ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਵਿਜੈ ਸਾਂਪਲਾ ਦਾ ਕਹਿਣਾ ਹੈ ਕਿ ਪੰਜਾਬ ਦੇ 18 ਜ਼ਿਲ੍ਹੇ ਨਸ਼ੇ ਦੀ ਲਪੇਟ 'ਚ ਹਨ। ਭਾਰਤ ਸਰਕਾਰ ਦੀ ਲਿਸਟ ਅਨੁਸਾਰ ਦੇਸ਼ ਦੇ 272 ਜ਼ਿਲਿ੍ਆਂ 'ਚ ਨਸ਼ੇ ਦੀ ਸੂਚੀ 'ਚ ਆ ਗਏ ਹਨ, ਜੋ ਨਸ਼ੇ ਦੀ ਲਪੇਟ 'ਚ ਹਨ।

ਉਨ੍ਹਾਂ ਦੱਸਿਆ ਕਿ ਫ਼ਰੀਦਕੋਟ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਪਠਾਨਕੋਟ, ਸੰਗਰੂਰ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਨਵਾਂਸ਼ਹਿਰ, ਤਰਨਤਾਰਨ ਤੇ ਹੁਸ਼ਿਆਰਪੁਰ ਜ਼ਿਲਿ੍ਹਆਂ ਵਿਚ ਨਸ਼ਿਆਂ ਦੀ ਜ਼ਿਆਦਾ ਬਹੁਤਾਤ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰਨ ਦਾ ਚੋਣ ਵਾਅਦਾ ਕੀਤਾ ਸੀ, ਪਰ ਤਿੰਨ ਸਾਲ ਬੀਤਣ 'ਤੇ ਵੀ ਨਸ਼ਾ ਖ਼ਤਮ ਕਰਨ 'ਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਬਿਲਕੁਲ ਵੀ ਗੰਭੀਰ ਨਹੀਂ ਹਨ, ਜੇਕਰ ਹੁੰਦੇ ਤਾਂ 26 ਜੂਨ ਨੂੰ ਅੰਤਤਰਾਸ਼ਟਰੀ ਨਸ਼ਾ ਵਿਰੋਧੀ ਦਿਹਾੜੇ ਮੌਕੇ ਕੁਝ ਵੱਡਾ ਆਨਲਾਈਨ ਪ੍ਰੋਗਰਾਮ ਕਰਦੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਅੰਕੜੇ ਦੱਸਦੇ ਹਨ ਕਿ ਓਟ ਕਲੀਨਿਕ 'ਤੇ ਨਸ਼ਾ ਛੱਡਣ ਲਈ ਬੀਤੇ ਤਿੰਨ ਸਾਲ ਵਿਚ ਕੁੱਲ ਰਜਿਸਟਰਡ ਗਿਣਤੀ 544125 'ਚੋਂ 23 ਫ਼ੀਸਦੀ 120504 ਸਿਰਫ਼ 23 ਮਾਰਚ ਤੋਂ 17 ਜੂਨ 2020 'ਚ ਰਜਿਸਟਰਡ ਹੋਏ ਹਨ। ਇਨ੍ਹਾਂ ਅੰਕੜਿਆਂ ਨੂੰ ਦੱਸਦਿਆਂ ਪੰਜਾਬ ਦੇ ਇਕ ਮੰਤਰੀ ਆਪਣੇ ਬਿਆਨ 'ਲਾਕਡਾਊਨ ਨਾਲ ਨਸ਼ੇ ਦੀ ਕਮਰ ਟੁੱਟੀ ਹੈ' ਵਿਚ ਖੁਦ ਮੰਨ ਰਹੇ ਹਨ। ਇਸ ਦਾ ਮਤਲਬ ਹੈ ਕਿ ਪੰਜਾਬ ਸਰਕਾਰ ਆਪ ਮੰਨਦੀ ਹੈ ਕਿ ਪਿਛਲੇ ਤਿੰਨ ਸਾਲਾਂ 'ਚ ਉਹ ਨਸ਼ੇ ਦਾ ਲੱਕ ਨਹੀਂ ਤੋੜ ਪਾਈ। ਇਸ ਮੌਕੇ 'ਤੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਤੇ ਵਿਨੀਤ ਜੋਸ਼ੀ ਹਾਜ਼ਰ ਸਨ।