਚ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਨਾਲ ਮੇਲ-ਮਿਲਾਪ ਸਮੇਂ ਚੌਕਸ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਪਸ਼ੂਆਂ ਨਾਲ ਬਹੁਤੀ ਨੇੜਤਾ ਖ਼ਤਰਨਾਕ ਹੋ ਸਕਦੀ ਹੈ। ਜਾਨਵਰਾਂ ਵਿਚ ਹਲਕਾਅ ਹੋਣ ਦੇ ਲੱਛਣਾਂ ਵਿਚ ਜਾਨਵਰਾਂ ਦੇ ਵਿਹਾਰ ਅਤੇ ਭੌਂਕਣ ਦੀ ਆਵਾਜ਼ ਵਿਚ ਬਦਲਾਅ, ਬੇਲੋੜੀ ਉਤੇਜਨਾ, ਪਾਣੀ ਤੋਂ ਡਰ, ਮੂੰਹ ਵਿਚੋਂ ਜ਼ਿਆਦਾ ਲਾਰ ਨਿਕਲਣਾ, ਲਕਵਾ ਹੋਣਾ, ਬਿਨਾਂ ਕਿਸੇ ਕਾਰਨ ਵੱਢਣਾ ਆਦਿ ਸ਼ਾਮਲ ਹਨ। ਇਸ ਮੌਕੇ ਡਾ. ਹਰਮਨਦੀਪ ਕੌਰ, ਪੀ.ਏ. ਦਵਿੰਦਰ ਸਿੰਘ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ ਆਦਿ ਅਧਿਕਾਰੀ ਵੀ ਹਾਜ਼ਰ ਸਨ।

------------

ਬਚਾਅ ਦੇ ਤਰੀਕੇ

-ਬਾਹਰ ਨਿਕਲਦੇ ਸਮੇਂ ਕੁੱਤਿਆਂ ਅਤੇ ਹੋਰ ਆਵਾਰਾ ਜਾਨਵਰਾਂ ਤੋਂ ਸਾਵਧਾਨ ਰਹੋ।

-ਜ਼ਖ਼ਮ ਨੂੰ ਸਾਬਣ ਤੇ ਵਗਦੇ ਪਾਣੀ ਨਾਲ ਤੁਰੰਤ ਧੋਵੋ।

-ਮੌਕੇ 'ਤੇ ਉਪਲੱਬਧ ਡਿਸਇਨਫ਼ੈਕਟੈਂਟ ਆਇਉਡੀਨ/ਸਪਿਰਿਟ ਜਾਂ ਘਰ ਵਿਚ ਉਪਲਭਧ ਐਂਟੀਸੈਪਟਿਕ ਲਗਾਉ।

-ਜ਼ਖ਼ਮ 'ਤੇ ਮਿਰਚਾਂ, ਸਰ੍ਹੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਉ।

-ਜਾਨਵਰ ਦੀ ਨਿਯਮਿਤ ਜਾਂਚ ਅਤੇ ਟੀਕਾਕਰਨ ਕਰਵਾਉ।

-ਪਾਲਤੂ ਜਾਨਵਰਾਂ ਨਾਲ ਦੁਰਵਿਹਾਰ ਨਾ ਕਰੋ, ਲੱਤ ਨਾ ਮਾਰੋ, ਪੂਛ ਨਾ ਖਿੱਚੋ ਅਤੇ ਪੱਥਰ ਨਾ ਮਾਰੋ।

-ਜਾਨਵਰਾਂ ਦੇ ਰੋਗਾਂ ਬਾਰੇ ਜਾਣਕਾਰੀ ਜ਼ਰੂਰੀ ਹੈ। ਜਾਨਵਰਾਂ ਦੇ ਕਰੀਬੀ ਸੰਪਰਕ ਵਿਚ ਨਾ ਆਓ।

-ਪਾਲਤੂ ਜਾਨਵਰਾਂ ਨੂੰ ਲੋੜ ਅਨੁਸਾਰ ਖ਼ੁਰਾਕ ਅਤੇ ਰਹਿਣ ਲਈ ਸੁਰੱਖਿਅਤ ਥਾਂ ਦਿਓ।

-ਕੁੱਤੇ ਦੇ ਭੌਂਕਣ ਜਾਂ ਕੋਲ ਹੋਣ 'ਤੇ ਬਿਨਾਂ ਹਿੱਲੇ ਖੜੇ ਰਹੋ। ਜੇ ਡਿੱਗ ਜਾਂਦੇ ਹੋ ਤਾਂ ਵੀ ਬਿਨਾਂ ਹਿੱਲੇ ਲੇਟੇ ਰਹੋ।