ਸੁਰਜੀਤ ਸਿੰਘ ਕੋਹਾੜ, ਲਾਲੜੂ

ਲਾਲੜੂ-ਧਰਮਗੜ੍ਹ ਸੰਪਰਕ ਸੜਕ 'ਤੇ ਮੁਹੱਲਾ ਸਰਦਾਰਪੁਰਾ ਕੋਲ ਬਣੇ ਗੰਦੇ ਪਾਣੇ ਦੇ ਨਿਕਾਸ ਲਈ ਨਾਲੇ ਵਿਚ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਨਾਲੇ ਦਾ ਪਾਣੀ ਆਸ-ਪਾਸ ਦੇ ਖ਼ਾਲੀ ਪਲ਼ਾਟਾਂ ਵਿਚ ਇਕੱਠਾ ਹੋ ਰਿਹਾ ਹੈ, ਇੱਥੋਂ ਤਕ ਕਿ ਕਈਂ ਥਾਵਾਂ ਉੱਤੇ ਛੱਪੜਾਂ ਦਾ ਰੂਪ ਧਾਰ ਚੁੱਕਿਆ ਇਹ ਗੰਦਾ ਪਾਣੀ ਹੌਲੀ ਹੌਲੀ ਝੀਲ ਬਣਦਾ ਜਾ ਰਿਹਾ ਹੈ, ਜਿਸ ਕਾਰਨ ਕਈਂ ਰਿਹਾਇਸ਼ੀ ਕਾਲੋਨੀਆਂ ਦੇ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਲੋਕਾਂ ਨੇ ਲਾਏ ਦੋਸ਼

