ਜੇਐੱਨਐੱਨ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਵਿਚਕਾਰ ਬਣੀ ਦੂਰੀ ਨੂੰ ਤੋੜਨ ਦੀ ਕੋਸ਼ਿਸ਼ ਦੌਰਾਨ ਕਾਂਗਰਸ ਦੇ ਪੰਜਾਬ ਮਾਮਲਿਆਂ ਇੰਚਾਰਜ ਹਰੀਸ਼ ਰਾਵਤ (Harish Rawat) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਉਨ੍ਹਾਂ ਦੀ ਥਾਂ ਕੌਣ ਲਵੇਗਾ, ਇਹ ਫ਼ੈਸਲਾ ਖ਼ੁਦ ਕੈਪਟਨ ਹੀ ਕਰਨਗੇ।

ਉਹ ਸਵਾਲ ਦਾ ਜਵਾਬ ਦੇ ਰਹੇ ਸਨ ਕਿ 2017 'ਚ ਕੈਪਟਨ ਨੇ ਕਿਹਾ ਸੀ ਕਿ ਇਹ ਉਨ੍ਹਾਂ ਦੀ ਅੰਤਿਮ ਚੋਣ ਹੈ। ਕੈਪਟਨ ਨੇ ਕਾਂਗਰਸ ਲਈ ਬਹੁਤ ਕੁਝ ਕੀਤਾ ਤੇ ਬਦਲੇ 'ਚ ਬਹੁਤ ਕੁਝ ਦਿੱਤਾ ਹੈ। ਹੁਣ ਕਿਸੇ ਵੀ ਮੋੜ 'ਤੇ ਜਦੋਂ ਉਨ੍ਹਾਂ ਨੂੰ ਲਗੇਗਾ ਕਿ ਬੱਸ, ਬਹੁਤ ਹੋ ਗਿਆ ਤਾਂ ਅਗਲੀ ਪੀੜ੍ਹੀ ਨੂੰ ਕਮਾਨ ਸੌਂਪ ਦੇਣਗੇ। ਉਵੇਂ ਹੀ ਅਗਲੀ ਪੀੜ੍ਹੀ ਨੂੰ ਕਮਾਨ ਸੌਂਪਣ ਲਈ ਕਿਸੇ ਨੂੰ ਤਿਆਰ ਕਰਨਾ ਵੀ ਉਨ੍ਹਾਂ ਦੀ ਹੀ ਜ਼ਿੰਮੇਵਾਰੀ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨਡੀ ਤਿਵਾਰੀ ਤੇ ਉਨ੍ਹਾਂ ਵਿਚਕਾਰ ਕਿਸੇ ਵਿਵਾਦ ਦੀ ਸ਼ਿਕਾਇਤ ਇੰਦਰਾ ਗਾਂਧੀ ਨੂੰ ਕਰਨ ਦਾ ਉਦਾਹਰਨ ਦਿੰਦਿਆਂ ਰਾਵਤ ਨੇ ਕਿਹਾ ਕਿ ਉਦੋਂ ਇੰਦਰਾ ਗਾਂਧੀ ਨੇ ਐੱਨਡੀ ਤਿਵਾਰੀ ਨੂੰ ਕਿਹਾ ਸੀ ਕਿ ਆਪਣੀ ਭਾਵੀ ਪੀੜ੍ਹੀ ਨੂੰ ਤਿਆਰ ਕਰਨਾ ਵੀ ਤਾਂ ਤੁਹਾਡੀ ਜ਼ਿੰਮੇਵਾਰੀ ਹੈ, ਕੀ ਤੁਸੀਂ ਅਜਿਹਾ ਕਰ ਰਹੇ ਹਨ। ਹਰੀਸ਼ ਰਾਵਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੌਕੇ ਹਰ ਪਾਰਟੀ 'ਚ ਆਉਂਦੇ ਹਨ ਤੇ ਮੈਨੂੰ ਲਗਦਾ ਹੈ ਕਿ ਜਿੱਥੇ ਪੁਰਾਣੀ ਪੀੜ੍ਹੀ ਨੂੰ ਅਗਲੀ ਪੀੜ੍ਹੀ ਦੀ ਤਿਆਰੀ ਕਰਵਾਉਣੀ ਹੈ ਉੱਥੇ ਨਵੀਂ ਪੀੜ੍ਹੀ ਨੂੰ ਵੀ ਆਪਣੇ ਸੀਨੀਅਰਜ਼ ਦਾ ਆਦਰ ਕਰਨਾ ਚਾਹੀਦਾ, ਜਿਨ੍ਹਾਂ ਨੇ ਪਾਰਟੀ ਨੂੰ ਇੱਥੇ ਤਕ ਪਹੁੰਚਾਇਆ ਹੈ।

