ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪੰਚਾਇਤ ਵਿਭਾਗ ਅਧੀਨ ਆਉਂਦੀਆਂ ਸਰਕਾਰੀ ਪੇਂਡੂ ਡਿਸਪੈਂਸਰੀਆਂ 'ਚ ਪਿਛਲੇ 14 ਸਾਲਾਂ ਤੋਂ ਠੇਕੇ 'ਤੇ ਕੰਮ ਰਹੇ ਫਾਰਮਾਸਿਸਟ ਪਰਿਵਾਰਾਂ ਦੀ ਦੀਵਾਲੀ ਇਸ ਵਾਰ ਵੀ ਫਿੱਕੀ ਰਹੇਗੀ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜੋਤ ਰਾਮ ਮਦਨੀਪੁਰ ਨੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੇ ਮੁਲਾਜ਼ਮ ਮਾਰੂ ਨੀਤੀਆਂ ਕਾਰਨ ਸਮੂਹ ਫਾਰਮਾਸਿਸਟ ਹਰ ਸਾਲ ਵਾਂਗ ਇਸ ਸਾਲ ਵੀ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹਨ।

ਉਨ੍ਹਾਂ ਕਿਹਾ ਕਿ ਪਿਛਲੇ 14 ਸਾਲਾਂ ਤੋਂ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਦਾ ਆਰਥਿਕ ਸੋਸ਼ਣ ਕਰਦੀਆਂ ਆ ਰਹੀਆਂ ਹਨ ਤੇ ਸਮੂਹ ਫਾਰਮਾਸਿਸਟ ਨਿਗੁਣੀਆਂ ਤਨਖਾਹਾਂ 'ਤੇ ਆਪਣੇ ਘਰ ਪਰਿਵਾਰ ਦਾ ਗੁਜ਼ਾਰਾ ਕਰਨ 'ਚ ਅਸਮਰਥ ਹਨ। ਇਸ ਲਈ ਉਨ੍ਹਾਂ ਦੇ ਪਰਿਵਾਰਾਂ ਲਈ ਦੀਵਾਲੀ ਤੇ ਹੋਰ ਤਿਉਹਾਰਾਂ ਵੇਲੇ ਖੁਸ਼ੀ ਦਾ ਮਾਹੌਲ ਨਹੀਂ ਹੈ। ਉਨ੍ਹਾਂ ਮੌਜੂਦਾ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਫਾਰਮਾਸਿਸਟਾਂ ਨੂੰ ਪਹਿਲ ਦੇ ਆਧਾਰ 'ਤੇ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਲਗਪਗ 3 ਸਾਲ ਬੀਤਣ ਤੋਂ ਬਾਅਦ ਵੀ ਹੁਣ ਤਕ ਨਾ ਤਾਂ ਰੈਗੂਲਰ ਕੀਤਾ ਜਾਂ ਰਿਹਾ ਤੇ ਨਾ ਹੀ ਯੋਗ ਤਨਖਾਹ ਦਿੱਤੀ ਜਾਂ ਰਹੀ।