ਜੈ ਸਿੰਘ ਛਿੱਬਰ, ਚੰਡੀਗੜ੍ਹ : 'ਸ਼ਹੀਦ ਹੋ ਜਾਵਾਂਗੇ ਪਰ ਪਾਣੀ ਦੀ ਇਕ ਬੂੰਦ ਨਹੀਂ ਦਿਆਂਗੇ।' ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਨੂੰ ਸਮੇਟਦਿਆਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ 16 ਮਾਰਚ ਨੂੰ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਜਾਣਗੇ ਤੇ ਉਨ੍ਹਾਂ ਦੀ ਤਿੰਨ ਸਾਲਾਂ 'ਚ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਕੈਪਟਨ ਨੇ ਕਿਹਾ ਕਿ ਸਾਡੇ ਕੋਲ ਪਾਣੀ ਦੀ ਇਕ ਬੂੰਦ ਵੀ ਵਾਧੂ ਨਹੀਂ ਹੈ। ਰਾਏਪੇਰੀਅਨ ਸਿਧਾਂਤ ਅਨੁਸਾਰ ਗ਼ੈਰ-ਰਾਏਪੇਰੀਅਨ ਰਾਜਾਂ ਨੂੰ ਪਾਣੀ ਦਿੱਤਾ ਨਹੀਂ ਜਾ ਸਕਦਾ। ਪਰ ਪੰਜਾਬ ਨਾਲ ਲਗਾਤਾਰ ਬੇਇਨਸਾਫ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਪਾਣੀ ਲਿਆ ਜਾ ਰਿਹਾ ਹੈ ਤੇ ਆਪਣਾ ਪਾਣੀ ਦੇਣ ਨੂੰ ਤਿਆਰ ਨਹੀ। ਕੈਪਟਨ ਨੇ ਕਿਹਾ ਕਿ ਸਾਂਝੇ ਪੰਜਾਬ ਦੀ ਵੰਡ ਤੋਂ ਬਾਅਦ 60:40 ਦੇ ਅਨੁਪਾਤ ਮੁਤਾਬਿਕ ਹਰ ਸ੍ਰੋਤ ਦੀ ਵੰਡ ਹੋਈ ਸੀ, ਰਾਵੀ ਦਰਿਆ ਤੋਂ ਹਿੱਸੇ ਮੁਤਾਬਿਕ ਪਾਣੀ ਤਾਂ ਲਿਆ ਜਾਂਦਾ ਹੈ, ਪਰ ਯਮੁਨਾ ਵਿਚੋਂ ਕੋਈ ਹਿੱਸਾ ਨਹੀਂ ਦਿੱਤਾ ਜਾ ਰਿਹਾ। ਕੈਪਟਨ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਲਗਾਤਾਰ ਘੱਟ ਰਿਹਾ ਹੈ। ਨਦੀਆਂ 'ਚੋਂ ਪਾਣੀ ਘੱਟ ਗਿਆ ਹੈ, ਇਸ ਲਈ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ। ਕੈਪਟਨ ਨੇ ਕਿਹਾ ਕਿ ਭਾਵੇਂ ਸ਼ਹੀਦ ਹੋ ਜਾਈਏ ਪਰ ਪਾਣੀ ਦੀ ਬੂੰਦ ਨਹੀਂ ਜਾਣ ਦਿਆਂਗੇ।

ਵਿਰੋਧੀ ਧਿਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਸਨ, ਫਿਰ ਵੀ ਨੌਂ ਨੁਕਾਤੀ ਪ੍ਰਰੋਗਰਾਮ ਤਹਿਤ ਪ੍ਰਸ਼ਾਸਕੀ ਸੁਧਾਰ, ਅਮਨ ਕਾਨੂੰਨ ਦੀ ਵਿਵਸਥਾ ਬਹਾਲ ਕਰਨ, ਨਸ਼ੇ ਦਾ ਲੱਕ ਤੋੜਨ, ਦਲਿਤਾਂ, ਔਰਤਾਂ ਅਤੇ ਘੱਟ ਗਿਣਤੀਆਂ ਦੇ ਹਿੱਤ ਲਈ ਸਹੀ ਫ਼ੈਸਲੇ ਲੈਣ, ਆਰਥਿਕ ਹਾਲਾਤ ਠੀਕ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਇੰਡਸਟਰੀ ਆਉਣ ਲੱਗੀ ਹੈ।

ਕਰੋਨਾ ਵਾਇਰਸ ਨੇ ਰੋਕੇ ਸਮਾਰਟ ਫੋਨ!

ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਵਾਅਦੇ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਚੀਨ ਸਰਕਾਰ ਨੂੰ ਫੋਨ ਸਬੰਧੀ ਆਰਡਰ ਕਰ ਦਿੱਤਾ ਗਿਆ ਸੀ, ਪਰ ਕਰੋਨਾ ਵਾਇਰਸ ਕਾਰਨ ਸਮਾਰਟ ਫੋਨ ਰੁਕ ਗਏ ਹਨ। ਜਦੋਂ ਚੀਨ ਦੇ ਹਾਲਾਤ ਠੀਕ ਹੋ ਗਏ ਤਾਂ ਸਮਾਰਟ ਫੋਨ ਆ ਜਾਣਗੇ। ਕੈਪਟਨ ਦੇ ਇਸ ਬਿਆਨ ਨਾਲ ਸਦਨ ਵਿਚ ਹਾਸਾ ਫੈਲ ਗਿਆ।