ਇੰਦਰਪ੍ਰੀਤ ਸਿੰਘ, ਚੰਡੀਗੜ੍ਹ : ਤਿੰਨ ਖੇਤੀ ਸੋਧ ਕਾਨੂੰਨਾਂ ਨੂੰ ਲੈ ਕੇ ਕਿਸਾਨ ਸੰਗਠਨਾਂ ਤੇ ਕੇਂਦਰ ਸਰਕਾਰ ਵਿਚਾਲੇ ਬਣੀ ਹੋਈ ਖਿੱਚੋਤਾਣ ਕਾਰਨ ਪੰਜਾਬ 'ਚ ਪਿਛਲੇ ਦੋ ਮਹੀਨਿਆਂ ਤੋਂ ਅਨਾਜ ਦੀ ਸਪਲਾਈ ਦੂਜੇ ਸੂਬਿਆਂ 'ਚ ਨਹੀਂ ਹੋ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਹੋਲੀ ਸਪਲਾਈ ਕਾਰਨ 142.50 ਲੱਖ ਟਨ ਅਨਾਜ ਬਕਾਇਆ ਪਿਆ ਹੋਇਆ ਹੈ, ਜਦਕਿ ਇਸੇ ਸਾਲ 127 ਲੱਖ ਟਨ ਕਣਕ ਆ ਚੁੱਕੀ ਹੈ ਤੇ 120 ਲੱਖ ਟਨ ਚੌਲ ਆਉਣੇ ਹਨ।

ਖੁਰਾਕ ਤੇ ਸਪਲਾਈ ਵਿਭਾਗ ਦੀ ਡਾਇਰੈਕਟਰ ਅਨੰਦਿਤਾ ਮਿਸ਼ਰਾ ਨੇ ਦੱਸਿਆ ਕਿ ਮੰਗਲਵਾਰ ਤੋਂ ਰੇਲਗੱਡੀਆਂ ਸ਼ੁਰੂ ਹੋ ਜਾਣਗੀਆਂ, ਐੱਫਸੀਆਈ 35 ਰੈਕਾਂ ਜ਼ਰੀਏ ਹੋਰ ਸੂਬਿਆਂ ਨੂੰ ਅਨਾਜ ਭੇਜੇ ਜਾਣ ਦੀ ਤਿਆਰੀ ਕਰ ਰਹੀ ਹੈ। ਯਾਤਰੀ ਗੱਡੀਆਂ ਨਾ ਚੱਲਣ ਕਾਰਨ ਹਰ ਰੋਜ਼ 30 ਤੋਂ ਜ਼ਿਆਦਾ ਸਪੈਸ਼ਲ ਰੈਕ ਦੂਜੇ ਸੂਬਿਆਂ ਨੂੰ ਜਾ ਰਹੇ ਸਨ।

ਇਸ ਦਾ ਅੰਦਾਜਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅਪ੍ਰੈਲ ਮਹੀਨੇ 'ਚ 29.50 ਲੱਖ ਟਨ, ਮਈ 'ਚ 20.40, ਜੂਨ 'ਚ 18.58, ਜੁਲਾਈ 'ਚ 24.17 ਤੇ ਅਗਸਤ 'ਚ 29.03 ਤੇ ਸਤੰਬਰ ਮਹੀਨੇ 'ਚ ਵੀ ਅਨਾਜ ਨਾਲ ਭਰੇ ਇਕ ਹਜ਼ਾਰ ਸਪੈਸ਼ਲ ਰੈਕ ਦੂਜੇ ਸੂਬਿਆਂ ਨੂੰ ਬੇਜੇ ਗਏ ਪਰ 24 ਸਤੰਬਰ ਤੋਂ ਬਾਅਦ ਇਹ ਸਪਲਾਈ ਇਕ ਦਮ ਬੰਦ ਹੋ ਗਈ ਤੇ ਇਨ੍ਹਾਂ ਦੋ ਮਹੀਨਿਆਂ 'ਚ ਉਮੀਦ ਕੀਤੀ ਜਾ ਰਹੀ ਸੀ ਕਿ 50 ਤੋਂ 60 ਲੱਖ ਟਨ ਅਨਾਜ ਦੂਜੇ ਸੂਬਿਆਂ ਨੂੰ ਚਲਾ ਜਾਣਾ ਸੀ, ਜੋ ਹੁਣ ਪੰਜਾਬ 'ਚ ਹੀ ਪਿਆ ਹੋਇਆ ਹੈ।