ਕਾਲੋਨੀ ਵਾਸੀ ਹਰਵਿੰਦਰ ਸਿੰਘ ਝਾਰਮੜੀ, ਮੋਹਨ ਸਿੰਘ ਫ਼ੌਜੀ, ਸੁਰਿੰਦਰ ਸਿੰਘ, ਮੇਘ ਰਾਜ, ਨਰਿੰਦਰ ਸਿੰਘ, ਵਰਿੰਦਰ ਸਿੰਘ, ਹਰਜਿੰਦਰ ਸਿੰਘ, ਅਮਰਦੀਪ ਸਿੰਘ, ਪਵਨ ਕੁਮਾਰ, ਗੁਲਜ਼ਾਰ ਸਿੰਘ ਆਦਿ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਵੱਲੋਂ ਧਰਮਗੜ੍ਹ ਰੋਡ ਦੇ ਨਾਲ ਬਣੇ ਗੰਦੇ ਪਾਣੀ ਦੇ ਨਾਲੇ ਨੂੰ ਸਹੀ ਤਰੀਕੇ ਨਾਲ ਨਹੀਂ ਬਣਾਇਆ ਗਿਆ ਹੈਉਨ੍ਹਾਂ ਅੱਗੇ ਕਿਹਾ ਕਿ ਇਸ ਨਾਲੇ ਨੂੰ ਬਣਾਉਣ ਵੇਲੇ ਨਾ ਤਾਂ ਇਸ ਦੇ ਪੱਧਰ ਦਾ ਧਿਆਨ ਰੱਖਿਆ ਗਿਆ ਹੈ ਅਤੇ ਨਾ ਹੀ ਇਸ ਦੇ ਪਾਣੀ ਦੀ ਸਹੀ ਨਿਕਾਸੀ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ, ਜਿਸ ਦਾ ਖ਼ਾਮਿਆਜ਼ਾ ਇਥੇ ਰਹਿਣ ਵਾਲੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਰਦਾਰਪੁਰਾ, ਅਮਰਪੁਰੀ ਕਾਲੋਨੀ ਸਮੇਤ ਹੋਰ ਕਾਲੋਨੀਆਂ ਵਾਲੇ ਇਸ ਨਾਲੇ ਨੂੰ ਸਹੀ ਤਰੀਕੇ ਨਾਲ ਬਣਾਉਣ ਦੀ ਮੰਗ ਉਠਾ ਚੁੱਕੇ ਹਨ ਪਰ ਨਗਰ ਕੌਂਸਲ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਦੱਸਿਆ ਕਿ ਨਾਲੇ ਵਿਚ ਭਰੀ ਗੰਦਗੀ ਕਾਰਨ ਪਾਣੀ ਦੀ ਨਿਕਾਸੀ ਵੀ ਨਹੀਂ ਹੋ ਰਹੀ ਅਤੇ ਬਰਸਾਤ ਪੈਣ 'ਤੇ ਇਸ ਨਾਲੇ ਦੀ ਸਾਰੀ ਗੰਦਗੀ ਨਾਲੀਆਂ ਰਾਹੀਂ ਵਾਪਸ ਘਰਾਂ ਵਿਚ ਚਲੀ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਉਨ੍ਹਾਂ ਕਿਹਾ ਕਿ ਉਕਤ ਨਾਲੇ ਦਾ ਸਾਰਾ ਗੰਦਾ ਪਾਣੀ ਰਾਠੀ ਸਕੂਲ ਦੇ ਸਾਹਮਣੇ ਖਾਲੀ ਥਾਂ ਵਿਚ ਇਕੱਠਾ ਹੋ ਰਿਹਾ ਹੈ ਜੋ ਹੁਣ ਇਕ ਝੀਲ ਦਾ ਰੂਪ ਧਾਰਦਾ ਜਾ ਰਿਹਾ ਹੈ, ਜਿਸ ਨਾਲ ਜਿੱਥੇ ਹਰ ਵੇਲੇ ਬਦਬੂ ਮਾਰਦੀ ਰਹਿੰਦੀ ਹੈ, ਉਥੇ ਇਸ ਵਿਚ ਪਲ ਰਹੇ ਮੱਖੀ-ਮੱਛਰ, ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਅਤੇ ਇਸ ਦਾ ਗੰਦਾ ਪਾਣੀ ਕਸਬੇ ਦੇ ਲੋਕਾਂ ਲਈ ਕਈ ਸਮੱਸਿਆਵਾਂ ਦਾ ਕਾਰਨ ਬਣਦਾ ਜਾ ਰਿਹਾ ਹੈ ਇਕ ਪਾਸੇ ਤਾਂ ਪ੍ਰਸ਼ਾਸਨ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਆਪਣੇ ਆਸ-ਪਾਸ ਗੰਦਾ ਪਾਣੀ ਨਾ ਖੜ੍ਹਾ ਹੋਣ ਦੇਣ ਦਾ ਉੱਚੀ-ਉੱਚੀ ਪਾਠ ਪੜ੍ਹਾ ਰਿਹਾ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਦਾ ਇਸ ਗੰਦੇ ਪਾਣੀ ਦੇ ਬਣੇ ਇਸ ਛੱਪੜ ਵੱਲ ਕੋਈ ਧਿਆਨ ਨਹੀਂ ਜਾ ਰਿਹਾ ਲੋਕ ਇਸ ਸਮੱਸਿਆ ਤੋਂ ਕਾਫ਼ੀ ਸਮੇਂ ਤੋਂ ਜੂਝ ਰਹੇ ਹਨ ਪਰ ਪ੍ਰਸ਼ਾਸਨ ਸ਼ਾਇਦ ਇਸ ਸਮੱਸਿਆ ਤੋਂ ਜਾਣ ਬੁੱਝ ਕੇ ਪਾਸਾ ਵੱਟਦਾ ਨਜ਼ਰ ਆ ਰਿਹਾ ਹੈ

ਕਾਰਜ ਸਾਧਕ ਅਫਸਰ ਦਾ ਪੱਖ

ਸੰਪਰਕ ਕਰਨ 'ਤੇ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫ਼ਸਰ ਬਰਜਿੰਦਰ ਸਿੰਘ ਨੇ ਕਿਹਾ ਕਿ ਉਹ ਛੇਤੀ ਨਾਲੇ ਦੀ ਸਫ਼ਾਈ ਕਰਵਾ ਦੇਣਗੇ ਤਾਂ ਜੋ ਪਾਣੀ ਦੀ ਨਿਕਾਸੀ ਸਹੀ ਹੋ ਸਕੇ