* ਸ਼ਹਿਰ 'ਚ ਸ਼ਾਮ ਛੇ ਵਜੇ ਤਕ ਹੋਈ 50 ਐੱਮਐੱਮ ਬਾਰਿਸ਼

* ਸਵੇਰ ਦੇ ਸਮੇਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਤੇ ਸ਼ਾਮ ਤਕ ਪੁੱਜਾ 31.9 ਡਿਗਰੀ

ਜੇਐੱਨਐੱਨ, ਚੰਡੀਗੜ੍ਹ : ਸ਼ਹਿਰ 'ਚ ਐਤਵਾਰ ਨੂੰ ਹੋਈ ਬਾਰਿਸ਼ ਨਾਲ ਮੌਸਮ ਸੁਹਾਵਨਾ ਹੋ ਗਿਆ। ਇਸ ਨਾਲ ਸ਼ਹਿਰ 'ਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਸ਼ਹਿਰ ਦਾ ਤਾਪਮਾਨ 31.9 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਅੱਠ ਡਿਗਰੀ ਘੱਟ ਰਿਹਾ। ਉਥੇ ਘੱਟ ਤੋਂ ਘੱਟ ਤਾਪਮਾਨ 22.3 ਡਿਗਰੀ ਦਰਜ ਕੀਤਾ ਗਿਆ। ਉਥੇ ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਸ਼ਹਿਰ 'ਚ ਅੱਜ ਵੀ ਬਾਰਿਸ਼ ਹੋਣ ਦੇ ਆਸਾਰ ਹਨ। ਪਰ ਮੰਗਲਵਾਰ ਤੋਂ ਸ਼ਹਿਰ 'ਚ ਬਾਰਿਸ਼ ਹੋਣ ਦੇ ਆਸਾਰ ਘੱਟ ਹੈ। ਸ਼ਨਿਚਰਵਾਰ ਨੂੰ ਦੇਰ ਰਾਤ ਹੋਈ ਬਾਰਿਸ਼ ਮਗਰੋਂ ਐਤਵਾਰ ਸਵੇਰ ਤੋਂ ਅਸਮਾਨ 'ਚ ਬੱਦਲ ਛਾਏ ਰਹੇ। ਦਿਨ 'ਚ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਦੀ ਰਹੀ। ਸੁਹਾਵਨਾ ਮੌਸਮ ਦਾ ਆਨੰਦ ਲੋਕ ਦਿਨ ਭਰ ਸ਼ਹਿਰ ਦੀਆਂ ਪਾਰਕਾਂ ਤੇ ਸੁਖਨਾ ਝੀਲ 'ਤੇ ਲੈਂਦੇ ਹੋਏ ਵਿਖਾਈ ਦਿੱਤੇ। ਉਥੇ ਸ਼ਾਮ ਲਗਪਗ ਚਾਰ ਵਜੇ ਸ਼ਹਿਰ 'ਚ ਬਾਰਿਸ਼ ਸ਼ੁਰੂ ਹੋ ਗਈ। ਇਸ ਦੌਰਾਨ ਵੀ ਸੜਕਾਂ 'ਤੇ ਛੱਤਰੀ ਲੈ ਕੇ ਨਿਕਲਦੇ ਹੋਏ ਲੋਕ ਵਿਖਾਈ ਦਿੱਤੇ। ਸ਼ਹਿਰ 'ਚ ਸ਼ਾਮ ਲਗਪਗ ਛੇ ਵਜੇ ਤਕ ਕੁੱਲ 50 ਐੱਮਐੱਮ ਬਾਰਿਸ਼ ਦਰਜ ਹੋਈ, ਜੋ ਪੰਜਾਬ ਤੇ ਹਰਿਆਣਾ ਤੋਂ ਜ਼ਿਆਦਾ ਰਹੀ।

ਆਉਣ ਵਾਲੇ ਦਿਨਾਂ 'ਚ ਸ਼ਹਿਰ ਦਾ ਮੌਸਮ

- ਸੋਮਵਾਰ ਨੂੰ ਸ਼ਹਿਰ 'ਚ ਬੱਦਲ ਛਾਏ ਰਹਿਣ ਦੇ ਨਾਲ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਰਹਿਣ ਦੀ ਸੰਭਾਵਨਾ ਹੈ।

- ਮੰਗਲਵਾਰ ਤੇ ਬੁੱਧਵਾਰ ਨੂੰ ਅਸਮਾਨ 'ਚ ਬੱਦਲ ਛਾਏ ਰਹਿਣਗੇ, ਪਰ ਬਾਰਿਸ਼ ਹੋਣ ਦੇ ਆਸਾਰ ਘੱਟ ਹਨ। ਉਥੇ ਵੱਧ ਤੋਂ ਵੱਧ ਤਾਪਮਾਨ ਵੱਧ ਕੇ 35 ਡਿਗਰੀ ਰਹਿਣ ਦੀ ਸ਼ੰਕਾ ਹੈ।