ਮੁੱਖ ਮੰਤਰੀ ਨੇ ਪ੍ਰਗਟਾਈ ਚਿੰਤਾ

ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼, ਰਾਜਸਥਾਨ ਸਮੇਤ ਕੁਝ ਹੋਰ ਸੂਬਿਆਂ ਨੇ ਜਦੋਂ ਕੇਂਦਰੀ ਪੂਲ 'ਚ ਆਪਣਾ ਯੋਗਦਾਨ ਦੇਣਾ ਸ਼ੁਰੂ ਕੀਤਾ ਹੈ ਉਦੋਂ ਤੋਂ ਪੰਜਾਬ ਤੇ ਹਰਿਆਣਾ ਤੋਂ ਸਪਲਾਈ ਹੋਲੀ ਹੋ ਗਈ ਹੈ। ਪੰਜਾਬ ਪਿਛਲੇ ਚਾਰ ਸਾਲਾਂ ਤੋਂ ਇਹ ਕਹਿੰਦਾ ਆ ਰਿਹਾ ਹੈ ਕਿ ਅਨਾਜ ਦੀ ਸਪਲਾਈ ਪੰਜਾਬ ਤੋਂ ਤੇਜ਼ ਕਰਵਾਈ ਜਾਵੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਇਸ ਗੱਲ ਬਾਰੇ ਪਿਛਲੇ ਹਫਤੇ ਉਸ ਸਮੇਂ ਚਿਤਾਇਆ ਜਦੋਂ 18 ਦਸੰਬਰ ਨੂੰ ਕਿਸਾਨਾਂ ਨੇ ਸਿਰਫ਼ ਮਾਲ ਗੱਡੀਆਂ ਲਈ ਰਾਹ ਦੇਣ ਦਾ ਫ਼ੈਸਲਾ ਕੀਤਾ ਸੀ। ਕੈਪਟਨ ਨੇ ਕਿਹਾ ਕਿ ਰੇਲ ਸੇਵਾਵਾਂ ਬੰਦ ਹੋਣ ਕਾਰਨ ਪੰਜਾਬ ਤੋਂ ਬਿਹਾਰ ਤੇ ਪੂਰਬ ਉੱਤਰੀ ਸੂਬਿਆਂ 'ਚ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਅਧੀਨ 40 ਲੱਖ ਟਨ ਚੌਲਾਂ ਦੀ ਸਪਲਾਈ ਵੀ ਨਹੀਂ ਹੋ ਸਕੀ, ਜਿਸ ਕਾਰਨ ਕੇਂਦਰ ਸਰਕਾਰ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਤੋਂ ਅਨਾਜ ਲੈਣ ਲੱਗੀ ਹੈ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਇਸ ਨੂੰ ਕਾਨੂੰਨ ਬਣਾ ਦਿੰਦੀ ਹੈ ਤਾਂ ਪੰਜਾਬ ਦੇ ਚੌਲਾਂ ਦਾ ਕੀ ਹੋਵੇਗਾ? ਸਾਡੇ ਕਿਸਾਨਾਂ ਦਾ ਕੀ ਬਣੇਗਾ?

ਦੋ ਮਹੀਨਿਆਂ ਬਾਅਦ ਸੱਤ ਪੈਸੰਜਰ ਗੱਡੀਆਂ ਹੋਣਗੀਆਂ ਰਵਾਨਾ

ਜੇਐੱਨਐੱਨ, ਅੰਮਿ੍ਤਸਰ : ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ 60 ਦਿਨਾਂ ਤੋਂ ਪ੍ਰਭਾਵਿਤ ਰੇਲ ਸੇਵਾ ਮੰਗਲਵਾਰ ਤੋਂ ਮੁੜ ਸ਼ੁਰੂ ਹੋਵੇਗੀ। 24 ਨਵੰਬਰ ਨੂੰ ਸੱਤ ਗੱਡੀਆਂ ਅੰਮਿ੍ਤਸਰ ਆਉਣ ਦੀ ਸੰਭਾਵਨਾ ਹੈ। ਜੋੋ ਟਰੇਨਾਂ ਆਉਣਗੀਆਂ, ਉਹੀ ਇੱਥੋਂ ਯਾਤਰੀਆਂ ਨੂੰ ਲੈ ਕੇ ਵਾਪਸ ਲੈ ਕੇ ਜਾਣਗੀਆਂ।

