SIR ਪ੍ਰਤੀ ਵੋਟਰਾਂ ਦੀ ਬੇਰੁਖ਼ੀ: ਪੰਜਾਬ ’ਚ 80 ਲੱਖ ਤੋਂ ਵੱਧ ਵੋਟਰਾਂ ਦੀ ਮੈਪਿੰਗ ਅਜੇ ਵੀ ਬਾਕੀ, ਵਿਆਹੀਆਂ ਔਰਤਾਂ ਤੇ ਪਤਾ ਬਦਲਣ ਵਾਲੇ ਪਰਿਵਾਰਾਂ ਲਈ ਵਧੀ ਚਿੰਤਾ
ਪੰਜਾਬ ’ਚ ਵੋਟਰ ਲਿਸਟਾਂ ਦੀ ਸੁਧਾਈ, ਸਪੈਸ਼ਲ ਇੰਟੈਂਸਿਵ ਰਵੀਜ਼ਨ (ਐੱਸ.ਆਈ.ਆਰ.) ਦਾ ਕੰਮ ਸ਼ੁਰੂ ਹੋ ਚੁੱਕਾ ਹੈ ਪਰ ਵੋਟਰ ਆਪਣੀ ਵੋਟ ਨੂੰ ਲੈ ਕੇ ਖਾਸ ਦਿਲਚਸਪੀ ਨਹੀਂ ਦਿਖਾ ਰਹੇ। ਹਾਲਾਂਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਐਤਵਾਰ ਨੂੰ ਸੂਬੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਪ ਲਗਾਏ ਗਏ ਤਾਂ ਜੋ ਵੋਟਰ ਆਪਣੀਆਂ ਵੋਟਾਂ 2003 ਦੀ ਵੋਟਰ ਸੂਚੀ ਨਾਲ ਮਿਲਾਣ ਕਰ ਸਕਣ ਪਰ ਇਨ੍ਹਾਂ ਬੂਥਾਂ ’ਤੇ ਸਾਰਾ ਦਿਨ ਬੀ.ਐੱਲ.ਓ. ਬੈਠੇ ਰਹੇ ਅਤੇ ਟਾਵਾਂ-ਟਾਵਾਂ ਵੋਟਰ ਹੀ ਆਪਣੀਆਂ ਵੋਟਾਂ ਤੇ ਵੋਟਰਾਂ ਲਿਸਟਾਂ ਚੈੱਕ ਕਰਨ ਲਈ ਪੁੱਜਾ।
Publish Date: Tue, 09 Jun 2026 08:42 AM (IST)
Updated Date: Tue, 09 Jun 2026 08:46 AM (IST)

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ। ਪੰਜਾਬ ’ਚ ਵੋਟਰ ਲਿਸਟਾਂ ਦੀ ਸੁਧਾਈ, ਸਪੈਸ਼ਲ ਇੰਟੈਂਸਿਵ ਰਵੀਜ਼ਨ (ਐੱਸ.ਆਈ.ਆਰ.) ਦਾ ਕੰਮ ਸ਼ੁਰੂ ਹੋ ਚੁੱਕਾ ਹੈ ਪਰ ਵੋਟਰ ਆਪਣੀ ਵੋਟ ਨੂੰ ਲੈ ਕੇ ਖਾਸ ਦਿਲਚਸਪੀ ਨਹੀਂ ਦਿਖਾ ਰਹੇ। ਹਾਲਾਂਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਐਤਵਾਰ ਨੂੰ ਸੂਬੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਪ ਲਗਾਏ ਗਏ ਤਾਂ ਜੋ ਵੋਟਰ ਆਪਣੀਆਂ ਵੋਟਾਂ 2003 ਦੀ ਵੋਟਰ ਸੂਚੀ ਨਾਲ ਮਿਲਾਣ ਕਰ ਸਕਣ ਪਰ ਇਨ੍ਹਾਂ ਬੂਥਾਂ ’ਤੇ ਸਾਰਾ ਦਿਨ ਬੀ.ਐੱਲ.