* ਸ਼ਨਿਚਰਵਾਰ ਤਕ ਸ਼ਹਿਰ ਦਾ ਤਾਪਮਾਨ 31 ਡਿਗਰੀ ਰਹਿਣ ਦੀ ਸੰਭਾਵਨਾ

* ਬੁੱਧਵਾਰ ਨੂੰ ਸ਼ਹਿਰ 'ਚ ਪਈ ਤੇਜ਼ ਧੁੱਪ, ਵੱਧ ਤੋਂ ਵੱਧ ਤਾਪਮਾਨ 42.9 ਡਿਗਰੀ ਦਰਜ

ਜੇਐੱਨਐੱਨ, ਚੰਡੀਗੜ੍ਹ : ਗਰਮੀ ਤੇ ਲੂ ਤੋਂ ਪਰੇਸ਼ਾਨ ਲੋਕਾਂ ਲਈ ਮੌਸਮ ਵਿਭਾਗ ਨੇ ਚੰਗੀ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ, ਆਉਣ ਵਾਲੇ ਦਿਨਾਂ 'ਚ ਸ਼ਹਿਰ ਅੰਦਰ ਤੇ ਗੁਆਂਢੀ ਸੂਬਿਆਂ 'ਚ ਚੰਗੀ ਬਾਰਿਸ਼ ਹੋਣ ਦੇ ਆਸਾਰ ਬਣੇ ਹੋਏ ਹਨ। 25 ਮਈ ਤੋਂ ਸ਼ੁਰੂ ਹੋਏ ਨੌਤਪਾ 'ਚ ਪੈ ਰਹੀ ਤੇਜ਼ ਧੁੱਪ ਤੇ ਗਰਮੀ ਤੋਂ ਹਰ ਕੋਈ ਪਰੇਸ਼ਾਨ ਵਿਖਾਈ ਦਿੱਤਾ। ਲੋਕ ਆਪਣੇ ਘਰਾਂ ਤੋਂ ਬਾਹਰ ਘੱਟ ਤੇ ਅੰਦਰ ਜ਼ਿਆਦਾ ਵਿਖਾਈ ਦੇ ਰਹੇ ਸਨ। ਪਰ ਹੁਣ ਬਾਰਿਸ਼ ਦੇ ਨਾਲ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਸ਼ਹਿਰ 'ਚ ਬਾਰਿਸ਼ ਹੋਣ ਦੇ ਆਸਾਰ ਬਣੇ ਹੋਏ ਹਨ। ਅਗਲੇ ਤਿੰਨ ਦਿਨ ਸ਼ਹਿਰ 'ਚ ਬਾਰਿਸ਼ ਵੇਖਣ ਨੂੰ ਮਿਲ ਸਕਦੀ ਹੈ। ਬਾਰਿਸ਼ ਕਾਰਨ ਅਗਲੇ ਤਿੰਨ ਦਿਨਾਂ 'ਚ ਸ਼ਹਿਰ ਦਾ ਤਾਪਮਾਨ ਜੋ ਬੁੱਧਵਾਰ ਨੂੰ 42.2 ਡਿਗਰੀ ਦਰਜ ਕੀਤਾ ਗਿਆ ਉਹ ਘੱਟ ਕੇ 31 ਡਿਗਰੀ ਤਕ ਰਹਿ ਸਕਦਾ ਹੈ। ਤਾਪਮਾਨ 'ਚ ਆਉਣ ਵਾਲੇ ਦਿਨਾਂ 'ਚ 12 ਡਿਗਰੀ ਤਕ ਦੀ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ। ਬੁੱਧਵਾਰ ਨੂੰ ਵੀ ਸ਼ਹਿਰ 'ਚ ਗਰਮੀ ਨੇ ਲੋਕਾਂ ਦਾ ਹਾਲ-ਬੇਹਾਲ ਕਰ ਦਿੱਤਾ। ਲੋਕ ਗਰਮੀ ਤੇ ਲੂ ਤੋਂ ਪਰੇਸ਼ਾਨ ਵਿਖਾਈ ਦਿੱਤੇ। ਇਸ ਦੌਰਾਨ ਲੋਕ ਮੂੰਹ 'ਤੇ ਕੱਪੜਾ ਬੰਨ੍ਹ ਕੇ ਤੇ ਛੱਤਰੀ ਲੈ ਕੇ ਜਾਂਦੇ ਵਿਖਾਈ ਦਿੱਤੇ। ਸ਼ਹਿਰ ਦੀ ਮਾਰਕੀਟ ਭਲੇ ਹੀ ਹੁਣ ਖੁੱਲ੍ਹ ਗਈ ਹੋਵੇ, ਪਰ ਦੁਪਹਿਰ ਵੇਲੇ ਉਥੇ ਵੀ ਭੀੜ ਘੱਟ ਹੀ ਵਿਖਾਈ ਦੇ ਰਹੀ ਹੈ। ਦੁਪਹਿਰ ਦੇ ਸਮੇਂ ਲੋਕ ਇਨੀਂ ਦਿਨੀਂ ਆਪਣੇ ਘਰਾਂ 'ਚ ਹੀ ਦੁਬਕੇ ਹੋਏ ਹਨ। ਲੂ ਤੋਂ ਅੱਖਾਂ ਨੂੰ ਬਚਾਉਣ ਲਈ ਲੋਕ ਐਨਕਾ ਲਗਾ ਕੇ ਚੱਲ ਰਹੇ ਹਨ। ਉਥੇ ਦਿਨ 'ਚ ਸ਼ਹਿਰ ਦੇ ਪਾਰਕਾਂ ਤੇ ਸੁਖਨਾ ਝੀਲ 'ਤੇ ਵੀ ਹੁਣ ਲੋਕਾਂ ਦੀ ਭੀੜ ਘੱਟ ਹੀ ਰਹਿੰਦੀ ਹੈ।

