ਜੇਐੱਸ ਕਲੇਰ, ਜ਼ੀਰਕਪੁਰ :

ਅੱਜ ਸ਼ਾਮ ਸ਼ਹਿਰ 'ਚ ਪਏ ਮੋਹਲੇਧਾਰ ਮੀਂਹ ਨੇ ਹੁੰਮਸ ਭਰੀ ਗਰਮੀ ਤੋਂ ਜਿਥੇ ਲੋਕਾਂ ਨੂੰ ਰਾਹਤ ਦਿਵਾਈ, ਉਥੇ ਹੀ ਸ਼ਹਿਰ ਦੇ ਕਈ ਇਲਾਕੇ ਜਲਥਲ ਹੋਣ ਕਰਕੇ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਕਰੀਬ ਇਕ ਘੰਟਾ ਪਏ ਮੀਂਹ ਨੇ ਲੋਕਾਂ ਦੀ ਰਫ਼ਤਾਰ ਨੂੰ ਵੀ ਬਰੇਕਾਂ ਲਗਾ ਦਿੱਤੀਆਂ ਤੇ ਸੜਕਾਂ 'ਤੇ ਭਰੇ ਪਾਣੀ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਐਤਵਾਰ ਨੂੰ ਬਾਅਦ ਦੁਪਹਿਰ ਕਰੀਬ 4 ਵਜੇ ਬੂੰਦਾਬਾਂਦੀ ਨਾਲ ਸ਼ੁਰੂ ਹੋਇਆ ਮੀਂਹ ਇਕਦਮ ਮੋਹਲੇਧਾਰ ਮੀਂਹ ਦਾ ਰੂਪ ਧਾਰ ਲਿਆ ਤੇ ਵੇਖਦੇ ਹੀ ਵੇਖ ਦੇ ਲੋਕ ਬਰਸਾਤ ਤੋਂ ਬਚਣ ਲਈ ਦੁਕਾਨਾਂ ਅੱਗੇ ਲੱਗੇ ਸ਼ੈੱਡਾਂ ਹੇਠ ਆ ਗਏ। ਦੋਪਹੀਆ ਵਾਹਨ ਸਵਾਰਾਂ ਨੂੰ ਵਧੇਰੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।

ਇੰਨਾ ਹੀ ਨਹੀਂ, ਸੜਕ ਕੰਢੇ ਰੇਹੜੀਆਂ ਲਗਾ ਕੇ ਕਾਰੋਬਾਰ ਕਰਨ ਵਾਲੇ ਵੀ ਮੀਂਹ ਕਾਰਨ ਪ੍ਰਭਾਵਿਤ ਰਹੇ। ਸ਼ਹਿਰ ਦੇ ਜ਼ਿਆਦਾਤਰ ਨੀਵੇਂ ਇਲਾਕੇ ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰ ਗਏ। ਇਸ ਦੌਰਾਨ ਸਭ ਤੋਂ ਜ਼ਿਆਦਾ ਪੇ੍ਸ਼ਾਨੀ ਮੁੱਖ ਬਾਜ਼ਾਰ ਦੇ ਦੁਕਾਨਾਦਾਰਾਂ ਸਮੇਤ ਵੀਆਈਪੀ ਰੋਡ, ਬਲਟਾਣਾ ਰੋਡ, ਢਕੋਲੀ ਰੋਡ, ਦਸ਼ਮੇਸ਼ ਕਲੋਨੀ, ਬਾਦਲ ਕਲੋਨੀ, ਸ਼ਿਵਾਲਿਕ ਵਿਹਾਰ ਰੋਡ ਤੋਂ ਇਲਾਵਾ ਪਟਿਆਲਾ ਚੌਕ ਤੇ ਫਲਾਈਓਵਰ ਹੇਠਾਂ ਸੜਕ 'ਤੇ ਵੱਡੀ ਮਾਤਰਾ 'ਚ ਬਰਸਾਤੀ ਪਾਣੀ ਭਰ ਜਾਣ ਕਾਰਨ ਪੇ੍ਸ਼ਾਨੀ ਝੱਲਣੀ ਪਈ ਅਤੇ ਸ਼ਹਿਰ ਦੀਆਂ ਸੜਕਾਂ 'ਤੇ ਜਾਮ ਲੱਗ ਗਿਆ। ਚੌਕ 'ਚ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਮੀਂਹ ਤੋਂ ਬਗੈਰ ਵੀ ਆਮ ਪਾਣੀ ਖੜ੍ਹ ਜਾਂਦਾ ਹੈ ਅਤੇ ਮੀਂਹ ਦੇ ਪਾਣੀ ਕਾਰਨ ਤਾਂ ਸੜਕ ਤੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ।

ਸ਼ਹਿਰ ਦੇ ਪਾਣੀ ਦੀ ਨਿਕਾਸੀ ਨਾ ਹੋਣ ਦਾ ਮੁੱਖ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਜੋ ਕੌਮੀ ਸ਼ਾਹਰਾਹ ਅਥਾਰਟੀ ਵੱਲੋਂ ਨਿਕਾਸੀ ਲਈ ਡੇ੍ਨ ਬਣਾਈ ਗਈ ਹੈ, ਉਹ ਛੋਟੀ ਹੋਣ ਕਾਰਨ ਪਾਣੀ ਦੀ ਨਿਕਾਸੀ ਝੱਲ ਨਹੀਂ ਰਹੀ ਜਿਸ ਕਾਰਨ ਚੰਡੀਗੜ੍ਹ ਨੂੰ ਜਾਣ ਵਾਲਾ ਲਾਂਘਾ ਪੂਰੀ ਤਰ੍ਹਾਂ ਡੁੱਬਿਆ ਦਿਖਾਈ ਦਿੱਤਾ। ਪਿਛਲੇ ਕਈ ਸਾਲਾਂ ਤੋਂ ਅਤਿ ਮਾੜੇ ਨਿਕਾਸੀ ਪ੍ਰਬੰਧਾਂ ਨਾਲ ਜੂਝ ਰਹੇ ਸ਼ਹਿਰ ਦੇ ਲੋਕਾਂ ਨੂੰ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਇਸ ਸਮੱਸਿਆ 'ਚੋਂ ਬਾਹਰ ਨਹੀਂ ਕੱਢ ਸਕਿਆ। ਮੀਂਹ ਦਾ ਪਾਣੀ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ 'ਚ ਦਾਖ਼ਲ ਹੋ ਗਿਆ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਥਾਵਾਂ 'ਤੇ ਮੀਂਹ ਦਾ ਪਾਣੀ ਕਈ-ਕਈ ਦਿਨ ਤੱਕ ਜਮਾਂ ਰਹਿੰਦਾ ਹੈ ਜਿਸ ਕਰਕੇ ਲੋਕਾਂ ਨੂੰ ਵੱਡੀ ਦਿੱਕਤ ਝੱਲਣੀ ਪੈਂਦੀ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ 'ਚ ਸੁਧਾਰ ਕਰਕੇ ਸਮੱਸਿਆ ਤੋਂ ਨਿਜਾਤ ਦਵਾਉਣ ਦੀ ਮੰਗ ਕੀਤੀ ਹੈ। ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਗਿੱਲ ਨੇ ਕਿਹਾ ਕਿ ਉਹ ਸ਼ਹਿਰ ਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਕੌਂਸਲਰਾਂ ਨੂੰ ਨਾਲ ਲੈ ਕੇ ਜਲਦੀ ਹੀ ਹੱਲ ਕਰਵਾਉਣਗੇ।