ਓ. ਬੈਠੇ ਰਹੇ ਅਤੇ ਟਾਵਾਂ-ਟਾਵਾਂ ਵੋਟਰ ਹੀ ਆਪਣੀਆਂ ਵੋਟਾਂ ਤੇ ਵੋਟਰਾਂ ਲਿਸਟਾਂ ਚੈੱਕ ਕਰਨ ਲਈ ਪੁੱਜਾ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਐਤਵਾਰ ਨੂੰ ਇੱਕ ਲੱਖ 10 ਹਜ਼ਾਰ 193 ਵੋਟਰਾਂ ਦੀ ਮੈਪਿੰਗ ਕੀਤੀ ਗਈ ਹੈ। ਜੇਕਰ ਵੋਟਰਾਂ ਨੇ ਅਜਿਹੀ ਸੁਸਤੀ ਰੱਖੀ ਤਾਂ ਸੂਬੇ ਵਿਚ 2003 ਤੋਂ ਬਾਅਦ ਪਰਵਾਸ ਕਰ ਕੇ ਆਏ ਲੋਕਾਂ, ਆਪਣਾ ਸਥਾਨ ਬਦਲਣ ਵਾਲੇ ਪਰਿਵਾਰਾਂ ਖਾਸ ਕਰ ਕੇ ਔਰਤਾਂ ਦੀਆਂ ਵੋਟਾਂ ਕੱਟੀਆ ਜਾ ਸਕਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਪੜ੍ਹੇ ਲਿਖੇ ਲੋਕ ਵੀ ਐੱਸ.ਸੀ.ਆਰ. ਨੂੰ ਲੈ ਕੇ ਗੰਭੀਰ ਨਹੀਂ ਹਨ।
ਦਿਲਚਸਪ ਗੱਲ ਹੈ ਕਿ ਹੁਕਮਰਾਨ ਧਿਰ ਦੇ ਸਿਰਮੌਰ ਆਗੂਆਂ ਵੱਲੋਂ ਪਿਛਲੇ ਸਮੇਂ ਦੌਰਾਨ ਪਾਰਟੀ ਦੇ ਆਗੂਆਂ, ਵਰਕਰਾਂ ਨਾਲ ਦੋ-ਤਿੰਨ ਮੀਟਿੰਗਾਂ ਕਰ ਕੇ ਐੱਸ.ਸੀ.ਆਰ. ਵੱਲ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਗਿਆ ਹੈ ਪਰ ਜ਼ਮੀਨੀ ਹਕੀਕਤ ਹੈ ਕਿ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਪੰਜਾਬੀ ਜਾਗਰਣ ਦੇ ਇਸ ਪ੍ਰਤੀਨਿੱਧ ਨੇ ਐੱਤਵਾਰ ਨੂੰ ਬਹੁਤ ਸਾਰੇ ਬੂਥਾਂ ਦਾ ਦੌਰਾ ਕੀਤਾ ਤੇ ਦੇਖਿਆ ਕਿ ਬੀ.ਐੱਲ.ਓ. ਆਪਣੇ-ਆਪਣੇ ਬੂਥਾਂ ’ਤੇ ਬੈਠੇ ਵੋਟਰਾਂ ਦਾ ਇੰਤਜ਼ਾਰ ਕਰਦੇ ਰਹੇ, ਫੋਨ ਕਰਦੇ ਰਹੇ ਪਰ ਲੋਕਾਂ ਨੇ ਖਾਸ ਦਿਲਚਸਪੀ ਨਹੀਂ ਦਿਖਾਈ। ਇਕ ਬੀ.ਐੱਲ.ਓ. ਨੇ ਲੋਕਾਂ ਦੀ ਲਾਪਰਵਾਹੀ ਬਾਰੇ ਦੱਸਿਆ ਕਿ ਜਦੋਂ ਉਨ੍ਹਾਂ (ਵੋਟਰਾਂ) ਨੂੰ ਡਾਟਾ ਦਾ ਮਿਲਾਨ ਨਾ ਹੋਣ ’ਤੇ ਵੋਟ ਕੱਟੇ ਜਾਣ ਬਾਰੇ ਦਲੀਲ ਦਿੱਤੀ ਤਾਂ ਅੱਗਿਓਂ ਜਵਾਬ ਆਇਆ ਕਿ ਜਿਸ ਨੂੰ ਲੋੜ ਹੋਵੇਗੀ ਆਪੇ ਬਣਾ ਲਵੇਗਾ। ਭਾਵ ਵੋਟਰਾਂ ਵੱਲੋਂ ਵੋਟਾਂ ਬਣਾਉਣ ਦੀ ਜ਼ਿੰਮੇਵਾਰੀ ਸਿਆਸੀ ਲੋਕਾਂ ’ਤੇ ਸੁੱਟੀ ਜਾ ਰਹੀ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸੂਬੇ ਵਿਚ 2,14,57,160 ਦੇ ਕਰੀਬ ਵੋਟਰ ਹਨ। ਮੁੱਖ ਚੋਣ ਅਫ਼ਸਰ ਅਨੰਦਿਤਾ ਮਿੱਤਰਾ ਦਾ ਦਾਅਵਾ ਹੈ ਕਿ 1 ਕਰੋੜ 14 ਲੱਖ, 56 ਹਜ਼ਾਰ 656 ਦੇ ਕਰੀਬ ਵੋਟਰਾਂ ਦੀ ਮੈਪਿੰਗ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਐਤਵਾਰ ਨੂੰ ਲਏ ਗਏ ਵਿਸ਼ੇਸ਼ ਕੈਂਪ ਦੌਰਾਨ ਇੱਕ ਲੱਖ 10 ਹਜ਼ਾਰ 193 ਵੋਟਰਾਂ ਦੀ ਮੈਪਿੰਗ ਕੀਤੀ ਗਈ ਹੈ। ਜੇਕਰ ਇਸ ਅੰਕੜੇ ’ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਅਜੇ ਵੀ 80-90 ਲੱਖ ਦੇ ਕਰੀਬ ਵੋਟਰਾਂ ਦੀ ਮੈਪਿੰਗ ਪੈਡਿੰਗ ਪਈ ਹੈ।
ਉਧਰ ਮੁੱਖ ਚੋਣ ਅਫ਼ਸਰ ਪੰਜਾਬ ਅਨੰਦਿਤਾ ਮਿੱਤਰਾ ਦੇ ਨਾਂਅ ’ਤੇ ਜਾਰੀ ਬਿਆਨ ਅਨੁਸਾਰ ਐਤਵਾਰ ਨੂੰ ਸਾਰੇ 24453 ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਾਏ ਗਏ। ਉਨ੍ਹਾਂ ਕਿਹਾ ਕਿ ਐੱਤਵਾਰ ਨੂੰ ਇੱਕ ਲੱਖ 10 ਹਜ਼ਾਰ 193 ਵੋਟਰਾਂ ਦੀ ਮੈਪਿੰਗ ਕੀਤੀ ਗਈ ਹੈ ਇਸ ਨਾਲ ਮੈਪਿੰਗ ਦਾ ਅੰਕੜਾ 85 ਫੀਸਦੀ ਪਾਰ ਹੋ ਗਿਆ ਹੈ।
ਕਿਵੇਂ ਹੋਣੀ ਹੈ ਮੈਪਿੰਗ
ਚੋਣ ਕਮਿਸ਼ਨ ਨੇ ਇਕ ਜਨਵਰੀ 2003 ਦੀਆਂ ਵੋਟਰ ਸੂਚੀਆਂ ਨੂੰ ਮੈਪਿੰਗ ਲਈ ਮੌਜੂਦਾ ਵੋਟਰ ਸੂਚੀਆਂ ਨਾਲ ਜੋੜਿਆ ਹੈ। ਯਾਨੀ 2003 ਤੋਂ ਬਾਅਦ ਦੇ ਵੋਟਰਾਂ ਨੂੰ ਆਪਣੇ ਪਰਿਵਾਰ ਦੀਆਂ ਜਿਹਨਾਂ ਦੀਆਂ 2003 ਦੀ ਵੋਟਰ ਸੂਚੀ ਵਿਚ ਵੋਟ ਹੈ, ਉਸ ਦਾ ਰਿਕਾਰਡ ਬੀ.ਐੱਲ.ਓ. ਜਾਂ ਚੋਣ ਅਧਿਕਾਰੀਆਂ ਨੂੰ ਦਿਖਾਉਣਾ ਪਵੇਗਾ।
ਇਸ ਵਿਚ ਸੱਭ ਤੋਂ ਵੱਡੀ ਔਖ ਜਿਹਨਾਂ ਦੇ ਵਿਆਹ 2002-03 ਤੋਂ ਬਾਅਦ ਹੋਏ ਹਨ, ਉਨ੍ਹਾਂ ਨੂੰ ਆ ਰਹੀ ਹੈ। ਜ਼ਿਆਦਾਤਰ ਲੜਕੀਆਂ ਦੀ ਵੋਟਾਂ ਆਪਣੇ ਪੇਕੇ ਪਰਿਵਾਰ ਵਿਚ ਸਨ, ਤੇ ਹੁਣ ਉਨ੍ਹਾਂ ਨੂੰ ਆਪਣੇ ਪੇਕਿਆ ਤੋਂ ਪਰਿਵਾਰ ਦੀਆਂ ਵੋਟਾਂ ਦਾ ਰਿਕਾਰਡ ਲੈ ਕੇ ਆਉਣਾ ਪਵੇਗਾ ਜਾਂ ਫਿਰ ਜਿਹੜੇ ਪਰਿਵਾਰਾਂ ਨੇ ਐੱਡਰੈੱਸ ਬਦਲਿਆ ਹੈ ਤੇ ਉਹਨਾਂ ਦੀ 2003 ਵਿਚ ਜਿੱਥੇ ਵੋਟ ਸੀ, ਉਹ ਦਿਖਾਉਣੀ ਪਵੇਗੀ।
ਬੀ.ਐੱਲ.ਓ. ਨੇ ਦੱਸਿਆ ਕਿ ਔਰਤਾਂ ਇਸ ਮਾਮਲੇ ਵਿਚ ਦਿਲਚਸਪੀ ਨਹੀਂ ਦਿਖਾ ਰਹੀਆਂ। ਜੇਕਰ ਇਹੀ ਹਾਲ ਰਿਹਾ ਤਾਂ ਬਹੁਤ ਸਾਰੀਆਂ ਔਰਤਾਂ, ਲੜਕੀਆਂ ਦੀਆਂ ਵੋਟਾਂ ਕੱਟੀਆਂ ਜਾ ਸਕਦੀਆਂ ਹਨ।