ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਜਦੋਂ ਇਸ ਗੱਲ ’ਤੇ ਸਹਿਮਤ ਹੋ ਗਈ ਹੈ ਕਿ ਬੰਦੀ ਸਿੰਘਾਂ ਨਾਲ ਅਨਿਆਂ ਹੋ ਰਿਹਾ ਹੈ ਤਾਂ ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਰੰਭੀ ਹਸਤਾਖ਼ਰ ਮੁਹਿੰਮ ’ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਹਸਤਾਖਰ ਕੀਤੇ ਜਾਣ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸ੍ਰੀ ਸ਼ੇਖਾਵਤ ਨੇ ਬੰਦੀ ਸਿੰਘਾਂ ਨਾਲ ਹੋਏ ਅਨਿਆਂ ਦੇ ਮਾਮਲੇ ਵਿਚ ਉਹਨਾਂ ਦੀ ਰਿਹਾਈ ਦੇ ਫਾਰਮ ’ਤੇ ਹਸਤਾਖਰ ਕੀਤੇ ਹਨ ਤੇ ਉਹਨਾਂ ਦੀ ਬੰਦੀ ਨੂੰ ਗੈਰ ਕਾਨੂੰਨੀ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਗੈਰ ਸੰਵਿਧਾਨਕ ਮੰਨਿਆ ਹੈ।

ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਸ੍ਰੀ ਸੇ਼ਖਾਵਤ ਜੋ ਪੰਜਾਬ ਭਾਜਪਾ ਦੇ ਇੰਚਾਰਜ ਵੀ ਹਨ, ਉਹ ਸਾਰੀ ਗੱਲ ਨਾਲ ਸਹਿਮਤ ਹਨ ਕਿ ਇਹ ਧੱਕੇਸ਼ਾਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਲਈ ਬੰਦੀ ਸਿੰਘਾਂ ਦੀ ਰਿਹਾਈ ਕਰਨਾ ਉਸਦਾ ਫਰਜ਼ ਵੀ ਹੈ।ਉਹਨਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਕਿਸੇ ਵੀ ਤਰੀਕੇ ਜੇਲ੍ਹਾਂ ਵਿਚ ਹੋਰ ਜ਼ਿਆਦਾ ਸਮੇਂ ਤੱਕ ਡੱਕਿਆ ਨਹੀਂ ਰੱਖਿਆ ਜਾ ਸਕਦਾ।

Posted By: Jagjit Singh