ਸ਼ਾਮ ਹੁੰਦੇ ਹੀ ਬਦਲਿਆ ਮੌਸਮ

ਦਿਨ ਭਰ ਜਿੱਥੇ ਲੋਕ ਗਰਮੀ ਨਾਲ ਜੂਝਦੇ ਹੋਏ ਵਿਖਾਈ ਦਿੱਤੇ ਤਾਂ ਉਥੇ ਸ਼ਾਮ ਹੁੰਦੇ-ਹੁੰਦੇ ਮੌਸਮ 'ਚ ਬਦਲਾਅ ਵਿਖਾਈ ਦਿੱਤਾ। ਸ਼ਾਮ ਲਗਪਗ ਸਾਢੇ ਛੇ ਵਜੇ ਅਸਮਾਨ 'ਚ ਹਲਕੇ ਬੱਦਲ ਛਾ ਗਏ। ਉਥੇ ਜਿੱਤੇ ਰਾਤ ਨੂੰ ਵੀ ਚੱਲਣ ਵਾਲੀ ਹਵਾ ਪਹਿਲਾ ਗਰਮ ਲੱਗਦੀ ਸੀ ਓਹੀ ਸ਼ਾਮ ਨੂੰ ਰਾਹਤ ਦੇਣ ਵਾਲੀ ਠੰਢੀ ਹਵਾ ਚੱਲ ਪਈ।

ਆਉਣ ਵਾਲੇ ਦਿਨਾਂ ਦਾ ਤਾਪਮਾਨ

* ਵੀਰਵਾਰ ਨੂੰ ਸ਼ਹਿਰ 'ਚ ਬਾਰਿਸ਼ ਹੋਣ ਦੇ ਨਾਲ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਤਕ ਰਹਿਣ ਦੀ ਸੰਭਾਵਨਾ ਹੈ।

* ਸ਼ੁੱਕਰਵਾਰ ਨੂੰ ਅਸਮਾਨ 'ਚ ਬੱਦਲ ਛਾਏ ਰਹਿਣਗੇ। ਬਾਰਿਸ਼ ਹੋਣ ਦੇ ਨਾਲ ਤਾਪਮਾਨ ਵੱਧ ਤੋਂ ਵੱਧ 36 ਡਿਗਰੀ ਰਹਿਣ ਦੀ ਉਮੀਦ ਹੈ।

* ਸ਼ਨਿਚਰਵਾਰ ਨੂੰ ਵੀ ਸ਼ਹਿਰ 'ਚ ਬਾਰਿਸ਼ ਹੋਣ ਦੇ ਆਸਾਰ ਹਨ ਤਾਂ ਉਥੇ ਵੱਧ ਤੋਂ ਵੱਧ ਤਾਪਮਾਨ ਘੱਟ ਹੋ ਕੇ 31 ਡਿਗਰੀ ਤਕ ਰਹਿ ਸਕਦਾ ਹੈ।