ਸਥਾਨਕ ਰੇਲੇਵੇ ਪ੍ਰਬੰਧਕਾਂ ਨੇ ਸਟੇਸ਼ਨਾਂ 'ਤੇ ਪੂਰੇ ਪੁਖਤਾ ਪ੍ਰਬੰਧ ਕਰ ਲਏ ਹਨ। ਉਧਰ, ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਟਰੇਨਾਂ ਨੂੰ ਸੈਨੇਟਾਈਜ਼ ਕਰਵਾ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਟਰੇਨਾਂ ਚਲਾਉਣ ਦੀ ਸੂਚਨਾ ਮਿਲਣ 'ਤੇ ਸੋਮਵਾਰ ਨੂੰ ਕਾਫੀ ਲੋਕ ਟਿਕਟਾਂ ਬੁੱਕ ਕਰਵਾਉਣ ਲਈ ਰੇਲਵੇ ਸਟੇਸ਼ਨ ਪੁੱਜੇ ਸਨ। ਉਧਰ, ਮਾਲਗੱਡੀਆਂ ਵੀ ਚਲਾਈਆਂ ਜਾਣਗੀਆਂ, ਜਿਨ੍ਹਾਂ ਲਈ ਸੋਮਵਾਰ ਸਵੇਰੇ ਤਿੰਨ ਵਾਰ ਇਲੈਕਟਿ੍ਕ ਇੰਜਣਾਂ ਦਾ ਟ੍ਰਾਇਲ ਵੀ ਲਿਆ ਗਿਆ।

ਇਹ ਟਰੇਨਾਂ ਹੋਣਗੀਆਂ ਰਵਾਨਾ

ਸਵੇਰੇ 8:10 ਵਜੇ ਟਰੇਨ ਨੰਬਰ 12926 ਪੱਛਮ ਐਕਸਪ੍ਰੈੱਸ ਅੰਮਿ੍ਤਸਰ ਤੋਂ ਮੁੰਬਈ।

ਸਵੇਰੇ 11:55 ਵਜੇ ਟਰੇਨ ਨੰਬਰ 04650 ਸਰੀਆ-ਯਮੁਨਾ ਸਪੈਸ਼ਲ ਅੰਮਿ੍ਤਸਰ ਤੋਂ ਜੈਨਗਰ।

ਰਾਤ 9:35 ਵਜੇ ਟਰੇਨ ਨੰਬਰ 12904 ਗੋਲਡਨ ਟੈਂਪਲ, ਅੰਮਿ੍ਤਸਰ ਤੋਂ ਮੁੰਬਈ।

ਸ਼ਾਮ 4:50 ਵਜੇ ਅੰਮਿ੍ਤਸਰ ਤੋਂ ਨਵੀਂ ਦਿੱਲੀ।

ਸ਼ਾਮ 4:10 ਵਜੇ ਟਰੇਨ ਨੰਬਰ 3308 ਫਿਰੋਜ਼ਪੁਰ ਤੋਂ ਧਨਬਾਦ ਵਾਇਆ ਅੰਮਿ੍ਤਸਰ।

ਸ਼ਾਮ 4:10 ਵਜੇ ਟਰੇਨ ਨੰਬਰ 12422 ਅੰਮਿ੍ਤਸਰ ਤੋਂ ਨਾਂਦੇੜ ਸਾਹਿਬ ਸੁਪਰਫਾਸਟ ਐਕਸਪ੍ਰੈੱਸ।

ਇਸ ਤੋਂ ਇਲਾਵਾ 25 ਨਵੰਬਰ ਨੂੰ ਸਵੇਰੇ 5:35 ਵਜੇ ਟਰੇਨ ਨੰਬਰ 12716 ਅੰਮਿ੍ਤਸਰ ਤੋਂ ਨਾਂਦੇੜ ਸਾਹਿਬ ਲਈ ਰਵਾਨਾ ਹੋਵੇਗੀ।