* ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਹੋਵੇਗੀ ਤੇਜ਼ ਬਾਰਿਸ਼

ਜੇਐੱਨਐੱਨ, ਚੰਡੀਗੜ੍ਹ : ਇਸ ਵਾਰ ਮਾਨਸੂਨ ਸੀਜ਼ਨ 'ਚ ਕਾਫੀ ਚੰਗੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਸ਼ਨਿਚਰਵਾਰ ਤੋਂ ਅਗਲੇ ਚਾਰ ਦਿਨ ਪੂਰੇ ਰੀਜ਼ਨ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ 'ਚ ਜਿੱਥੇ ਆਮ ਬਾਰਿਸ਼ ਹੋਵੇਗੀ। ਉਥੇ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮਿ੍ਤਸਰ, ਜਲੰਧਰ, ਹੁਸ਼ਿਆਰਪੁਰ, ਮੋਹਾਲੀ ਤੇ ਫਾਜ਼ਿਲਕਾ 'ਚ ਭਾਰੀ ਬਾਰਿਸ਼ ਹੋ ਸਕਦੀ ਹੈ। ਉਥੇ ਹਰਿਆਣਾ ਦੇ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕਰਨਾਲ, ਕੈਥਲ, ਕੁਰੂਕਸ਼ੇਤਰ, ਸਿਰਸਾ, ਫ਼ਤਿਹਾਬਾਦ, ਗੁਰੂਗ੍ਰਾਮ, ਰੋਹਤਕ, ਪਾਣੀਪਤ ਤੇ ਸੋਨੀਪਤ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ 45 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣ ਦੀ ਸੰਭਾਵਨਾ ਹੈ। ਚੰਡੀਗੜ੍ਹ ਦੇ ਮੌਸਮ ਦੀ ਗੱਲ ਕਰੀਏ ਤਾਂ ਚੰਡੀਗੜ੍ਹ 'ਚ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.8 ਡਿਗਰੀ ਸੈਲਸੀਅਸ ਦਰਜ ਕੀਤਾ, ਜੋ ਕਿ ਆਮ ਤਾਪਮਾਨ ਤੋਂ ਇਕ ਡਿਗਰੀ ਘੱਟ ਸੀ, ਉਥੇ ਘੱਟ ਤੋਂ ਘੱਟ ਤਾਪਮਾਨ 27.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਤਾਪਮਾਨ ਨਾਲੋਂ ਚਾਰ ਡਿਗਰੀ ਸੈਲਸੀਅਸ ਘੱਟ ਸੀ। ਪਿਛਲੇ 24 ਘੰਟਿਆਂ 'ਚ ਸ਼ਹਿਰ 'ਚ 0.8 ਐੱਮਐੱਮ ਬਾਰਿਸ਼ ਹੋਈ।