ਹਰੀਸ਼ ਰਾਵਤ ਨੇ ਕਿਹਾ ਕਿ ਖੇਤੀ ਬਿੱਲਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਮੈਨੂੰ ਲਗਦਾ ਹੈ ਕਿ ਉਹ ਸਹੀ ਦਿਸ਼ਾ 'ਚ ਕੰਮ ਕਰ ਰਹੇ ਹਨ। ਕੈਪਟਨ ਨੇ ਵੀ ਸਿੱਧੂ ਨੂੰ ਬਿੱਲਾਂ 'ਤੇ ਬੋਲਣ ਦਾ ਮੌਕਾ ਦਿੱਤਾ। ਰਾਵਤ ਨੇ ਕਿਹਾ ਕਿ ਮੈਂ ਦੋਵਾਂ ਵਿਚਕਾਰ ਕੋਈ ਵਿਚੋਲਗੀ ਨਹੀਂ ਕਰ ਰਿਹਾ ਹਾਂ, ਉਹੀ ਕਰ ਰਿਹਾ ਹਾਂ, ਜੋ ਮੇਰੀ ਪ੍ਰਧਾਨ ਨੇ ਮੈਨੂੰ ਕਰਨ ਨੂੰ ਕਿਹਾ ਹੈ। ਜੇ ਮੈਨੂੰ ਲੱਗੇਗਾ ਕਿ ਕੋਈ ਗੱਲ ਪਾਰਟੀ ਖ਼ਿਲਾਫ਼ ਹੋ ਰਹੀ ਹੈ ਤਾਂ ਮੈਨੂੰ ਕੋਈ ਦੂਸਰਾ ਕੰਮ ਵੀ ਪਤਾ ਹੈ।

ਪਾਰਟੀ ਸੰਸਦ ਰਵਨੀਤ ਬਿੱਟੂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਾਰਟੀ ਬਣਾਉਣ ਦੀ ਸਲਾਹ ਦੇਣ ਦੇ ਬਾਰੇ 'ਚ ਉਨ੍ਹਾਂ ਕਿਹਾ ਕਿ ਕੁਝ ਕੰਮ ਤਾਂ ਸਾਡੇ ਲਈ ਹੋਣਾ ਚਾਹੀਦਾ, ਨਹੀਂ ਤਾਂ ਮੈਂ ਬੇ-ਕੰਮ ਹੋ ਜਾਵਾਂਗਾ। ਸਿੱਧੂ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਤੇ ਸ਼ਮਸ਼ੇਰ ਸਿੰਘ ਦੁਲੋ (Shamsher Singh Dulo) ਵਰਗੇ ਆਗੂਆਂ 'ਤੇ ਵੀ ਉਨ੍ਹਾਂ ਕਿਹਾ ਕਿ ਇਹ ਲੋਕ ਪਾਰਟੀ ਦੇ ਖੰਭਾ ਹਨ ਤੇ ਜੋ ਵੀ ਹੱਲ ਕੱਢਿਆ ਜਾਵੇਗਾ, ਇਨ੍ਹਾਂ ਨੂੰ ਨਾਲ ਲੈ ਕੇ ਹੀ ਕੱਢਿਆ ਜਾਵੇਗਾ।

Posted By: Amita Verma