ਜ. ਸ., ਚੰਡੀਗੜ੍ਹ : ਸ਼ਹਿਰ 'ਚ ਹੁਣ ਪਾਣੀ ਦੀ ਦੁਰਵਰਤੋਂ ਕਰਨ 'ਤੇ ਚਾਲਾਨ ਨਹੀਂ ਕੱਟਿਆ ਜਾਵੇਗਾ। ਨਗਰ ਨਿਗਮ ਵਲੋਂ ਪਾਣੀ ਬਰਬਾਦ ਕਰਨ ਵਾਲਿਆਂ ਖਿਲਾਫ ਜੋ ਮੁਹਿੰਮ ਵਿੱਢੀ ਗਈ ਸੀ, ਉਸਨੂੰ ਬੰਦ ਕਰ ਦਿੱਤਾ ਗਿਆ ਹੈ। ਨਿਗਮ ਨੇ 15 ਅਪ੍ਰਰੈਲ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਸੀ, ਜੋ ਕਿ 30 ਜੂਨ ਤਕ ਚਲਾਈ ਗਈ। ਇਸ ਮੁਹਿੰਮ 'ਚ ਪਾਣੀ ਕਰਨ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਲਈ ਟੀਮਾਂ ਦਾ ਵੀ ਗਠਨ ਕੀਤਾ ਗਿਆ ਸੀ।

30 ਜੂਨ ਤਕ 1720 ਲੋਕਾਂ ਨੂੰ ਪਾਣੀ ਬਰਬਾਦ ਕਰਦਿਆਂ ਫੜਿਆ ਗਿਆ ਸੀ, ਜਿਨ੍ਹਾਂ 'ਚੋਂ ਕੇਵਲ 125 ਲੋਕਾਂ ਦੇ ਪੰਜ-ਪੰਜ ਹਜ਼ਾਰ ਰੁਪਏ ਦੇ ਜੁਰਮਾਨੇ ਕਰਕੇ ਸਵਾ 6 ਲੱਖ ਰੁਪਏ ਇਕੱਠੇ ਕੀਤੇ ਗਏ ਸਨ ਅਤੇ ਬਾਕੀਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਦੋ ਹਜ਼ਾਰ ਰੁਪਏ ਦਾ ਚਾਲਾਨ ਕੱਟਿਆ ਜਾਂਦਾ ਸੀ। ਵਟਰ ਬਾਇਲਾਜ 'ਚ ਸੋਧ ਕਰਦੇ ਹੋਏ ਜੁਰਮਾਨੇ ਵਧਾ ਦਿਤੇ ਗਏ ਹਨ। ਸ਼ਹਿਰ 'ਚ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਇਹ ਮੁਹਿੰਮ ਚਲਾਈ ਜਾਂਦੀ ਹੈ।

--------------

ਗੱਡੀਆਂ ਧੋਣ ਅਤੇ ਬਗੀਚਿਆਂ 'ਚ ਸਿੰਚਾਈ 'ਤੇ ਲੱਗੀ ਪਾਬੰਦੀ ਹਟੀ

ਨਗਰ ਨਿਗਮ ਵਲੋਂ 30 ਜੂਨ ਤਕ ਗੱਡੀਆਂ ਧੋਣ ਤੇ ਬਗੀਚਿਆਂ 'ਚ ਪਾਣੀ ਨਾਲ ਸਿੰਚਾਈ ਕਰਨ 'ਤੇ ਪਾਬੰਦੀ ਲਾਈ ਗਈ ਸੀ, ਹੁਣ ਇਹ ਪਾਬੰਦੀ ਹਟਾ ਦਿੱਤੀ ਗਈ ਹੈ। ਮੁਹਿੰਮ ਦੌਰਾਨ ਜੇਕਰ ਕਿਸੇ ਦੇ ਕੂਲਰ ਅਤੇ ਛੱਤ 'ਤੇ ਰੱਖੀ ਟੈਂਕੀ ਵੀ ਓਵਰਫਲੋਅ ਹੁੰਦੀ ਮਿਲੀ ਤਾਂ ਉਸਦਾ ਵੀ ਚਾਲਾਨ ਕੱਟਿਆ ਗਿਆ। ਟੁੱਲੂ ਪੰਪ ਲਗਾਉਣ ਵਾਲਿਆਂ 'ਤੇ ਵੀ ਕਾਰਵਾਈ ਕੀਤੀ ਗਈ।

----------

ਵਾਟਰ ਸਪਲਾਈ ਕਮੇਟੀ ਨਹੀਂ ਬਣਾਈ ਗਈ

ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਸ ਵਾਰ ਵਾਟਰ ਸਪਲਾਈ ਕਮੇਟੀ ਦਾ ਗਠਨ ਨਹੀਂ ਹੋਇਆ। ਇਸਦਾ ਕਾਰਨ ਨਾਮਜ਼ਦ ਕੌਂਸਲਰਾਂ ਦੀ ਹੁਣ ਤਕ ਨਿਯੁਕਤੀ ਨਾ ਹੋਣਾ ਦੱਸਿਆ ਜਾ ਰਿਹਾ ਹੈ, ਜਦਕਿ ਕਮੇਟੀ ਦਾ ਗਠਨ ਕਰਨ ਲਈ ਇਹ ਜ਼ਰੂਰੀ ਨਹੀਂ ਹੈ। ਸੇਵਾਮੁਕਤ ਕੌਂਸਲਰਾਂ ਨੂੰ ਵੀ ਮੈਂਬਰ ਬਣਾ ਕੇ ਕਮੇਟੀ ਦਾ ਗਠਨ ਕੀਤਾ ਜਾ ਸਕਦਾ ਸੀ। ਇਸ ਸਮੇਂ ਸ਼ਹਿਰ 'ਚ ਪਾਣੀ ਦੀ ਕਿੱਲਤ ਹੈ, ਉੱਪਰ ਦੀਆਂ ਮੰਜ਼ਿਲਾਂ 'ਚ ਪਾਣੀ ਦਾ ਪ੍ਰਰੈਸ਼ਰ ਲੋਅ ਰਹਿੰਦਾ ਹੈ।