ਐੱਸ.ਏ.ਐੱਸ. ਨਗਰ : ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲੀ ਸਿੱਖਿਆ ਦੀ ਗੁਣਾਤਮਕਤਾ ਨੂੰ ਵਧਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸੰਬੰਧੀ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ 22 ਜਨਵਰੀ ਨੂੰ ਸ਼ਾਮ 6 ਵਜੇ ਵੈਬੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵੈਬੀਨਾਰ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੇਜਰ ਡਾ. ਗੁਲਸ਼ਨ ਸ਼ਰਮਾ ਡਾਇਰੈਕਟਰ ਜਨਰਲ ਆਈ.ਸੀ.ਐੱਸ.ਆਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਰੂਬਰੂ ਹੋਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਨਵ-ਨਿਯੁਕਤ ਸਕੂਲ ਮੁਖੀਆਂ ਦੀ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਵੱਲੋਂ ਅੰਤਰਰਾਸ਼ਟਰੀ ਪੱਧਰ ਦੀ ਪ੍ਰੇਰਨਾਦਾਇਕ ਅਤੇ ਪ੍ਰਬੰਧਨ ਸਿਖਲਾਈ ਸਫਲਤਾਪੂਰਵਕ ਕਰਵਾਈ ਗਈ।

ਪਿਛਲੇ ਦਿਨੀ ਹੋਈ ਮੀਟਿੰਗ ਵਿੱਚ ਸਕੂਲ ਮੁਖੀਆਂ ਨੇ ਸੁਝਾਅ ਦਿੱਤੇ ਕਿ ਅਜਿਹੀਆਂ ਵਰਕਸ਼ਾਪਾਂ ਅਤੇ ਓਰੀਐਂਟੇਸ਼ਨ ਲੈਕਚਰ ਵਿਭਾਗ ਵੱਲੋਂ ਨਿਰੰਤਰ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਸਕੂਲ ਮੁਖੀ ਅਤੇ ਅਧਿਆਪਕ ਵਿਦਿਆਰਥੀਆਂ ਨੂੰ ਉਤਸ਼ਾਹ ਨਾਲ ਅਗਵਾਈ ਦਿੰਦੇ ਰਹਿਣ। ਇਹਨਾਂ ਸੁਝਾਵਾਂ ਦੇ ਮੱਦੇਨਜ਼ਰ ਵਿਭਾਗ ਵੱਲੋਂ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਬੁਲਾਰੇ ਅਤੇ ਮਾਣ ਮੱਤੀ ਸ਼ਖ਼ਸ਼ੀਅਤ ਮੇਜਰ ਡਾ. ਗੁਲਸ਼ਨ ਸ਼ਰਮਾ ਡਾਇਰੈਕਟਰ ਜਨਰਲ – ਆਈ.ਸੀ.ਐੱਸ.ਆਈ (ਇੰਟਰਨੈਸ਼ਨਲ ਚੈਂਬਰ ਫਾਰ ਸਰਵਿਸ ਇੰਡਸਟਰੀ) ਦਾ ਮਿਤੀ 22 ਜਨਵਰੀ, 2021 ਸ਼ਾਮ 6 ਵਜੇ (ਦਿਨ ਸ਼ੁੱਕਰਵਾਰ) ਨੂੰ ਸਮੂਹ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿੱਦਿਅਕ ਖੇਤਰ ਵਿੱਚ ਉਸਾਰੂ ਪਹੁੰਚ ਅਪਣਾਉਣ ਹਿੱਤ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਡਾ. ਗੁਲਸ਼ਨ ਸ਼ਰਮਾ ਅੰਤਰਰਾਸ਼ਟਰੀ ਪੱਧਰ 'ਤੇ ਅਨੇਕਾਂ ਵਾਰ ਵਿਸ਼ਵ ਵਿਆਪੀ ਸਿੱਖਿਆ ਅਤੇ ਉਦਯੋਗਿਕ ਸ਼ਸ਼ਕਤੀਕਰਨ ਦੇ ਸੁਮੇਲ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਮੁਸ਼ਕਿਲਾਂ ਦਾ ਹੱਲ ਕਰਨ ਲਈ ਉਤਸਾਹਿਤ ਕਰਨ ਪ੍ਰਤੀ ਲੈਕਚਰ ਕਰ ਚੁੱਕੇ ਹਨ। ਮੇਜਰ ਡਾ. ਗੁਲਸ਼ਨ ਸ਼ਰਮਾ ਬਚਪਨ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹੇ ਹਨ।

ਉਹਨਾਂ ਨੇ ਸੈਨਾ ਵਿੱਚ ਕਮਿਸ਼ਨ ਲਿਆ ਅਤੇ ਸੇਵਾ ਮੁਕਤ ਹੋਏ। ਉਹਨਾਂ ਸੇਵਾ ਉਦਯੋਗ ਵਿਸ਼ੇ 'ਤੇ ਪੀ.ਐੱਚ.ਡੀ ਕੀਤੀ। ਭਾਰਤ ਸਰਕਾਰ ਵਿੱਚ ਸੈਰ-ਸਪਾਟਾ ਮੰਤਰਾਲੇ ਦੇ ਵਿਚ ਕਾਰਜ ਕਰਦਿਆਂ ਰਾਸ਼ਟਰੀ ਸੰਸਥਾ ਦੀ ਸਥਾਪਨਾ ਕਰਵਾਈ। ਉਹਨਾਂ ਨੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਐੱਮ.ਬੀ.ਏ. (ਸੈਰ-ਸਪਾਟਾ) ਦਾ ਪਾਠਕ੍ਰਮ ਵੀ ਤਿਆਰ ਕੀਤਾ। ਮੇਜਰ ਡਾ. ਗੁਲਸ਼ਨ ਸ਼ਰਮਾ ਦੇ ਯਤਨਾਂ ਸਦਕਾ ਨਾਲ ਤਕਨੀਕੀ ਨਿਖ਼ਾਰ ਸਕੂਲ ਵਿਕਸਿਤ ਹੋਇਆ ਜਿਸ ਵਿੱਚ ਅਧਿਆਪਕਾਂ ਅਤੇ ਨੌਜਵਾਨਾਂ ਨੂੰ ਸੇਵਾ ਉਦਯੋਗ ਲਈ ਤਿਆਰ ਕੀਤਾ ਜਾ ਰਿਹਾ ਹੈ।

ਸਿੱਖਿਆ ਵਿਭਾਗ ਵੱਲੋਂ ਇਸ ਵੈਬੀਨਾਰ ਵਿੱਚ ਭਾਗ ਲੈਣ ਲਈ ਯੂਟਿਊਬ ਲਿੰਕ https://youtu.be/qv3nsDNdmqg ਵੀ ਸਾਂਝਾ ਕੀਤਾ ਗਿਆ ਹੈ।

ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿੱ./ਐ.ਸਿੱ.) ਨੂੰ ਉਪਰੋਕਤ ਲਿੰਕ ਰਾਹੀਂ ਆਪ ਵੀ ਇਸ ਵੈਬੀਨਾਰ ਵਿੱਚ ਸ਼ਾਮਲ ਹੋਣ ਅਤੇ ਆਪਣੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨਾਲ ਵੀ ਇਸ ਵੈਬੀਨਾਰ ਦੇ ਲਿੰਕ ਨੂੰ ਸਾਂਝਾ ਕਰਕੇ ਵੱਧ ਤੋਂ ਵੱਧ ਇਸ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਹੈ।

Posted By: Jagjit Singh